North India Weather Forecast
ਇਸ ਸਾਲ ਜਨਵਰੀ ਮਹੀਨੇ ਦੇ ਤਿੰਨ ਹਫ਼ਤੇ ਬੀਤ ਜਾਣ ਦੇ ਬਾਵਜੂਦ ਠੰਢ ਦਾ ਕਹਿਰ ਨਿਰੰਤਰ ਜਾਰੀ ਹੈ, ਜਿਸ ਕਾਰਨ ਗੁਰਦਾਸਪੁਰ ਅੰਦਰ 7 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲ ਰਹੀ ਸੀਤ ਲਹਿਰ ਅਤੇ 4 ਮੀਟਰ ਵਿਜੀਬਿਲਟੀ ਵਾਲੀ ਸੰਘਣੀ ਧੁੰਦ ਨੇ ਲੋਕਾਂ ਦੀ ਤੌਬਾ ਕਰਵਾ ਦਿੱਤੀ ਹੈ। ਜਦੋਂ ਕਿ ਇਸ ਠੰਡ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪਿਛਲੇ ਹਫ਼ਤੇ ਪਈ ਠੰਢ ਦੇ ਬਾਅਦ ਕੁਝ ਦਿਨ ਸੂਰਜ ਨਿਕਲਣ ਕਾਰਨ ਤਾਪਮਾਨ ’ਚ ਵਾਧਾ ਹੋਇਆ ਸੀ ਅਤੇ ਲੋਕਾਂ ਨੇ ਸਰਦੀ ਤੋਂ ਰਾਹਤ ਮਹਿਸੂਸ ਕੀਤੀ ਸੀ ਪਰ ਹੁਣ ਮੁੜ ਠੰਢ ਵਿਚ ਵਾਧਾ ਹੋਇਆ ਹੈ।
ਬੀਤੇ ਦਿਨ ਗੁਰਦਾਸਪੁਰ ਅੰਦਰ ਰਾਤ ਦਾ ਔਸਤਨ ਤਾਪਮਾਨ ਮੁੜ 2-3 ਡਿਗਰੀ ਦੇ ਕਰੀਬ ਹੀ ਰਹਿ ਗਿਆ, ਜਦੋਂ ਕਿ ਦਿਨ ਦਾ ਤਾਪਮਾਨ 15 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਹੈ। ਪੂਰਾ ਦਿਨ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ ਅਤੇ ਸੰਘਣੀ ਧੁੰਦ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਮੌਸਮ ਵਿਭਾਗ ਨੇ ਪੰਜਾਬ ਸਮੇਤ ਹੋਰ ਸੂਬਿਆਂ ਵਿਚ ਸਖ਼ਤ ਠੰਢ ਅਤੇ ਸੰਘਣੀ ਧੁੰਦ ਪੈਣ ਲਈ ਰੈੱਡ ਅਲਰਟ ਜਾਰੀ ਕੀਤਾ ਹੈ, ਜਿਸ ਤਹਿਤ ਆਉਣ ਵਾਲੇ ਕਰੀਬ 3 ਦਿਨਾਂ ਵਿਚ ਲੋਕਾਂ ਨੂੰ ਠੰਢ ਦੇ ਕਹਿਰ ਨਾਲ ਜੂਝਣਾ ਪਵੇਗਾ।
ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਅੱਜ ਪਈ ਕੜਾਕੇ ਦੀ ਠੰਡ ਤੋਂ ਬਚਣ ਲਈ ਲੋਕਾਂ ਨੂੰ ਅੱਗ ਦਾ ਸਹਾਰਾ ਲੈਣਾ ਪੈ ਰਿਹਾ ਹੈ ਤੇ ਜ਼ਿਆਦਾਤਰ ਬਾਜ਼ਾਰਾਂ ਵਿਚ ਦੁਕਾਨਦਾਰ ਅੱਗ ਸੇਕਦੇ ਦੇਖੇ ਗਏ। ਇਸੇ ਤਰ੍ਹਾਂ ਦਫਤਰਾਂ ਤੇ ਹੋਰ ਅਦਾਰਿਆਂ ਵਿਚ ਵੀ ਲੋਕਾਂ ਵੱਲੋਂ ਹੀਟਰ ਲਾ ਕੇ ਠੰਡ ਤੋਂ ਬਚਾਅ ਕੀਤਾ ਗਿਆ। ਖੇਤੀ ਵਿਗਿਆਨੀਆਂ ਅਨੁਸਾਰ ਵੈਸੇ ਤਾਂ ਠੰਢ ਦਾ ਮੌਸਮ ਕਣਕ ਦੀ ਫ਼ਸਲ ਲਈ ਚੰਗਾ ਹੈ ਪਰ ਇਸ ਮਹੀਨੇ ਦੇ ਅਖੀਰ ਤੱਕ ਸੂਰਜ ਦਾ ਨਾ ਨਿਕਲਣਾ ਅਤੇ ਬਾਰਿਸ਼ ਦਾ ਨਾ ਹੋਣਾ ਕਣਕ ਲਈ ਨੁਕਸਾਨਦੇਹ ਹੋ ਸਕਦਾ ਹੈ। ਖਾਸ ਤੌਰ ’ਤੇ ਇਸ ਤੋਂ ਬਾਅਦ ਜਦੋਂ ਧੁੱਪਾਂ ਲੱਗਣ ਕਾਰਨ ਅਚਾਨਕ ਤਾਪਮਾਨ ਵਿਚ ਵਾਧਾ ਹੋਵੇਗਾ ਤਾਂ ਕਣਕ ਦੀ ਪੈਦਾਵਾਰ ’ਤੇ ਅਸਰ ਪੈ ਸਕਦਾ ਹੈ। ਇਸੇ ਤਰ੍ਹਾਂ ਕੰਢੀ ਖੇਤਰ ਲਈ ਮੌਜੂਦਾ ਮੌਸਮ ਫਸਲਾਂ ਲਈ ਨੁਕਸਾਨਦੇਹ ਹੈ ਕਿਉਂਕਿ ਬਾਰਿਸ਼ ਨਾ ਹੋਣ ਕਾਰਨ ਫਸਲਾਂ ਨੂੰ ਲੋੜੀਂਦੀ ਮਾਤਰਾ ਵਿਚ ਪਾਣੀ ਨਹੀਂ ਮਿਲ ਸਕਿਆ।
READ ALSO:ਕਰਨਾਲ ‘ਚ NRI ਦੇ ਘਰ ਦੇ ਬਾਹਰ ਫਾਇਰਿੰਗ : ਕਾਰ ‘ਚ ਆਏ 4-5 ਬਦਮਾਸ਼
ਇਹ 10 ਸਾਲਾਂ ਵਿੱਚ ਪਹਿਲੀ ਵਾਰ ਦੇਖਿਆ ਗਿਆ ਜਦੋਂ 24 ਜਨਵਰੀ ਨੂੰ ਦਿਨ ਦਾ ਤਾਪਮਾਨ 6 ਡਿਗਰੀ ਤੱਕ ਦਰਜ ਕੀਤਾ ਗਿਆ ਸੀ। ਸੀਜ਼ਨ ਵਿੱਚ ਪਹਿਲੀ ਵਾਰ ਨਵਾਂਸ਼ਹਿਰ ‘ਚ ਦਿਨ ਦਾ ਤਾਪਮਾਨ 6.8 ਡਿਗਰੀ ਦਰਜ ਕੀਤਾ ਗਿਆ। ਇੱਥੇ ਹੀ ਰਾਤ ਦਾ ਤਾਪਮਾਨ ਵੀ ਸਭ ਤੋਂ ਘੱਟ 1.7 ਡਿਗਰੀ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਨੂੰ ਛੱਡ ਕੇ ਦਿਨ ਦਾ ਤਾਪਮਾਨ 7 ਤੋਂ 10 ਡਿਗਰੀ ਦੇ ਵਿਚਕਾਰ ਰਿਹਾ। ਬੁੱਧਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ। ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਵਿੱਚ ਸਵੇਰੇ 8 ਵਜੇ ਤੋਂ ਪਹਿਲਾਂ ਵਿਜ਼ੀਬਿਲਟੀ 0 ਮੀਟਰ, ਸਵੇਰੇ 8 ਵਜੇ ਤੋਂ ਬਾਅਦ 50 ਮੀਟਰ ਸੀ। ਇਸ ਦੇ ਨਾਲ ਹੀ ਅਜਿਹਾ ਮੌਸਮ 26 ਜਨਵਰੀ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
North India Weather Forecast