Parliament Security Breach Update
ਸੰਸਦ ਸਕੱਤਰੇਤ ਨੇ 13 ਦਸੰਬਰ ਨੂੰ ਸੰਸਦ ਵਿੱਚ ਘੁਸਪੈਠ ਦੇ ਮਾਮਲੇ ਵਿੱਚ 8 ਸੁਰੱਖਿਆ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਸੁਰੱਖਿਆ ਕਰਮਚਾਰੀਆਂ ਦੇ ਨਾਂ ਰਾਮਪਾਲ, ਅਰਵਿੰਦ, ਵੀਰ ਦਾਸ, ਗਣੇਸ਼, ਅਨਿਲ, ਪ੍ਰਦੀਪ, ਵਿਮਿਤ ਅਤੇ ਨਰਿੰਦਰ ਹਨ।
ਅੱਜ ਪੀਐਮ ਮੋਦੀ ਸੰਸਦ ਪਹੁੰਚੇ ਅਤੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕੀਤੀ। ਬੈਠਕ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਅਨੁਰਾਗ ਠਾਕੁਰ ਮੌਜੂਦ ਸਨ।
ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਪਹਿਲਾਂ ਵੀ ਸੰਸਦ ਦੇ ਬਾਹਰ ਰੇਕੀ ਕਰ ਚੁੱਕੇ ਹਨ। ਸਾਰੇ ਮੁਲਜ਼ਮ ਇੱਕ ਸੋਸ਼ਲ ਮੀਡੀਆ ਪੇਜ ‘ਭਗਤ ਸਿੰਘ ਫੈਨ ਕਲੱਬ’ ਨਾਲ ਜੁੜੇ ਹੋਏ ਸਨ।
ਕਰੀਬ ਡੇਢ ਸਾਲ ਪਹਿਲਾਂ ਸਾਰੇ ਮੁਲਜ਼ਮ ਮੈਸੂਰ ਵਿੱਚ ਮਿਲੇ ਸਨ। ਦੋਸ਼ੀ ਸਾਗਰ ਜੁਲਾਈ ‘ਚ ਲਖਨਊ ਤੋਂ ਦਿੱਲੀ ਆਇਆ ਸੀ ਪਰ ਸੰਸਦ ਭਵਨ ‘ਚ ਦਾਖਲ ਨਹੀਂ ਹੋ ਸਕਿਆ। 10 ਦਸੰਬਰ ਨੂੰ ਇਕ-ਇਕ ਕਰਕੇ ਸਾਰੇ ਆਪੋ-ਆਪਣੇ ਸੂਬਿਆਂ ਤੋਂ ਦਿੱਲੀ ਪਹੁੰਚ ਗਏ।
ਇਹ ਵੀ ਪੜ੍ਹੋ: ਸੰਸਦ ‘ਤੇ ਹਮਲੇ ਦੀ 22ਵੀਂ ਬਰਸੀ ‘ਤੇ ਸੁਰੱਖਿਆ ਵਿਚ ਵੱਡੀ ਢਿੱਲ, ਲੋਕਸਭਾ ‘ਚ ਘੁਸੇ ਦੋ ਨੌਜਵਾਨ
ਘਟਨਾ ਵਾਲੇ ਦਿਨ ਸਾਰੇ ਮੁਲਜ਼ਮ ਇੰਡੀਆ ਗੇਟ ਨੇੜੇ ਇਕੱਠੇ ਹੋਏ, ਜਿੱਥੇ ਸਾਰਿਆਂ ਨੂੰ ਕਲਰ ਸਪਰੇਅ ਵੰਡੀ ਗਈ। ਪੁਲਿਸ ਨੇ ਕਿਹਾ, ਸ਼ੁਰੂਆਤੀ ਜਾਂਚ ਦੇ ਮੁਤਾਬਕ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਦਾ ਮੁੱਖ ਸਾਜ਼ਿਸ਼ਕਰਤਾ ਕੋਈ ਹੋਰ ਹੈ।
ਦਿੱਲੀ ਪੁਲਿਸ ਨੇ ਯੂਏਪੀਏ ਤਹਿਤ ਕੀਤਾ ਮਾਮਲਾ ਦਰਜ
ਦੂਜੇ ਪਾਸੇ ਦਿੱਲੀ ਪੁਲਿਸ ਨੇ ਅੱਤਵਾਦ ਵਿਰੋਧੀ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਲੋਕ ਸਭਾ ਸਕੱਤਰੇਤ ਦੀ ਬੇਨਤੀ ‘ਤੇ ਗ੍ਰਹਿ ਮੰਤਰਾਲੇ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੀਆਰਪੀਐਫ ਦੇ ਡਾਇਰੈਕਟਰ ਜਨਰਲ ਅਨੀਸ਼ ਦਿਆਲ ਸਿੰਘ ਦੀ ਅਗਵਾਈ ਵਿੱਚ ਇੱਕ ਜਾਂਚ ਕਮੇਟੀ ਬਣਾਈ ਗਈ ਹੈ। ਇਸ ਵਿੱਚ ਹੋਰ ਸੁਰੱਖਿਆ ਏਜੰਸੀਆਂ ਅਤੇ ਮਾਹਿਰ ਸ਼ਾਮਲ ਹਨ।
ਪੁਲਿਸ ਨੇ ਦੱਸਿਆ ਕਿ ਕੁੱਲ ਛੇ ਮੁਲਜ਼ਮ ਹਨ। ਦੋ ਅੰਦਰ ਵੜ ਗਏ ਸਨ ਜਦਕਿ ਦੋ ਬਾਹਰ ਵਿਰੋਧ ਕਰ ਰਹੇ ਸਨ। ਪੁੱਛਗਿੱਛ ਦੌਰਾਨ ਦੋ ਹੋਰ ਵਿਅਕਤੀਆਂ ਦੇ ਨਾਂ ਸਾਹਮਣੇ ਆਏ। ਫਿਲਹਾਲ ਪੰਜ ਗ੍ਰਿਫਤਾਰ ਹਨ ਅਤੇ ਇੱਕ ਫਰਾਰ ਹੈ।
Parliament Security Breach Update