ਮੋਗਾ, 24 ਦਸੰਬਰ- ਭਾਰਤ ਸਰਕਾਰ ਦੇ ਪ੍ਰਸ਼ਾਸ਼ਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਅਤੇ ਪੰਜਾਬ ਸਰਕਾਰ ਦੇ ਗਵਰਨੈਂਸ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਡਾਇਰੈਕਟੋਰੇਟ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਸੁਸ਼ਾਸ਼ਨ ਹਫ਼ਤਾ ਸਫ਼ਲਤਾਪੂਰਵਕ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਸੰਪੰਨ ਕਰ ਦਿੱਤਾ ਗਿਆ ਹੈ। ਇਸ ਹਫ਼ਤੇ ਦੌਰਾਨ ” ਪ੍ਰਸ਼ਾਸ਼ਨ ਗਾਓਂ ਕੀ ਓਰ ” ਮੁਹਿੰਮ ਤਹਿਤ ਆਮ ਲੋਕਾਂ ਨੂੰ ਜਿੱਥੇ ਪ੍ਰਸ਼ਾਸ਼ਨਿਕ ਸੁਧਾਰਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਉਹਨਾਂ ਦੀਆਂ ਸ਼ਿਕਾਇਤਾਂ ਦਾ ਵੀ ਪਹਿਲ ਦੇ ਆਧਾਰ ਉੱਤੇ ਨਿਵਾਰਣ ਕੀਤਾ ਗਿਆ।
ਅੱਜ ਇਸ ਹਫ਼ਤੇ ਦੇ ਅਖੀਰਲੇ ਦਿਨ ਐਸ.ਡੀ.ਐਮ. ਦਫ਼ਤਰ ਮੋਗਾ ਵਿਖੇ ਸ਼ਿਕਾਇਤ ਨਿਵਾਰਨ ਕੈਂਪ ਦਾ ਆਯੋਜਨ ਕੀਤਾ ਗਿਆ। ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਮੌਕੇ ਉਪਰ ਢੁਕਵਾਂ ਨਿਪਟਾਰਾ ਕੀਤਾ ਗਿਆ। ਇਸ ਕੈਂਪ ਵਿੱਚ ਐਸ.ਡੀ.ਐਮ. ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ ਨੇ ਵਿਸ਼ੇਸ਼ ਤੌਰ ਉਪਰ ਸ਼ਿਰਕਤ ਕੀਤੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਕੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ। ਮਿਤੀ 23 ਦਸੰਬਰ ਨੂੰ ਗੁੱਡ ਗਵਰਨੈਂਸ ਵਰਕਸ਼ਾਪ ਦਾ ਆਯੋਜਨ ਸਹਾਇਕ ਕਮਿਸ਼ਨਰ (ਜ) ਸ਼੍ਰੀ ਹਿਤੇਸ਼ਵੀਰ ਗੁਪਤਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿੱਚ ਭੂਮੀ ਸੰਭਾਲ ਵਿਭਾਗ, ਪਿਰਾਮਲ ਫਾਉਂਡੇਸ਼ਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਕ੍ਰਮਵਾਰ ਹਾਈਡਰੋਹੋਪ ਪ੍ਰੋਜੈਕਟ, ਅਨੀਮੀਆ ਮੁਕਤ ਮੋਗਾ ਅਤੇ ਅਡਵਾਂਸਡ ਸੋਆਇਲ ਟੈਸਟਿੰਗ ਲੈਬੋਰਟਰੀ ਦੀ ਕਾਰਗੁਜ਼ਾਰੀ ਬਾਰੇ ਵਿਸ਼ੇਸ਼ ਤੌਰ ਉੱਤੇ ਪੇਸ਼ਕਾਰੀਆਂ ਕੀਤੀਆਂ ਗਈਆਂ।
ਇਸ ਤੋਂ ਇਲਾਵਾ ਮਿਤੀ 19 ਅਤੇ 20 ਦਸੰਬਰ ਨੂੰ ਐੱਸ ਡੀ ਐੱਮ ਦਫ਼ਤਰ ਨਿਹਾਲ ਸਿੰਘ ਵਾਲਾ, 23 ਨੂੰ ਐਸ.ਡੀ.ਐਮ. ਦਫ਼ਤਰ ਮੋਗਾ ਵਿਖੇ ਸ਼ਿਕਾਇਤ ਨਿਵਾਰਣ ਕੈਂਪਾਂ ਦਾ ਆਯੋਜਨ ਕੀਤਾ ਗਿਆ ਸੀ। ਮਿਤੀ 21 ਅਤੇ 22 ਦਸੰਬਰ ਨੂੰ ਹਰੇਕ ਵਿਭਾਗ ਵੱਲੋਂ ਆਪਣੇ ਦਫ਼ਤਰ ਪੱਧਰ ਉੱਤੇ ਵਿਸ਼ੇਸ਼ ਮੁਹਿੰਮ ਚਲਾ ਕੇ ਬਕਾਇਆ ਪਈਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਸੀ।
ਸ੍ਰ. ਸਾਰੰਗਪ੍ਰੀਤ ਸਿੰਘ ਨੇ ਕਿਹਾ ਕਿ ਇਸ ਸਪਤਾਹ ਵਿੱਚ ਸਮੂਹ ਵਿਭਾਗਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਸ਼ਿਕਾਇਤਾਂ ਦਾ ਹੱਲ ਕਰਕੇ ਸਰਕਾਰੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।