ਸ੍ਰੀ ਮੁਕਤਸਰ ਸਾਹਿਬ 27 ਫਰਵਰੀ
ਜਿਲ੍ਹੇ ਵਿਚ ਸਰੋਂ ਦੀ ਕਾਸ਼ਤ ਨੂੰ ਪ੍ਰਫੁੱਲਤ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਗੋਭੀ ਸਰ੍ਹੋਂ ਦੀ ਕਿਸਮ ਜੀ.ਐਸ.ਸੀ 7 ਦੇ ਪ੍ਰਦਰਸ਼ਨੀ ਪਲਾਟ ਲਗਾਏ ਗਏ ਹਨ। ਇਸ ਸਬੰਧੀ ਕੇ.ਵੀ.ਕੇ ਵਲੋਂ ਅੱਜ ਪਿੰਡ ਮਧੀਰ ਵਿਖੇ ਸਰ੍ਹੋਂ ਸਬੰਧੀ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਿੰਡ ਦੇ ਲਗਭਗ 50 ਸੂਝਵਾਨ ਕਿਸਾਨ ਵੀਰਾਂ ਨੇ ਭਾਗ ਲਿਆ। ਇਸ ਸਬੰਧੀ ਡਾ. ਗੁਰਮੇਲ ਸਿੰਘ ਸੰਧੂ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਗੋਭੀ ਸਰ੍ਹੋਂ ਦੀ ਵੱਧ ਝਾੜ ਦੇਣ ਵਾਲੀ ਕਨੋਲਾ ਕੁਆਲਿਟੀ ਦੀ ਕਿਸਮ ਜੀ ਐਸ ਸੀ 7 ਵਿਕਸਤ ਕੀਤੀ ਗਈ ਹੈ ਜਿਸ ਦਾ ਤੇਲ ਮਨੁੱਖੀ ਸਿਹਤ ਲਈ ਬਹੁਤ ਗੁਣਕਾਰੀ ਹੈ।
ਉਹਨਾ ਦੱਸਿਆ ਕਿ ਕਿਸਾਨ ਵੀਰਾਂ ਨੂੰ ਬਾਕੀ ਕਿਸਮਾਂ ਦੇ ਮੁਕਾਬਲੇ ਇਸ ਕਿਸਮ ਦੀ ਕਾਸ਼ਤ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਦੌਰਾਨ ਉਹਨਾਂ ਸਰ੍ਹੋਂ ਤੇ ਕੀੜੇੑਮਕੌੜੇ ਅਤੇ ਬਿਮਾਰੀਆਂ ਦੀ ਸੁੱਚਜੀ ਰੋਕਥਾਮ ਲਈ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਦੇ ਨਾਲ ਨਾਲ ਉਹਨਾਂ ਨੇ ਕਣਕ ਦੇ ਸੁਚੱਜੇ ਭੰਡਾਰਨ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ।
ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਦੱਸਿਆ ਕਿ ਕਣਕ ਦੀ ਗੋਭ ਦੀ ਅਵਸਥਾ ਤੇ 2.0 ਪ੍ਰਤੀਸ਼ਤ ਦੇ ਹਿਸਾਬ ਨਾਲ ਪੋਟਾਸ਼ੀਅਮ ਨਾਈਟ੍ਰੇਟ (13—0—45) ਦਾ ਛਿੜਕਾਅ ਕਰਨਾ ਚਾਹੀਦਾ ਹੈ ਤਾਂ ਜੋ ਗਰਮੀ ਦੇ ਪ੍ਰਭਾਵ ਨੂੰ ਘਟਾਇਆ ਜਾ ਸਕੇ। ਇਸ ਤੋਂ ਇਲਾਵਾ ਉਹਨਾਂ ਨੇ ਗਰਮ ਰੁੱਤ ਦੀਆਂ ਦਾਲਾਂ, ਅਗੇਤੇ ਚਾਰੇ ਅਤੇ ਹਲਦੀ ਦੀ ਕਾਸ਼ਤ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਡਾ. ਮਨਜੀਤ ਕੌਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਮਿੱਟੀ ਪਾਣੀ ਪਰਖ ਦੀ ਮਹੱਤਤਾ ਬਾਰੇ ਗੱਲਬਾਤ ਕਰਨ ਤੋਂ ਇਲਾਵਾ ਮਿੱਟੀ ਅਤੇ ਪਾਣੀ ਦੇ ਨਮੂਨੇ ਲੈਣ ਦੇ ਸਹੀ ਢੰਗ ਸੰਬੰਧੀ ਜਾਣਕਾਰੀ ਦਿੱਤੀ।
ਡਾ. ਵਿਵੇਕ ਸ਼ਰਮਾ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਪਸ਼ੂਆਂ ਦੇ ਵਾਰ ਵਾਰ ਫ਼ਿਰ ਜਾਣ ਦੀ ਸਮੱਸਿਆ ਬਾਰੇ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਕਾਂ ਨੂੰ ਹੇਹੇ ਦੇ ਲੱਛਣਾਂ ਬਾਰੇ ਅਤੇ ਟੀਕਾ ਭਰਾਉਣ ਦੇ ਸਹੀ ਸਮੇਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਲੰਪੀ ਚਮੜੀ ਰੋਗ ਦੀ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਸਬੰਧੀ ਸੁਝਾਅ ਸਾਂਝੇ ਕੀਤੇ।
ਡਾ. ਸੁਖਜਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਫਲ ਵਿਗਿਆਨ) ਨੇ ਫਲਦਾਰ ਬੂਟਿਆਂ ਦੀ ਸੁਚੱਜੀ ਕਾਸ਼ਤ ਅਤੇ ਗਰਮ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਸੰਬੰਧੀ ਜਾਣਕਾਰੀ ਦਿੱਤੀ। ਅੰਤ ਵਿਚ ਉਹਨਾਂ ਨੇ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਖੇਤੀ ਸਾਹਿਤ ਪੜ੍ਹਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਵਿਚ ਸ਼ਾਮਿਲ ਹੋਏ ਸਾਰੇ ਹੀ ਕਿਸਾਨ ਵੀਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।
ਕੇ.ਵੀ.ਕੇ ਵੱਲੋਂ ਸਰ੍ਹੋਂ ਸਬੰਧੀ ਖੇਤ ਦਿਵਸ ਦਾ ਆਯੋਜਨ
Date: