ਜ਼ਿਲ੍ਹਾ ਮੋਗਾ ਵਿੱਚ ਬੂਟੇ ਲਾਉਣ ਅਤੇ ਸੰਭਾਲਣ ਦੀ ਇਕ ਸਾਲ ਦੀ ਯੋਜਨਾ ਤਿਆਰ

Date:

ਮੋਗਾ, 4 ਜੁਲਾਈ (000) – ਜ਼ਿਲ੍ਹਾ ਮੋਗਾ ਨੂੰ ਹਰਿਆਲੀ ਪੱਖੋਂ ਭਰਪੂਰ ਬਣਾਉਣ ਦੇ ਮਿੱਥੇ ਟੀਚੇ ਤਹਿਤ ਮੌਜੂਦਾ ਵਿੱਤੀ ਵਰ੍ਹੇ ਅੰਦਰ 5 ਲੱਖ ਤੋਂ ਵਧੇਰੇ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਹੀ ਪਰਵਰਿਸ਼ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ ਇਕ ਸਾਲ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਦੌਰਾਨ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਤੌਰ ਉੱਤੇ ਦੇਖਿਆ ਗਿਆ ਹੈ ਕਿ ਨਿਰਧਾਰਤ ਟੀਚੇ ਮੁਤਾਬਿਕ ਬੂਟੇ ਸਹੀ ਤਰੀਕੇ ਨਾਲ ਲੱਗਦੇ ਹੀ ਨਹੀਂ। ਇਸ ਲਈ ਫੈਸਲਾ ਕੀਤਾ ਗਿਆ ਹੈ ਕਿ ਪੇਂਡੂ ਖੇਤਰਾਂ ਵਿੱਚ ਟੋਏ ਪੁੱਟਣ ਦਾ ਕੰਮ ਨਰੇਗਾ ਵਰਕਰ ਕਰਨਗੇ। ਇਹੀ ਵਰਕਰ ਇਕ ਸਾਲ ਇਹਨਾਂ ਬੂਟਿਆਂ ਨੂੰ ਪਾਣੀ ਪਾਉਣਾ ਵੀ ਯਕੀਨੀ ਬਣਾਉਣਗੇ। ਇਸ ਲਈ ਹਰੇਕ ਵਿਭਾਗ ਮੁਖੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਤੁਰੰਤ ਨਰੇਗਾ ਵਰਕਰਾਂ ਦੀ ਲੋੜ ਅਨੁਸਾਰ ਮੰਗ ਕਰ ਲੈਣ। ਸ਼ਹਿਰੀ ਖੇਤਰਾਂ ਵਿੱਚ ਬੂਟੇ ਲਾਉਣ ਅਤੇ ਪਾਣੀ ਪਾਉਣ ਦਾ ਕੰਮ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੇ ਕਰਮਚਾਰੀ ਜਾਂ ਮਾਲੀ ਕਰਨਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਗਾਮੀ ਮੌਨਸੂਨ ਦੌਰਾਨ ਸ਼ੁਰੂ ਕੀਤੀ ਜਾਣ ਵਾਲੀ ਇਸ ਮੁਹਿੰਮ ਦੌਰਾਨ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ। ਰਾਊਂਡ ਗਲਾਸ ਸੰਸਥਾ ਵੱਲੋਂ 1 ਫੁੱਟ ਤੋਂ ਵੱਡੇ ਅਤੇ ਸੋਢੀ ਫਾਉਂਡੇਸ਼ਨ ਵਲੋਂ ਤਿੰਨ ਫੁੱਟ ਤੋਂ ਉੱਚੇ ਬੂਟੇ ਲਗਾਏ ਜਾਣਗੇ ਤਾਂ ਜੋ ਇਹਨਾਂ ਬੂਟਿਆਂ ਨੂੰ ਭਵਿੱਖ ਵਿੱਚ ਪਾਲਣਾ ਸੌਖਾ ਹੋ ਸਕੇ। ਪੂਰੇ ਜ਼ਿਲ੍ਹੇ ਵਿਚ 15 ਜੰਗਲ ਲਗਾਉਣ ਦਾ ਵੀ ਟੀਚਾ ਹੈ। ਜਿਹੜੇ ਪਿੰਡਾਂ ਵਿੱਚ ਇਹ ਜੰਗਲ ਲਗਾਉਣ ਦਾ ਪ੍ਰਸਤਾਵ ਹੈ, ਉਹਨਾਂ ਪਿੰਡਾਂ ਦੀ ਪਛਾਣ ਕਰ ਲਈ ਗਈ ਹੈ। ਇਹਨਾਂ ਮਿੰਨੀ ਜੰਗਲਾਂ ਦੀ ਚਾਰ ਦੁਆਰੀ ਬਾਂਸ ਦੇ ਦਰੱਖਤਾਂ ਨਾਲ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿਹੜੇ ਬੂਟੇ ਦਰੱਖ਼ਤ ਪਹਿਲਾਂ ਲੱਗੇ ਹੋਏ ਹਨ, ਉਹ ਵੀ ਸਾਂਭੇ ਜਾਣਗੇ। ਨਵੇਂ ਬੂਟੇ ਉਹ ਲਾਉਣੇ ਹਨ ਜੋ ਅੱਗੇ ਬਚੇ ਰਹਿਣ।
ਉਹਨਾਂ ਕਿਹਾ ਕਿ ਇਸ ਸਾਲ ਮਿੱਥੇ ਗਏ ਇਸ ਟੀਚੇ ਨੂੰ ਹਾਸਲ ਕਰਨ ਲਈ ਲੋਕਾਂ ਦੀ ਸਰਗਰਮ ਹਿੱਸੇਦਾਰੀ ਦੀ ਜ਼ਰੂਰਤ ਹੈ ਕਿਉਂਕਿ ਹਰ ਨਾਗਰਿਕ ਦਾ ਵੀ ਇਹ ਨੈਤਿਕ ਫਰਜ਼ ਹੈ ਕਿ ਉਹ ਆਪਣੇ ਆਲੇ ਦੁਆਲੇ ਨੂੰ ਹਰਿਆਲੀ ਭਰਪੂਰ ਬਣਾਉਣ ਲਈ ਕੁਦਰਤ ਨਾਲ ਆਪਣੀ ਸਾਂਝ ਨੂੰ ਮਜ਼ਬੂਤ ਕਰੇ।
ਵਧੀਕ ਡਿਪਟੀ ਕਮਿਸ਼ਨਰ ਨੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰੇਕ ਵਿਭਾਗ ਦੇ ਅਧੀਨ ਆਉਂਦੀਆਂ ਥਾਵਾਂ ਵਿੱਚੋਂ ਅਜਿਹੇ ਖਾਲੀ ਸਥਾਨਾਂ ਦੀ ਸੂਚੀ ਮੁਹੱਈਆ ਕਰਵਾਈ ਜਾਵੇ ਜਿਥੇ ਕਿ ਮੌਨਸੂਨ ਸੀਜ਼ਨ ਦੌਰਾਨ ਬੂਟੇ ਲਗਾਏ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਣ ਵਿਭਾਗ ਵੱਲੋਂ ਇਸ ਟੀਚੇ ਦੀ ਪ੍ਰਾਪਤੀ ਲਈ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਨੂੰ ਸਾਰਿਆਂ ਦੇ ਸਹਿਯੋਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ। ਕੁੱਲ 5 ਲੱਖ ਬੂਟਿਆਂ ਵਿੱਚੋਂ 1.50 ਲੱਖ ਬੂਟੇ ਜੰਗਲਾਤ ਵਿਭਾਗ ਵੱਲੋਂ ਆਪਣੇ ਪੱਧਰ ਉੱਤੇ ਲਗਾਏ ਜਾਣਗੇ ਜਦਕਿ ਬਾਕੀ ਬੂਟੇ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਲਗਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਜਿਆਦਾਤਰ ਬੂਟੇ ਮਗਨਰੇਗਾ ਰਾਹੀਂ ਲਗਵਾਏ ਜਾਣ ਜਦਕਿ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਨਾਲ ਕਿਸਾਨਾਂ, ਸਮਾਜ ਸੇਵੀ ਸੰਗਠਨਾਂ, ਗੈਰ ਸਿਆਸੀ ਜਥੇਬੰਦੀਆਂ, ਵਿਦਿਅਕ ਅਦਾਰਿਆਂ, ਯੂਥ ਕਲੱਬਾਂ, ਖੇਡ ਕਲੱਬਾਂ ਨਾਲ ਤਾਲਮੇਲ ਕਰਦੇ ਹੋਏ ਵੀ ਇਸ ਉਦੇਸ਼ ਦੀ ਪੂਰਤੀ ਲਈ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਨਿਵਾਸੀਆਂ ਨੂੰ ਵੀ ਬੂਟੇ ਮੁਫ਼ਤ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਲੋਕ ਆਪਣੇ ਆਲੇ ਦੁਆਲੇ ਖਾਲੀ ਪਈਆਂ ਥਾਵਾਂ, ਪਲਾਟਾਂ ਆਦਿ ਵਿੱਚ ਬੂਟੇ ਲਗਾ ਸਕਣ। ਉਨ੍ਹਾਂ ਦੱਸਿਆ ਕਿ ਰਵਾਇਤੀ ਕਿਸਮਾਂ ਦੇ ਬੂਟੇ ਜਿਵੇਂ ਬੋਹੜ, ਪਿੱਪਲ, ਕਿੱਕਰ, ਟਾਹਲੀ, ਨਿੰਮ ਆਦਿ ਦੇ ਨਾਲ ਨਾਲ ਫੁੱਲਾਂ ਦੀਆਂ ਵਿਭਿੰਨ ਕਿਸਮਾਂ, ਛਾਂਦਾਰ ਬੂਟੇ ਵੀ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਵਣ ਵਿਭਾਗੀ ਅਤੇ ਹੋਰ ਨਰਸਰੀਆਂ ਵਿੱਚ 11 ਲੱਖ ਬੂਟੇ ਤਿਆਰ ਕੀਤੇ ਗਏ ਹਨ। ਮੀਟਿੰਗ ਦੌਰਾਨ ਐਸ.ਡੀ.ਐਮ ਮੋਗਾ ਸ੍ਰ ਸਾਰੰਗਪ੍ਰੀਤ ਸਿੰਘ ਔਜਲਾ ਸਮੇਤ ਹੋਰ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 20 ਦਸੰਬਰ 2024

Hukamnama Sri Harmandir Sahib Ji ਧਨਾਸਰੀ ਭਗਤ ਰਵਿਦਾਸ ਜੀ ਕੀ ੴ...

ਵਿਸ਼ਵ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ 19 ਨਵੰਬਰ 2024- ਹਾਲ ਹੀ ਵਿੱਚ ਸਿੰਗਾਪੁਰ ਵਿਖੇ ਹੋਈ ਸ਼ਤਰੰਜ ਦੀ ਵਿਸ਼ਵ...

ਬਾਲ ਭਿੱਖਿਆ ਨੂੰ ਰੋਕਣ ਲਈ ਟੀਮਾਂ ਵੱਲੋਂ ਗਿੱਦੜਬਾਹਾ ਵਿਖੇ ਕੀਤੀ ਗਈ ਚੈਕਿੰਗ

ਸ੍ਰੀ ਮੁਕਤਸਰ ਸਾਹਿਬ, 19 ਦਸੰਬਰ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਤੇ ਇਸਤਰੀ...