ਸ੍ਰੀ ਮੁਕਤਸਰ ਸਾਹਿਬ 10 ਦਸੰਬਰ
ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ , ਚੰਡੀਗੜ੍ਹ ਦੀ ਦਿਸ਼ਾ ਨਿਰੇਦਸ ਅਨੁਸਾਰ ਜਿਲ੍ਹਾ ਕਾਨੂੰਨੀ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਪਿੰਡ ਕਾਉਣੀ ਵਿਖੇ ਕੌਮਾਤਰੀ ਮਨੁੱਖੀ ਅਧਿਕਾਰ ਦਿਵਸ ਸਬੰਧੀ ਪ੍ਰੋਗਰਾਮ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸ੍ਰੀ ਰਾਜ ਕੁਮਾਰ ਜਿਲਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਮੁਕਤਸਰ ਸਾਹਿਬ ਨੇ ਕੀਤੀ । ਇਸ ਮੌਕੇ ਡਾ. ਗਗਨਦੀਪ ਕੌਰ ਸੀ.ਜੇ.ਐੱਮ/ਸਕੱਤਰ ਵੀ ਨਾਲ ਹਾਜਰ ਸਨ।
ਸੈਸ਼ਨ ਜੱਜ ਸਾਹਿਬ ਵੱਲੋ ਦੱਸਿਆ ਗਿਆ ਕਿ ਮਨੁੱਖੀ ਅਧਿਕਾਰ ਸਾਨੂੰ ਇਸ ਵਿਚਾਰ ਤੇ ਆਪਣਾ ਵਿਚਾਰ ਪ੍ਰਗਟਾਉਣ ਦਾ ਮੌਕਾ ਦਿੰਦਾ ਹੈ ਕਿ ਇੱਕ ਇਨਸਾਨ ਹੋਣ ਦਾ ਕੀ ਅਰਥ ਹੈ ਅਤੇ ਮਾਨਵਤਾ ਦੇ ਬੁਨਿਆਦੀ ਸਵੈ-ਮਾਣ ਚ ਵਾਧਾ ਕਰਨ ਵਿੱਚ ਸਾਡੀ ਕੀ ਭੂਮਿਕਾ ਹੈ, ਕਿ ਮਨੁੱਖੀ ਅਧਿਕਾਰਾਂ ਦਾ ਸਰਬਵਿਆਪਕ ਐਲਾਨਨਾਮਾ ਉਨ੍ਹਾਂ ਸਾਰੇ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਗੱਲ ਕਰਦਾ ਹੈ, ਜਿਨ੍ਹਾਂ ਉੱਤੇ ਹਰੇਕ ਮਨੁੱਖ ਦਾ ਅਧਿਕਾਰ ਹੈ। ਇਨ੍ਹਾਂ ਅਧਿਕਾਰਾਂ ਨੂੰ ਕੋਈ ਨਹੀਂ ਖੋਹ ਸਕਦਾ ਤੇ ਇਹ ਸਿਰਫ ਇਸ ਤੱਥ ਤੇ ਨਿਰਭਰ ਕਰਦਾ ਹੈ ਕਿ ਹਰੇਕ ਵਿਅਕਤੀ ਮਨੁੱਖਤਾ ਨਾਲ ਸਬੰਧਿਤ ਹੈ, ਉਹ ਭਾਵੇਂ ਕਿਸੇ ਵੀ ਨਸਲ, ਲਿੰਗ, ਰਾਸ਼ਟਰੀਅਤਾ, ਧਰਮ, ਭਾਸ਼ਾ ਤੇ ਹੋਰ ਵਰਗ-ਵੰਡਾਂ ਨਾਲ ਸਬੰਧਿਤ ਹੋਵੇ। ਇਸ ਐਲਾਨ ਨਾਲ ਪੂਰੀ ਦੁਨੀਆਂ ਦੇ ਲੋਕਾਂ ਨੇ ਮਨੁੱਖੀ ਸਵੈ-ਮਾਣ ਦੀ ਇੱਕ ਪਹਿਚਾਣ ਬਣਾਈ ਹੈ, ਭਾਵੇਂ ਇਹ ਸਦੀਆਂ ਤੋਂ ਸਾਡੀਆਂ ਰੂਹਾਨੀ ਰਵਾਇਤਾਂ ਦਾ ਹਿੱਸਾ ਰਹੀ ਹੈ। ਇਹ ਅਧਿਕਾਰ ਹਰ ਮਨੁੱਖ ਨੂੰ ਸ਼ਾਂਤਮਈ ਅਤੇ ਖੁਸ਼ੀ ਭਰਪੂਰ ਜੀਵਨ ਬਤੀਤ ਕਰਨ ਦੇਣ ਦੀ ਇੱਛਾ ਨਾਲ ਦਿੱਤੇ ਗਏ ਹਨ, ਪਰ ਜੇ ਦੂਜੇ ਲਫਜ਼ਾਂ ਵਿੱਚ ਕਿਹਾ ਜਾਵੇ ਤਾਂ ਇਹ ਅਧਿਨਿਯਮ ਇਕ ਮਨੁੱਖ ਉਤੇ ਦੂਜੇ ਮਨੁੱਖ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਨੂੰ ਰੋਕਣ ਵਾਸਤੇ ਬਣਾਇਆ ਗਿਆ ਹੈ। ਇਨ੍ਹਾਂ ਸਭ ਵਿਵਸਥਾਵਾਂ ਦੇ ਬਾਵਜੂਦ ਹਰ ਰੋਜ਼ ਮਨੁੱਖੀ ਅਧਿਕਾਰਾਂ ਦਾ ਹਨਨ ਆਮ ਹੈ। ਕਿਸੇ ਵੀ ਘਰ, ਗਲੀ, ਪਿੰਡ, ਕਸਬੇ, ਸ਼ਹਿਰ, ਦੇਸ਼, ਵਿਦੇਸ਼ ਵਿੱਚ ਇਨ੍ਹਾਂ ਦੇ ਘਾਣ ਦੀ ਖਬਰ ਕਿਸੇ ਨਾ ਕਿਸੇ ਦੁਆਰਾ ਜਾਂ ਫਿਰ ਸੰਚਾਰ ਮਾਧਿਅਮਾਂ ਰਾਹੀਂ ਰੋਜ਼ ਵੇਖਣ ਸੁਣਨ ਨੂੰ ਮਿਲਦੀ ਹੈ। ਇਸੇ ਕਾਰਨ ਇਸ ਖੇਤਰ ਵਿੱਚ ਕੁਝ ਗੈਰ-ਸਰਕਾਰੀ ਸੰਗਠਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਹੈ। ਇਹ ਗੈਰ-ਸਰਕਾਰੀ ਸੰਸਥਾਵਾਂ ਨਿੱਜੀ ਤੌਰ ਤੇ ਜਾਂ ਸਰਕਾਰ ਦੀ ਮਦਦ ਨਾਲ ਹਰ ਉਸ ਮਨੁੱਖ ਦੀ ਮਦਦ ਕਰਦੀਆਂ ਹਨ, ਜਿਸ ਨੂੰ ਸਿੱਧੇ-ਅਸਿੱਧੇ ਤੌਰ ਤੇ ਉਸ ਦੇ ਅਧਿਕਾਰ ਪ੍ਰਾਪਤ ਨਹੀਂ ਹੁੰਦੇ। ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਆਸ-ਪਾਸ ਦੇ ਹਰ ਮਨੁੱਖ ਦੇ ਹੱਕਾਂ ਦਾ ਸਨਮਾਣ ਕਰਾਂਗੇ ਅਤੇ ਉਸ ਨੂੰ ਇਹ ਅਧਿਕਾਰ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਥਾਂ ਹੀ ਅਸੀਂ ਅਸਲ ਅਰਥਾਂ ਵਿੱਚ ਇਨਸਾਨ ਕਹਾਉਣ ਦਾ ਹੱਕ ਪ੍ਰਾਪਤ ਕਰ ਸਕਾਂਗੇ। ਸਕੂਲ ਦੇ ਵਿਦਿਆਰਥੀਆਂ ਨੂੰ ਵੀ ਕਾਨੂੰਨੀ ਹੱਕਾਂ ਬਾਰੇ ਵੀ ਵਿਸ਼ਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਅਤੇ ਸ੍ਰੀ ਹਰਮੀਤ ਸਿੰਘ ਬੇਦੀ, ਕੌਆਰਡੀਨੇਟਰ ਲੀਗਲ ਲਿਟਰੇਸੀ ਕਲੱਬ ਇੰਚਾਰਜ ਨੇ ਵੀ ਮਾਨਯੋਗ ਜੱਜ ਸਾਹਿਬ ਨੂੰ ਜੀ ਆਇਆ ਕਿਹਾ ਅਤੇ ਵਿਦਿਆਰਥੀਆਂ ਨੂੰ ਕਾਨੂੰਨੀ ਹੱਕਾ ਬਾਰੇ ਜਾਣਕਾਰੀ ਦਿੱਤੀ । ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਮੁੱਖ ਮਹਿਮਾਨ ਅਤੇ ਹਾਜਰ ਪਤਵੰਤੇ ਸੱਜਨਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਸਾਡੇ ਸਕੂਲ ਦੇ ਬੱਚਿਆਂ ਵੱਲੋਂ ਕਾਨੂੰਨ ਸਬੰਧੀ ਆਪਣੇ ਆਸ-ਪਾਸ ਦੇ ਪਿੰਡਾਂ ਵਿੱਚ ਵੱਧ ਤੋਂ ਵੱਧ ਜਾਣਕਾਰੀ ਦੇਣਗੇ।
ਇਸ ਤੋਂ ਇਲਾਵਾ ਡਾ. ਗਗਨਦੀਪ ਕੌਰ ਨੇ ਦੱਸਿਆ ਕਿ ਮਿਤੀ 14 ਦਸੰਬਰ 2024 ਨੂੰ ਨੈਸਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਧਿਰ ਨੇ ਆਪਣਾ ਕੇਸ ਦਾ ਨੈਸਨਲ ਲੋਕ ਅਦਾਲਤ ਵਿੱਚ ਨਿਪਟਾਰਾ ਕਰਵਾਉਣਾ ਹੋਵੇ ਤਾਂ ਉਹ ਸਬੰਧਤ ਅਦਾਲਤ ਵਿੱਚ ਆਪਣੀ ਦਰਖਾਸਤ ਦੇ ਕੇ ਆਪਣਾ ਕੇਸ ਨੈਸਨਲ ਲੋਕ ਅਦਾਲਤ ਵਿੱਚ ਲਗਵਾ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲੈਣ ਲਈ ਟੋਲ ਫ੍ਰੀ 15100 ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ।