ਸਰਸ ਮੇਲਾ ਮੋਹਾਲੀ ਦੇ ਨੌਵੇਂ ਦਿਨ ਪਟਿਆਲਾ ਅਤੇ ਮੋਹਾਲੀ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਲੋਕ-ਗੀਤ, ਲੋਕ-ਨਾਚ, ਨਾਟਕ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਅਕਤੂਬਰ:

ਆਜੀਵਿਕਾ ਸਰਸ ਮੇਲਾ-2024 ਜੋ ਕਿ ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਦੀ ਧਰਤੀ ‘ਤੇ ਹਰ ਚੜ੍ਹਦੀ ਸਵੇਰ ਮੇਲੀਆਂ ਨੂੰ ਖੁਸ਼-ਆਮਦੀਦ ਕਹਿ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਮੇਲਾ ਅਫਸਰ ਸੋਨਮ ਚੌਧਰੀ ਦੀ ਅਗਵਾਈ ਵਿੱਚ ਮੇਲੀਆਂ ਦੇ ਮਨੋਰੰਜਨ ਲਈ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਲਗਾਤਾਰ ਹਰ ਰੋਜ਼ ਨਵੀਂ ਵੰਨਗੀਆਂ ਦੇ ਨਾਲ਼ ਮੇਲੀਆਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ। 

     ਅੱਜ ਮੇਲੇ ਦੇ ਨੌਵੇਂ ਦਿਨ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਮੀਲੇਨੀਅਮ ਸਕੂਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਦਿਆਰਥੀਆਂ ਨੇ ਲੋਕ-ਗੀਤ, ਲੋਕ-ਨਾਚ, ਨਾਟਕ ਅਤੇ ਕੋਰੀਓਗ੍ਰਾਫੀ ਰਾਹੀਂ ਜਿੱਥੇ ਪਰਾਲੀ ਨਾ ਸਾੜਨ ਦਾ ਹੋਕਾ ਦਿੱਤਾ, ਉੱਥੇ ਨਾਲ਼ ਹੀ ਗ੍ਰੀਨ ਦਿਵਾਲੀ ਮਨਾਉਣ ਦਾ ਸੱਦਾ ਵੀ ਦਿੱਤਾ। ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕ ਸਤਵੀਰ ਸਿੰਘ ਗਿੱਲ ਵੱਲੋਂ ਮੇਲੇ ਦੀ ਖੂਬ ਸ਼ਲਾਘਾ ਕੀਤੀ ਗਈ। 

    ਮੇਲੇ ਵਿੱਚ ਉੱਤਰ ਖੇਤਰੀ ਸੱਭਿਆਚਾਰ ਖੇਤਰ ਪਟਿਆਲਾ ਦੇ ਵੱਖ-ਵੱਖ ਲੋਕ-ਨਾਚ ਜਿੱਥੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ ਉੱਥੇ ਹੀ ਪੰਜਾਬ ਪੁਲਿਸ ਦਾ ਸੱਭਿਆਚਾਰਕ ਬੈਂਡ ਵੀ ਲੋਕ-ਗੀਤਾਂ ਅਤੇ ਲੋਕ ਨਾਚਾਂ ਰਾਹੀਂ ਮੇਲੀਆਂ ਨੂੰ ਆਪਣੇ ਵੱਖਰੇ ਅੰਦਾਜ ਵਿੱਚ ਝੁੰਮਣ ਲਗਾ ਰਿਹਾ ਹੈ ਜਾਂ ਕਹਿ ਲਈਏ ਬਿਨਾਂ ਡੰਡੇ ਤੋਂ ਢੋਲ ਦੇ ਡੱਗੇ,  ਬੰਸਰੀ ਦੀ ਮਿੱਠੀ ਧੁਨ, ਚਿਮਟੇ ਤੇ ਕਾਟੋਆਂ ਨਾਲ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਮੇਲੀਆਂ ਨੂੰ ਝੁੰਮਣ ਲਗਾ ਦਿੰਦੇ ਹਨ। ਗਰੁੱਪ ਲੀਡਰ ਹਰਿੰਦਰ ਸਿੰਘ ਢੀਂਡਸਾ, ਹਰਦੀਪ ਸਿੰਘ ਜੱਸੜ ਸਤਵਿੰਦਰ ਸਿੰਘ, ਕਰਮਰਾਜ ਕਰਮਾ ਅਤੇ ਹਰਵਿੰਦਰ ਕੌਰ ਵੱਲੋਂ ਲਗਾਤਾਰ ਲੋਕ-ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ। 

    ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੈਡਮ ਕੁਲਵਿੰਦਰ ਕੌਰ, ਸ਼੍ਰੀ ਰਣਵੀਰ ਸਿੰਘ, ਹਰਮੀਤ ਕੌਰ ਅਤੇ ਉੱਤਰ ਖੇਤਰੀ ਸਭਿਆਚਾਰ ਕੇਂਦਰ ਵੱਲੋਂ ਸੰਜੀਵ ਸ਼ਾਦ ਵੱਲੋਂ ਬਾਖੂਬੀ ਨਿਭਾਈ ਗਈ।

[wpadcenter_ad id='4448' align='none']