ਮੋਗਾ, 15 ਮਾਰਚ:
ਪੰਜਾਬ ਸਰਕਾਰ ਦੇ ਮਹੱਤਵਪੂਰਨ ਤੇ ਅਭਿਲਾਸ਼ੀ ਪ੍ਰਾਜੈਕਟ ‘ਸੀ.ਐਮ. ਦੀ ਯੋਗਸ਼ਾਲਾ’ ਦੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਸਫਲਤਾਪੂਰਵਕ ਸ਼ੁਰੂਆਤ ਤੋਂ ਬਾਅਦ, ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣ ਦੇ ਉਦੇਸ਼ ਨਾਲ ਹੁਣ ਇਹ ਜਨ- ਮੁਹਿੰਮ ਸ਼ਨੀਵਾਰ ਤੋਂ ਪਿੰਡ ਅਤੇ ਬਲਾਕ ਪੱਧਰ ‘ਤੇ ਵੀ ਆਪਣੇ ਖੰਭ ਪਸਾਰਣ ਲਈ ਤਿਆਰ ਹੈ। ਸਰਕਾਰ ਨੇ ਇਸ ਉਪਰਾਲੇ ਦੀ ਸਫ਼ਲਤਾ ਲਈ 315 ਨਵੇਂ ਯੋਗਾ ਟਰੇਨਰਾਂ ਦੀ ਭਰਤੀ ਕੀਤੀ ਹੈ, ਜੋ ਕਿ ਬਲਾਕਾਂ ਅਤੇ ਪਿੰਡਾਂ ਵਿੱਚ ਮੁਫਤ ਯੋਗਾ ਕਲਾਸਾਂ ਲਗਾਉਣ ਲਈ ਤਾਇਨਾਤ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਤਿੰਨ ਪੜਾਵਾਂ ਤਹਿਤ 24 ਸ਼ਹਿਰਾਂ ਵਿੱਚ ‘ਸੀਐਮ ਦੀ ਯੋਗਸ਼ਾਲਾ’ ਮੁਹਿੰਮ ਸ਼ੁਰੂ ਕੀਤੀ ਗਈ ਸੀ। ਮੌਜੂਦਾ ਸਮੇਂ ਦੌਰਾਨ, ਰੋਜ਼ਾਨਾ ਸਵੇਰੇ 1600 ਤੋਂ ਵੱਧ ‘ਸੀਐਮ ਦੀ ਯੋਗਸ਼ਾਲਾਵਾਂ’ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ 35000 ਤੋਂ ਵੱਧ ਲੋਕ ਇਨ੍ਹਾਂ ਯੋਗ ਕੈਂਪਾਂ ਦਾ ਲਾਭ ਲੈ ਰਹੇ ਹਨ।
ਪੰਜਾਬ ਸਰਕਾਰ ਨੇ ਇਹ ਜਨ- ਮੁਹਿੰਮ ਨਾ ਸਿਰਫ਼ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਸੀ, ਸਗੋਂ ਉਨ੍ਹਾਂ ਲੋਕਾਂ ਨੂੰ ਤਣਾਅ ਤੋਂ ਮੁਕਤ ਕਰਨ ਲਈ ਵੀ ਸ਼ੁਰੂ ਕੀਤੀ ਸੀ, ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਹਰ ਰੋਜ਼ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਵਿੱਚ ਵਧ ਰਹੇ ਤਣਾਅ ਦਾ ਪੱਧਰ ਹਰ ਕਿਸੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਯੋਗ ਲੋਕਾਂ ਨੂੰ ਇਸ ਤੋਂ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।
ਇੱਛੁਕ ਲੋਕ ਮੁਫਤ ਯੋਗਾ ਸਿਖਲਾਈ ਲੈਣ ਲਈ ਟੋਲ-ਫਰੀ ਨੰਬਰ 7669 400 500 ਡਾਇਲ ਕਰ ਸਕਦੇ ਹਨ ਜਾਂ https://cmdiyogshala.punjab.gov.in ‘ਤੇ ਲੌਗਇਨ ਕਰ ਸਕਦੇ ਹਨ। ਸਿੱਖਿਅਤ ਯੋਗਾ ਇੰਸਟਰਕਟਰ ,ਲੋਕਾਂ ਨੂੰ ਯੋਗਾ ਕਰਵਾਉਣ ਵਿੱਚ ਮਦਦ ਕਰਨਗੇ।
ਹੁਣ ਪਿੰਡਾਂ ਅਤੇ ਬਲਾਕਾਂ ਦੇ ਲੋਕ ਵੀ’ਸੀ.ਐਮ. ਦੀ ਯੋਗਸ਼ਾਲਾ’ ਦਾ ਲੈ ਸਕਣਗੇ ਲਾਭ
Date: