ਮਾਲੇਰਕੋਟਲਾ 09 ਜਨਵਰੀ :
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਰਾਸ਼ਟਰੀ ਵੋਟਰ ਦਿਵਸ ਸਬੰਧੀ “ਪੰਜਾਬ ਇਲੈਕਸ਼ਨ ਕੁਇਜ਼-2025” ਵਿੱਚ ਨਾਗਰੀਕਾਂ ਦੀ ਸਮੂਲੀਅਤ ਨੂੰ ਵਧਾਉਣ ਲਈ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲਾ ਸਵੀਪ ਨੋਡਲ ਅਫਸਰ (ਕਾਲਜਾਂ) ਪ੍ਰਿੰਸੀਪਲ ਮੁਹੰਮਦ ਇਰਫਾਨ ਫਾਰੂਕੀ ਦੀ ਪ੍ਰਧਾਨਗੀ ਹੇਠ ਮੀਟਿੰਗ ਆਯੋਜਿਤ ਕੀਤੀ ਗਈ । ਇਸ ਮੌਕੇ ਜ਼ਿਲਾ ਖੇਡ ਅਫਸਰ ਗੁਰਦੀਪ ਸਿੰਘ, ਨੋਡਲ ਅਫਸਰ 106 ਬਹਾਦਰ ਸਿੰਘ ,ਹੈੱਡਮਾਸਟਰ ਮੁਹੰਮਦ ਅਸਗਰ, ਨੋਡਲ ਅਫਸਰ ਸਵੀਪ 105 ਕੁਲਬੀਰ ਸਿੰਘ , ਮਨਪ੍ਰੀਤ ਸਿੰਘ ਅਤੇ ਸੁਪਰਵਾਈਜਰ ਰੂਚੀ ਗੁਪਤਾ ਤੋਂ ਇਲਾਵਾਂ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਨੁਮਾਇੰਦੇ ਮੌਜੂਦ ਸਨ ।
ਪ੍ਰਿੰਸੀਪਲ ਮੁਹੰਮਦ ਇਰਫਾਨ ਫਾਰੂਕੀ ਨੇ ਕਿਹਾ ਕਿ ਇਹ ਕੁਇਜ਼, ਪੰਜਾਬ ਦੇ ਲੋਕਾਂ ਵਿੱਚ ਚੋਣ ਪ੍ਰਕਿਰਿਆਵਾਂ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਕਦਮ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਉਦੇਸ਼ ਇਸ ਸਮਾਗਮ ਵਿੱਚ ਮੀਡੀਆ ਅਤੇ ਵਿਦਿਅਕ ਸੰਸਥਾਵਾਂ ਸਮੇਤ ਵੱਖ-ਵੱਖ ਭਾਈਵਾਲਾਂ ਨੂੰ ਸ਼ਾਮਲ ਕਰਕੇ ਚੋਣਾਂ ਪ੍ਰਤੀ ਜਾਗਰੂਕਤਾ ਅਤੇ ਜ਼ਿੰਮੇਵਾਰ ਵੋਟਿੰਗ ਵਾਲਾ ਇੱਕ ਜੀਵੰਤ ਸੱਭਿਆਚਾਰ ਪੈਦਾ ਕਰਨਾ ਹੈ।
ਉਨਾਂ ਵੱਖ ਵੱਖ ਵਿਭਾਗਾਂ ਤੋਂ ਆਏ ਹੋਏ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰੇਕ ਵਿਭਾਗ ਦੇ ਪੂਰਨ ਯਤਨਾਂ ਸਦਕਾਂ ਹੀ ਮੁੱਖ ਚੋਣ ਅਫਸਰ ਵੱਲੋਂ ਪ੍ਰਤੀ ਹਲਕਾ ਹਜਾਰ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਅਤੇ ਭਾਗੀਦਾਰੀ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕਦਾ ਹੈ।ਉਹਨਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਸਿੱਖਿਆ ਵਿਭਾਗ ਦੇ ਨੁੰਮਾਇਦੇ ਮੁਹੰਮਦ ਅਸਗਰ ਨੂੰ ਵਿਸ਼ੇਸ ਤੌਰ ਤੇ ਸਕੂਲਾ ਅਤੇ ਕਾਲਜਾਂ ਵਿੱਚ ਜਾ ਕੇ ਰਜਿਸਟ੍ਰੇਸ਼ਨ ਵਧਾਉਣ ਦੇ ਉਪਰਾਲੇ ਕਰਨ ਲਈ ਕਿਹਾ।
ਉਨ੍ਹਾਂ ਦੱਸਿਆ ਕਿ ਪੰਜਾਬ ਚੋਣ ਕੁਇਜ਼-2025 ਦੋ ਪੜਾਵਾਂ ਵਿੱਚ ਕਰਵਾਇਆ ਜਾਵੇਗਾ ਅਤੇ ਪਹਿਲੇ ਪੜਾਅ ਅਧੀਨ ਜ਼ਿਲ੍ਹਾ ਪੱਧਰ ਦੇ ਜੇਤੂਆਂ ਦੀ ਚੋਣ ਲਈ ਆਨਲਾਈਨ ਕੁਇਜ਼ ਮੁਕਾਬਲਾ ਹੋਵੇਗਾ। ਆਨਲਾਈਨ ਰਜਿਸਟ੍ਰੇਸ਼ਨ 28 ਦਸੰਬਰ, 2024 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਚਾਹਵਾਨ ਉਮੀਦਵਾਰ 17 ਜਨਵਰੀ, 2025 ਤੱਕ ਰਜਿਸਟਰ ਕਰ ਸਕਣਗੇ। ਆਨਲਾਈਨ ਕੁਇਜ਼ ਮੁਕਾਬਲਾ 19 ਜਨਵਰੀ, 2025 ਨੂੰ ਹੋਵੇਗਾ । ਜਿਸ ਤੋਂ ਬਾਅਦ ਦੂਜੇ ਪੜਾਅ ਅਧੀਨ 24 ਜਨਵਰੀ, 2025 ਨੂੰ ਲੁਧਿਆਣਾ ਵਿਖੇ ਇੱਕ ਔਫਲਾਈਨ ਫਾਈਨਲ ਮੁਕਾਬਲਾ ਕਰਵਾਇਆ ਜਾਵੇਗਾ।ਹਿੱਸਾ ਲੈਣ ਦੇ ਚਾਹਵਾਨ ਰਜਿਸਟ੍ਰੇਸ਼ਨ ਅਤੇ ਹੋਰ ਵੇਰਵਿਆਂ ਲਈ https://punjab.indiastatquiz.com/ ‘ਤੇ ਲਾਗਇਨ ਕਰ ਸਕਦੇ ਹਨ।
ਸਹਾਇਕ ਨੌਡਲ ਅਫਸਰ ਸਵੀਪ ਮੁੰਹਮਦ ਬਸ਼ੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੁਇੱਜ ਵਿੱਚ ਰਾਜ ਪੱਧਰ ਤੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਨਾਗਰਿਕਾਂ ਨੂੰ ਲੈਪਟਾਪ, ਐਂਡਰਾਇਡ ਟੈਬਲੇਟ ਅਤੇ ਸਮਾਰਟ ਵਾਚ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਨਹਿਰੂ ਯੂਵਾ ਕੇਂਦਰ ਦੇ ਵਲੰਟੀਅਰਾਂ ਦੀ ਸਹਾਇਤਾ ਨਾਲ ਯੂਵਾ ਕਲੱਬਾਂ ਨੂੰ ਵੀ ਇਸ ਕੁਇੱਜ ਵਿੱਚ ਪ੍ਰੇਰਿਤ ਕੀਤਾ ਜਾਵੇਗਾ।