ਫ਼ਿਰੋਜ਼ਪੁਰ, 24 ਜਨਵਰੀ 2024:
ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਜ਼ੋਰ ਸੂਬੇ ਵਿੱਚੋਂ ਹੁਨਰਮੰਦ ਨੌਜਵਾਨੀ ਦੇ ਪਰਵਾਸ (ਬਰੇਨ ਡਰੇਨ) ਦੇ ਰੁਝਾਨ ਨੂੰ ਪਲਟਣ ਉਤੇ ਹੈ। ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਸਨਅਤਕਾਰਾਂ ਨੂੰ ਨਿਵੇਸ਼ ਲਈ ਢੁੱਕਵਾਂ ਤੇ ਸੁਖਾਲਾ ਮਾਹੌਲ ਮਿਲ ਰਿਹਾ ਹੈ, ਨੌਜਵਾਨਾਂ ਨੂੰ ਹੁਣ ਉਨ੍ਹਾਂ ਦੇ ਵਤਨ ਵਿੱਚ ਹੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਿਚ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਨ੍ਹਾਂ ਯਤਨਾ ਸਦਕਾ ਹੀ ਵਿਦੇਸ਼ ਵਿਚ ਵਸੇ ਪੰਜਾਬੀ ਨੌਜਵਾਨ ਜਗਦੀਪ ਸਿੰਘ ਸ਼ੇਰਗਿੱਲ ਪਿੰਡ ਬੂਈਆਂ ਵਾਲਾ ਅਤੇ ਯਾਦਵਿੰਦਰ ਸਿੰਘ ਨੇ ਇੱਥੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਚੰਦ ਸਿੰਘ ਗਿੱਲ ਅਤੇ ਡੇਅਰੀ ਵਿਕਾਸ ਵਿਭਾਗ ਦੇ ਕਾਰਜਕਾਰੀ ਅਫ਼ਰਸ ਕਪਲਮੀਤ ਸਿੰਘ ਨਾਲ ਮੀਟਿੰਗ ਦੌਰਾਨ ਫਿਰੋਜ਼ਪੁਰ ਵਿਖੇ ਅਪਣਾ ਕਾਰੋਬਾਰ ਸਥਾਪਿਤ ਕਰਨ ਦੀ ਇੱਛਾ ਜਤਾਈ। ਇਸ ਮੌਕੇ ਸ. ਗਿੱਲ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਸਰਕਾਰ ਅਤੇ ਨੌਜਵਾਨ ਮਿਲ ਕੇ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨਗੇ ਅਤੇ ਗਤੀਸ਼ੀਲ ਤੇ ਅਗਾਂਹਵਧੂ ਪੰਜਾਬ ਦੀ ਸਿਰਜਣਾ ਕਰਨਗੇ। ਇਸ ਮੌਕੇ ਐਨ.ਆਰ.ਆਈ. ਨੌਜਵਾਨ ਜਗਦੀਪ ਸਿੰਘ ਨੇ ਭਗਵੰਤ ਮਾਨ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਯਤਨਾਂ ਸਦਕਾ ਨਿਵੇਸ਼ ਲਈ ਪੰਜਾਬ ਸਭ ਤੋਂ ਢੁਕਵਾਂ ਸਥਾਨ ਬਣਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਫ਼ਿਰੋਜ਼ਪੁਰ ਵਿਖੇ ਮਿਲਕ ਪ੍ਰੋਸੈਸਿੰਗ ਪਲਾਂਟ ਲਗਾਉਣ ਲਈ ਡੇਅਰੀ ਵਿਕਾਸ ਵਿਭਾਗ ਫ਼ਿਰੋਜ਼ਪੁਰ ਵਿਖੇ ਰਜਿਸਟ੍ਰੇਸ਼ਨ ਵੀ ਕਰਵਾ ਲਈ ਹੈ ਅਤੇ ਛੇਤੀ ਹੀ ਉਸ ਵੱਲੋਂ ਮਿਲਕ ਪ੍ਰੋਸੇਸਿੰਗ ਪਲਾਂਟ ਲਗਾ ਦਿੱਤਾ ਜਾਵੇਗਾ ਜਿਸ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਦੇ ਨਾਲ-ਨਾਲ ਹੋਰਨਾਂ ਨੌਜਵਾਨਾਂ ਨੂੰ ਸਵੈ–ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਣਾ ਮਿਲੇਗੀ। ਇਸ ਮੌਕੇ ਇਕ ਹੋਰ ਐਨ.ਆਰ.ਆਈ. ਨੌਜਵਾਨ ਯਾਦਵਿੰਦਰ ਸਿੰਘ ਨੇ ਵੀ ਛੇਤੀ ਹੀ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਇੱਛਾ ਪ੍ਰਗਟਾਈ। ਸ. ਚੰਦ ਸਿੰਘ ਗਿੱਲ ਨੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਅਤੇ ਅਨੁਕੂਲ ਵਾਤਾਵਰਣ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਰਾਜ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਉਹ ਹਰ ਪ੍ਰਕਾਰ ਨਾਲ ਯੋਗਦਾਨ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸ. ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਣ ਦੇ ਨਾਲ-ਨਾਲ ਨੌਜਵਾਨਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਅਤੇ ਵਿਦੇਸ਼ਾਂ ਵਿਚ ਵਸੇ ਪੰਜਾਬੀ ਨੌਜਵਾਨਾਂ ਨੂੰ ਮੁੜ ਆਪਣੇ ਵਤਨ ਨਾਲ ਜੋੜਨ ਭਰਪੂਰ ਯਤਨ ਕੀਤੇ ਜਾ ਰਹੇ ਹਨ। ਆਪ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ ਵਿੱਚ ਸਿੰਗਲ ਵਿੰਡੋ ਸਥਾਪਤ ਕੀਤੀ ਗਈ ਤਾਂ ਕਿ ਉਦਯੋਗਪਤੀਆਂ ਲਈ ਪ੍ਰਵਾਨਗੀ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਸਿੰਗਲ ਵਿੰਡੋਜ਼ ਉਦਯੋਗਪਤੀਆਂ ਨੂੰ ਆਪਣੇ ਪ੍ਰੋਜੈਕਟਾਂ ਲਈ ਫੌਰੀ, ਨਿਰਵਿਘਨ ਅਤੇ ਔਕੜ ਰਹਿਤ ਪ੍ਰਵਾਨਗੀ ਪ੍ਰਾਪਤ ਕਰਨ ਦੇ ਯੋਗ ਬਣਾਉਣਦੀਆਂ ਹਨ। ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹੇ ਵਿੱਚ ਸਿੰਗਲ ਵਿੰਡੋਜ਼ ਸਥਾਪਤ ਹੋਣ ਨਾਲ ਉਦਯੋਗਪਤੀਆਂ ਨੂੰ ਦਫ਼ਤਰਾਂ ਵਿੱਚ ਭੱਜ-ਦੌੜ ਕਰਨ ਤੋਂ ਬਿਨਾਂ ਹੀ ਪ੍ਰਵਾਨਗੀਆਂ ਪ੍ਰਾਪਤ ਕਰਨ ਵਿੱਚ ਸਹੂਲਤ ਮਿਲਦੀ ਹੈ ਜਿਸ ਨਾਲ ਉਨ੍ਹਾਂ ਦਾ ਸਮਾਂ, ਪੈਸਾ ਅਤੇ ਊਰਜਾ ਦੀ ਬੱਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਰਾਜ ਸਰਕਾਰ ਦਾ ਟੀਚਾ ਪੰਜਾਬ ਨੂੰ ਉਦਯੋਗਿਕ ਵਿਕਾਸ ਵਿੱਚ ਮੋਹਰੀ ਸੂਬਾ ਬਣਾਉਣਾ ਹੈ।