Saturday, December 28, 2024

ਗੈਰ ਸਿੱਖ ਤਾਂ ਸ਼ਹਾਦਤਾਂ ਦਾ ਸਤਿਕਾਰ ਕਰਦੇ ਹਨ, ਪਰ ਅਸੀਂ ਕਿਉਂ ਭੁੱਲ ਰਹੇ ਹਾਂ ?

Date:

Non-Sikhs respect martyrdom
ਸਿਆਸੀ ਪਾਰਟੀ ਕਿਸੇ ਦੀ ਕੋਈ ਵੀ ਹੋਵੇ ਇਹ ਇੱਕ ਵੱਖਰਾ ਵਿਸ਼ਾ ਹੈ ਪ੍ਰੰਤੂ ਜਿੱਥੇ ਧਰਮ ਵੀ ਵੱਖਰੇ ਵੱਖਰੇ ਹੋਣ ਅਤੇ ਕਿਸੇ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਜਾਂ ਸਤਿਕਾਰ ਕਰਨ ਤਾਂ ਜਿੱਥੇ ਅਜਿਹੇ ਲੋਕਾਂ ਅੱਗੇ ਸਿਰ ਝੁਕਦਾ ਹੈ, ਉੱਥੇ ਆਪਣਿਆਂ ਵੱਲ ਦੇਖਕੇ ਨਮੋਸ਼ੀ ਅਤੇ ਗਿਲਾ ਵੀ ਆਉਂਦਾ ਹੈ ਕਿ ਅਸੀਂ ਕਿਵੇਂ ਆਪਣੇ ਪੁਰਖਿਆਂ ਜਾਂ ਉਹਨਾਂ ਦੀ ਵਿਰਾਸਤ ਤੋਂ ਮੂੰਹ ਮੋੜ ਰਹੇ ਹਾਂ ਇਹਨਾਂ ਦਿਨਾਂ ਵਿੱਚ ਇਹ ਹਫਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਸਰਬੰਸ ਅਤੇ ਹਜ਼ਾਰਾਂ ਸਿੰਘਾਂ ਦੀਆਂ ਸ਼ਹਾਦਤਾਂ ਦੇ ਹਫਤੇ ਵਜੋਂ ਜਾਣਿਆ ਜਾਂਦਾ ਹੈ ਅਨੰਦਪੁਰ ਸਾਹਿਬ ਦਾ ਅਨੰਦਗੜ੍ਹ ਦਾ ਕਿਲ੍ਹਾ ਛੱਡਣ ਤੋਂ ਲੈਕੇ ਖਿਦਰਾਣੇ ਦੀ ਢਾਬ ਤੱਕ ਸ਼ਹੀਦੀ ਸਮਾਗਮਾਂ ਦੀ ਇੱਕ ਲੜੀ ਚਲ ਰਹੀ ਹੈ ਇਸ ਵਿਚਲੇ ਸਮਾਗਮਾਂ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸਿੱਖ ਆਪਣੇ ਆਪਣੇ ਢੰਗ ਨਾਲ ਹਾਜ਼ਰੀਆਂ ਭਰਦੇ ਹਨ ਬਹੁਤ ਸਾਰੇ ਪ੍ਰਚਾਰਕ, ਢਾਡੀ ਅਤੇ ਆਗੂ ਇਹਨਾਂ ਮੌਕਿਆਂ ਤੇ ਜੁੜੀਆਂ ਸੰਗਤਾਂ ਨੂੰ ਮੁਖ਼ਾਤਬ ਹੁੰਦੇ ਹਨ। ਇਤਿਹਾਸ ਦੀ ਜਾਣਕਾਰੀ ਦੇ ਨਾਲ-ਨਾਲ ਇਹਨਾਂ ਦਿਹਾੜਿਆਂ ਬਾਰੇ ਇੱਕ ਵੱਖਰੀ ਕਿਸਮ ਦਾ ਅਨੁਭਵ ਵੀ ਹੁੰਦਾ ਹੈ ਪ੍ਰੰਤੂ ਸਾਡੀ ਨੌਜੁਆਨ ਪੀੜ੍ਹੀ ਜਾਂ ਵੱਡੇ ਵੀ ਸਿਰਫ ਸੁਆਦਲੇ ਲੰਗਰਾਂ ਜਾਂ ਗੁਰਦੁਆਰਿਆਂ ਉੱਤੇ ਲੜੀਆਂ ਲਾਕੇ ਰੋਸ਼ਨੀ ਕਰਨ ਤੱਕ ਹੀ ਸੀਮਤ ਹੋ ਗਏ ਹਾਂ ਸਾਡੇ ਕੋਲੋਂ ਇਹਨਾਂ ਸ਼ਹਾਦਤਾਂ ਦੇ ਮਕਸਦ ਨੂੰ ਸਮਝਣ ਦੀ ਸੋਝੀ ਅਲੋਪ ਹੁੰਦੀ ਜਾ ਰਹੀ ਹੈ।
ਜਦੋਂ ਕਿ ਦੂਜੇ ਧਰਮਾਂ ਦੇ ਲੋਕ ਖਾਸ ਕਰਕੇ ਭਾਰਤ ਦੇ ਕੁੱਝ ਦੱਖਣੀ ਪੂਰਬੀ ਸੂਬਿਆਂ ਦੇ ਲੋਕ, ਜਿਹਨਾਂ ਦਾ ਸਿੱਖ ਪੰਥ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ ਅਤੇ ਨਾ ਹੀ ਉਹਨਾਂ ਨੂੰ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਦੇ ਸਲੇਬਸ ਵਿੱਚੋਂ ਸਿੱਖ ਗੁਰੂ ਸਾਹਿਬਾਨ ਜਾਂ ਸਿੱਖਾਂ ਦੇ ਕੁਰਬਾਨੀਆਂ ਭਰਪੂਰ ਇਤਿਹਾਸ ਜਾਂ ਸਰਬੱਤ ਦੇ ਭਲੇ ਦੇ ਫਲਸਫੇ ਬਾਰੇ ਕੁੱਝ ਪੜ੍ਹਨ ਨੂੰ ਮਿਲਦਾ ਹੈ। ਉਹ ਜਦੋਂ ਕਦੇ ਉੱਤਰੀ ਭਾਰਤ ਵੱਲ ਆਉਂਦੇ ਹਨ ਜਾਂ ਕਿਸੇ ਸ਼ਹੀਦੀ ਦਿਹਾੜੇ ਤੇ ਸਮਾਗਮਾਂ ਨੂੰ ਦੇਖਦੇ ਹਨ ਤਾਂ ਬਹੁਤ ਪ੍ਰਭਾਵਿਤ ਹੁੰਦੇ ਹਨ। ਉਹ ਹੈਰਾਨ ਵੀ ਹਨ ਕਿ ਅਜਿਹੇ ਅਮੀਰ ਫਲਸਫੇ ਬਾਰੇ ਨਾ ਤਾਂ ਭਾਰਤੀ ਤਾਣੇ ਬਾਣੇ ਅਤੇ ਨਾ ਹੀ ਸਿੱਖਾਂ ਨੇ ਹੁਣ ਤੱਕ ਸਾਨੂੰ ਦੱਸਣ ਦੀ ਲੋੜ ਹੀ ਕਿਉਂ ਨਹੀਂ ਸਮਝੀ। ਇਹ ਕੋਈ ਆਮ ਜਿਹਾ ਵਿਚਾਰ ਨਹੀਂ ਸਗੋਂ ਦਾਸ ਲੇਖਕ ਨਾਲ ਹੋਈਆਂ ਵਿਚਾਰਾਂ ਦੇ ਵਿਸ਼ੇ ਵਿੱਚੋਂ ਕੁੱਝ ਅੰਸ਼ ਹਨ ਜਿਹੜੇ ਅੱਜ ਸਾਡਾ ਧਿਆਨ ਮੰਗਦੇ ਕਿ ਅਸੀਂ ਸਿਰਫ ਲੰਗਰ ਵਰਤਾਉਣ ਜਾਂ ਵੱਡੇ ਸਮਾਗਮ ਕਰਨ ਤੱਕ ਹੀ ਕਿਉਂ ਸੀਮਤ ਹੋ ਗਏ ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਸਾਂਝੀਵਾਲਤਾ ਦਾ ਪਵਿੱਤਰ ਉਪਦੇਸ਼ ਅਤੇ ਸਿੱਖ ਵਿਰਸੇ ਦੀ ਵਿਸਥਾਰਤ ਜਾਣਕਾਰੀ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਉਣੀ ਬਹੁਤ ਹੀ ਜ਼ਰੂਰੀ ਸੀ ਪ੍ਰੰਤੂ ਅਸੀਂ ਤਾਂ ਇਸ ਨੂੰ ਭਾਰਤ ਦੇ ਦੂਜਿਆਂ ਸੂਬਿਆਂ ਵਿੱਚ ਪ੍ਰਚਾਰਨ ਤੋਂ ਵੀ ਬੁਰੀ ਤਰ੍ਹਾਂ ਪਛੜੇ ਹੋਏ ਨਜ਼ਰ ਆ ਰਹੇ ਹਾਂ।
ਇੱਕ ਮੇਰੇ ਸਤਿਕਾਰਯੋਗ ਸਾਥੀ ਵੱਡੇ ਵੀਰ ਗੁਰਿੰਦਰਪਾਲ ਸਿੰਘ ਧਨੌਲਾ ਨੇ ਇਹ ਉਦਮ ਆਰੰਭ ਵੀ ਕੀਤਾ ਸੀ, ਜਿਸ ਵਿੱਚ ਬੜੀ ਮੁਸ਼ੱਕਤ ਅਤੇ ਮਿਹਨਤ ਨਾਲ ਦੇਸ਼ ਦੀਆਂ ਵੱਖ ਵੱਖ ਬੋਲੀਆਂ ਦੇ ਮਾਹਿਰ ਦਰਜਨ ਤੋਂ ਵਧੇਰੇ ਵਿਦਵਾਨ ਲੱਭਕੇ ਚੰਗੀਗੜ੍ਹ ਵਿਖੇ, ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਤਰਜ਼ਮਾ ਆਰੰਭ ਕੀਤਾ ਸੀ। ਉਸ ਸਮੇਂ ਦਾਸ ਲੇਖਕ ਵੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਵਜੋਂ ਇਸ ਸੇਵਾ ਨੂੰ ਨਿਭਾਅ ਰਿਹਾ ਸੀ। ਉਸ ਵੇਲੇ ਦੱਖਣੀ ਪੂਰਬੀ ਸੂਬਿਆਂ ਬੰਗਾਲੀ, ਤਾਮਿਲ, ਕੇਰਲ, ਆਂਧਰਾ ਪ੍ਰਦੇਸ, ਗੁਜਰਾਤੀ, ਅਸਾਮੀ, ਉੜੀਆ ਹਿੰਦੀ ਆਦਿਕ ਦੇ ਜਿੰਨੇ ਵੀ ਵਿਦਵਾਨ ਇਸ ਕਾਰਜ ਵਿੱਚ ਲੱਗੇ ਹੋਏ ਸਨ ਤਾਂ ਉਹ ਸਿੱਖ ਇਤਿਹਾਸ ਖਾਸ ਕਰਕੇ ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ , ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸ਼ਹਾਦਤਾਂ ਬਾਰੇ ਕੁੱਝ ਪੜ੍ਹਦੇ ਸੁਣਦੇ ਸਨ ਤਾਂ ਉਹਨਾਂ ਦੀ ਅੱਖਾਂ ਵਿੱਚ ਹੰਝੂ ਆ ਜਾਂਦੇ ਸਨ ਅਤੇ ਉਹਨਾਂ ਤੋਂ ਗੱਲ ਵੀ ਨਹੀਂ ਕੀਤੀ ਜਾਂਦੀ ਸੀ। ਉਹਨਾਂ ਨੂੰ ਜੋ ਵੀ ਭੱਤਾ ਵਗੈਰਾ ਦਿੱਤਾ ਜਾਂਦਾ ਸੀ ਉਸ ਵਿੱਚੋਂ ਅੱਧੇ ਤੋਂ ਵੀ ਵਧੇਰੇ ਉਹ ਸਿੱਖ ਇਤਿਹਾਸ ਨਾਲ ਸਬੰਧਤ ਸਹਿਤ ਦੀਆਂ ਕਿਤਾਬਾਂ ਖਰੀਦਣ ਉੱਤੇ ਹੀ ਖਰਚ ਦਿੰਦੇ ਸਨ। ਕਈ ਵਾਰ ਸਾਰੇ ਬੈਠਕੇ ਗੋਸ਼ਟ ਵੀ ਕਰਦੇ ਸਨ ਤਾਂ ਉਸ ਵੇਲੇ ਅਕਸਰ ਉਹ ਵਿਦਵਾਨ ਇਹ ਗੱਲ ਬੜੇ ਖੁੱਲ੍ਹੇ ਦਿਲ ਨਾਲ ਕਹਿੰਦੇ ਸਨ ਅਤੇ ਪ੍ਰਵਾਨ ਵੀ ਕਰਦੇ ਸਨ ਕਿ ਅਸਲ ਧਰਮ ਤਾਂ ਇਹ ਹੈ ਜੋ ਦੂਜਿਆਂ ਲਈ ਸਿਰ ਦਿੰਦਾ ਰਿਹਾ ਹੈ ਅਤੇ ਆਪਣੇ ਸਰਬੰਸ ਦਾਨ ਕਰਨ ਦਾ ਹੌਂਸਲਾ ਰੱਖਦਾ ਹੈ ਸਾਡੇ ਕੋਲ ਤਾਂ ਦੀਵੇ ਬਾਲਣ ਜਾਂ ਪਾਣੀ ਵਿੱਚ ਫ਼ੁੱਲ ਤਾਰਨ ਤੋਂ ਅੱਗੇ ਦਾ ਕੋਈ ਸਿਧਾਂਤ ਨਜ਼ਰ ਨਹੀਂ ਆਉਂਦਾ।
ਪ੍ਰੰਤੂ ਅਫਸੋਸ ਇਸ ਗੱਲ ਦਾ ਹੈ ਕਿ ਹੁਣ ਜਦੋਂ ਕਦੇ ਇਹਨਾਂ ਸ਼ਹੀਦੀ ਦਿਹਾੜਿਆਂ ਤੇ ਨਤਮਸਤਕ ਹੋਣ ਜਾਈਦਾ ਹੈ ਤਾਂ ਉੱਥੇ ਜਾਕੇ ਇਸ ਗੱਲੋਂ ਨਿਰਾਸਤਾ ਹੁੰਦੀ ਹੈ ਕਿ ਸਾਡੀ ਨੌਜੁਆਨ ਪੀੜ੍ਹੀ ਨੂੰ ਅਸੀਂ ਕੁੱਝ ਵੀ ਸਮਝ ਨਹੀਂ ਸਕੇ। ਅਸੀਂ ਉਹਨਾਂ ਰੀਤਾਂ ਵਿੱਚ ਗਵਾਚਦੇ ਜਾ ਰਹੇ ਹਾਂ, ਜਿਹਨਾਂ ਵਿੱਚੋਂ ਗੁਰੂ ਸਾਹਿਬ ਨੇ ਕੱਢਕੇ ਸਾਨੂੰ ਸੱਚ ਦਾ ਪੱਲਾ ਫੜ੍ਹਾਇਆ ਸੀ। ਅੱਜ ਜੋੜਮੇਲ ਉੱਤੇ ਜਾਣਾ ਸ਼ਰਧਾ ਘੱਟ ਲੋਕ ਦਿਖਾਵਾ ਜਾਂ ਰਿਵਾਜ਼ ਵਧੇਰੇ ਲੱਗਦਾ ਹੈ। ਸਾਡੀਆਂ ਧਾਰਮਿਕ ਅਤੇ ਸਾਹਿਤਕ ਖੇਤਰ ਦੀਆਂ ਸੰਸਥਾਵਾਂ ਨੂੰ ਇਸ ਪਾਸੇ ਤਰੁੰਤ ਧਿਆਨ ਦੇਣ ਦੀ ਲੋੜ ਹੈ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਵਿਰਸੇ ਤੋਂ ਦੂਰ ਨਾ ਹੋ ਜਾਣ ਸਾਡੇ ਬੱਚੇ ਬੱਚੀਆਂ ਪੱਛਮੀਂ ਸੱਭਿਆਚਾਰ ਜਾਂ ਸਮੇਂ ਦੇ ਵਹਿਣ ਵਿੱਚ ਵਹਿਕੇ ਖਾਰੇ ਸਮੁੰਦਰ ਵੱਲ ਨੂੰ ਜਾ ਰਹੇ ਹਨ ਜਦੋਂ ਕਿ ਦੂਜੇ ਸੂਬਿਆਂ ਦੇ ਗੈਰ ਸਿੱਖ ਲੋਕ ਸਾਡੇ ਵਿਰਸੇ ਨੂੰ ਸਮਝਣ ਵਾਸਤੇ ਉਤਸੁਕ ਹਨ। ਜੇ ਅਸੀਂ ਸੁਚੇਤ ਹੋਈਏ ਤਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੰਭਾਲ ਸਕਦੇ ਹਾਂ ਅਤੇ ਉਹਨਾਂ ਗੈਰ ਸਿੱਖ ਜਾਂ ਗੈਰ ਪੰਜਾਬੀ ਲੋਕਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਨਾਲ ਚਾਨਣ ਦੇ ਸਕਦੇ ਹਾਂ ਸਿੱਖ ਇਤਿਹਾਸ ਦੇ ਅਲੌਕਿਕ ਕਾਰਨਾਮਿਆਂ ਨਾਲ ਉਹਨਾਂ ਲੋਕਾਂ ਅੰਦਰ ਵੀ ਇੱਕ ਸੇਵਾ ਅਤੇ ਜ਼ਬਰ ਵਿਰੁੱਧ ਲੜਨ ਦਾ ਜ਼ਜ਼ਬਾ ਅਤੇ ਸਭ ਦੇ ਸਤਿਕਾਰ ਦੀ ਤਹਿਜ਼ੀਬ ਵੀ ਦੇ ਸਕਦੇ ਹਾਂ।
ਇੱਥੇ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦਾ ਹਾਂ ਕਿ ਸਾਡੇ ਵੱਲੋਂ ਸਾਲ 2002 ਵਿੱਚ ਇੱਕ ਸੰਸਥਾ ਗੁਰੂ ਗ੍ਰੰਥ ਸਾਹਿਬ ਸੇਵਾ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ। ਜਿਸ ਦੁਆਰਾ ਸਿੱਖਾਂ ਦੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਕਰਨ ਲਈ ਇੱਕ ਯਤਨ ਦੀ ਸ਼ੁਰੂਆਤ ਕੀਤੀ।ਉਪਰੋਕਤ ਕਮੇਟੀ ਵਿੱਚ ਪੰਜ ਮੈਂਬਰਾਂ ਨੇ ਸ਼ਾਮਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਜਰਾਤੀ, ਅਸਾਮੀ, ਤਾਮਿਲ, ਕੰਨੜ, ਮਾਲਿਅਮ ਆਦਿ ਤੋਂ ਇਲਾਵਾ ਬਾਕੀ ਦੀਆਂ ਭਾਸ਼ਾਵਾਂ ਵਿੱਚ ਵੀ ਅਨੁਵਾਦ ਕਰਨ ਲਈ ਕਈ ਯਤਨ ਸ਼ੁਰੂ ਕੀਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਲਈ ਗੁਰੂ ਗ੍ਰੰਥ ਸਾਹਿਬ ਸੇਵਾ ਮਿਸ਼ਨ ਕਮੇਟੀ ਵੱਲੋਂ ਯੂਨੀਵਰਸਿਟੀ ਦੇ ਇੱਕ ਸਾਬਕਾ ਵਾਈਸ ਚਾਂਸਲਰ ਨੂੰ ਬਕਾਇਦਾ ਤਨਖਾਹ ਦਿੱਤੀ ਜਾਂਦੀ ਸੀ। ਸਾਬਕਾ ਵਾਈਸ ਚਾਂਸਲਰ ਸਮੇਤ ਕਈ ਵੱਖ-ਵੱਖ ਭਾਸ਼ਾਵਾਂ ਦੇ ਸਕਾਲਰ ਅਤੇ ਟਰਾਂਸਲੇਟਰਾਂ ਦੁਆਰਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਬਾਰੇ ਗੁਰੂ ਗ੍ਰੰਥ ਸਾਹਿਬ ਸੇਵਾ ਮਿਸ਼ਨ ਕਮੇਟੀ ਦੇ ਮੈਂਬਰਾਂ ਵੱਲੋਂ ਦੱਸਿਆ ਗਿਆ।ਇਸ ਦੇ ਨਾਲ ਹੀ ਸਿੱਖ ਕੌਮ ਦੇ ਮਹਾਨ ਗੁਰੂਆਂ ਦੀਆਂ ਸ਼ਹੀਦੀਆਂ, ਸਿੱਖਾਂ ਦੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ, ਸਿੱਖ ਕੌਮ ਦੀ ਜੁਝਾਰੂਆਂ ਬੀਬੀਆਂ ਅਤੇ ਵੱਖ ਵੱਖ ਤੇ ਮੁਗਲੀਆ ਸਲਤਨਤ ਸਮੇਂ ਜਬਰ ਦੇ ਵਿਰੋਧ ਵਿੱਚ ਸਿੱਖ ਬੀਬੀਆਂ ਵੱਲੋਂ ਆਪਣੇ ਬੱਚਿਆਂ ਦੇ ਟੋਟੇ ਆਪਣੀਆਂ ਝੋਲੀਆਂ ਵਿੱਚ ਗੁਰੂ ਦੇ ਭਾਣੇ ਵਿੱਚ ਰਹਿ ਕੇ ਪਵਾਏ, ਆਦਿ ਬਾਰੇ ਬਿਆਨ ਕੀਤਾ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਆਪ ਮੁਹਾਰੇ ਹੰਝੂ ਆ ਗਏ। ਇਹ ਵਰਤਾਰਾ ਰੋਜ਼ਾਨਾ ਚੱਲਦਾ, ਜਦੋਂ ਟਰਾਂਸਲੇਟਰ ਜਿਆਦਾ ਭਾਵੁਕ ਹੋ ਜਾਂਦੇ ਤੇ ਖੁਦ ਤੇ ਕੰਟਰੋਲ ਨਾ ਰਹਿੰਦਾ ਤਾਂ ਮੈਂ ਖੁਦ ਨੂੰ ਉਹਨਾਂ ਨੂੰ ਲੰਗਰ ਛਕਣ ਲਈ ਕਹਿੰੰਦਾ। ਲੰਗਰ੍ਰ ਛਕਣ ਤੋਂ ਬਾਅਦ ਰਾਤ ਸਮੇਂ ਜਦੋਂ ਫੇਰ ਉਨ੍ਹਾਂ ਨੂੰ ਸਿੱਖਾਂ ਯੋਧਿਆਂ ਦੇ ਬਲੀਦਾਨਾਂ ਬਾਰੇ ਦੱਸਦੇ ਤਾਂ ਜੋ ਆਪਣੀ ਮਾਤ ਭਾਸ਼ਾ ਵਿੱਚ ਲਿਖ ਸਕਣ। ਫਿਰ ਉਹ ਦੁਆਰਾ ਭਾਵੁਕ ਹੋ ਜਾਂਦੇ। ਜਦੋਂ ਵਿਚਾਰ ਚਰਚਾ ਹੁੰਦੀ ਤਾਂ ਉਹ ਹੈਰਾਨੀਕੁੰਨ ਲਹਿਜੇ ਵਿੱਚ ਆਖਦੇ ਕਿ ਸਿੱਖ ਧਰਮ ਦੁਨੀਆਂ ਦਾ ਸਭ ਤੋਂ ਮਹਾਨ ਧਰਮ ਹੈ। ਇਸ ਬਾਰੇ ਪੂਰੀਆਂ ਦੁਨੀਆਂ ਨੂੰ ਉਨ੍ਹਾਂ ਦੇ ਭਾਸ਼ਾਵਾਂ ਵਿੱਚ ਜਾਣਨਾ ਬਹੁਤ ਜਰੂਰੀ ਹੈ ਤਾਂ ਜੋ ਇਸ ਮਹਾਨ ਧਰਮ ਬਾਰੇ ਜੋ ਲੋਕਾਂ ਦਾ ਨਜ਼ਰੀਏ ਹੈ, ਉਹ ਬਦਲੇ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਦੁਨੀਆਂ ਵਿੱਚ ਸਿੱਖ ਪ੍ਰਚਾਰ ਲਈ ਅਹਿਮ ਯਤਨ ਸ਼ੁਰੂ ਕਰਨੇ ਚਾਹੀਦੇ ਹਨ। ਸ੍ਰੋਮਣੀ ਕਮੇਟੀ ਨੂੰ ਸਿੱਖ ਸ਼ਹਾਦਤਾਂ ਬਾਰੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕਰਵਾ ਕੇ ਦੁਨੀਆਂ ਦੇ ਹਰ ਕੋਨੇ ਵਿੱਚ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਗੈਰ ਸਿੱਖ ਸ਼ਹਾਦਤਾਂ ਬਾਰੇ ਜਾਣਨਾ ਚਾਹੁੰਦੇ ਹਨ ਜਾਂ ਸਿੱਖ ਧਰਮ ਵਿੱਚ ਆਉਣਾ ਚਾਹੁੰਦੇ ਹਨ ਤਾਂ ਉਹਨ੍ਹਾਂ ਨੂੰ ਸਿੱਖਾਂ ਦੇ ਮਹਾਨ ਇਤਿਹਾਸ ਵਿੱਚ ਹੋਈਆਂ ਸ਼ਹਾਦਤਾਂ ਬਾਰੇ ਪਤਾ ਹੋਣਾ ਚਾਹੀਦਾ ਹੈ।ਇਹ ਯਤਨ ਵੱਡੇ ਪੱਧਰ ਤੇ ਹੋਣਾ ਚਾਹੀਦੇ ਹਨ।

ਕੁਲਵੰਤ ਸਿੰਘ ਪੰਡੋਰੀ
ਐਮ.ਐਲ.ਏ ਮਹਿਲ ਕਲਾਂ,
ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ
ਸੂਬਾ ਪ੍ਰਧਾਨ ਐੱਸ.ਸੀ ਵਿੰਗ ਆਪ ਪੰਜਾਬ
ਮੋ. 98159-23957

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related