ਜ਼ਿਲ੍ਹਾ ਪੱਧਰ ਉਤੇ ਹੋਣਗੀਆਂ ‘ਪਿੰਡ-ਸਰਕਾਰ ਮਿਲਣੀਆਂ’
ਚੰਡੀਗੜ੍ਹ, 26 ਜੂਨ:
Pind-Sarkar Milnis ਸੂਬੇ ਵਿਚ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ‘ਕਿਸਾਨ-ਸਰਕਾਰ ਮਿਲਣੀ’ ਦੀ ਤਰਜ਼ ਉਤੇ ‘ਪਿੰਡ-ਸਰਕਾਰ ਮਿਲਣੀ’ ਕਰਵਾਈ ਜਾਵੇਗੀ ਜਿਸ ਵਿਚ ਪਿੰਡਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵਿਕਾਸ ਕਾਰਜਾਂ ਵਿਚ ਭਾਈਵਾਲ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸੁਝਾਅ ਹਾਸਲ ਕੀਤੇ ਜਾ ਸਕਣ।
ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਪਿੰਡ-ਸਰਕਾਰ ਮਿਲਣੀ’ ਜ਼ਿਲ੍ਹਾ ਪੱਧਰ ਉਤੇ ਕਰਵਾਈ ਜਾਵੇਗੀ ਜਿੱਥੇ ਪੰਚਾਇਤਾਂ ਅਧਿਕਾਰੀਆਂ ਨੂੰ ਪਿੰਡਾਂ ਦੇ ਵਿਕਾਸ ਲਈ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂੰ ਕਰਵਾਉਣਗੀਆਂ। ਮੁੱਖ ਮੰਤਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ‘ਪਿੰਡ-ਸਰਕਾਰ ਮਿਲਣੀਆਂ’ ਲਈ ਢੁਕਵੇਂ ਪ੍ਰਬੰਧ ਕਰਨ ਲਈ ਆਖਿਆ ਤਾਂ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੀ ਗੱਲ ਰੱਖਣ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਭਗਵੰਤ ਮਾਨ ਨੇ ਕਿਹਾ ਕਿ ਇਹ ਮਿਲਣੀਆਂ ਮਾਲਵਾ ਖਿੱਤੇ ਵਿਚ ਦੋ ਦਿਨ ਜਦਕਿ ਦੋਆਬੇ ਤੇ ਮਾਝੇ ਵਿਚ ਇਕ-ਇਕ ਦਿਨ ਕਰਵਾਈਆਂ ਜਾਣਗੀਆਂ ਕਿਉਂ ਜੋ ਸੂਬੇ ਦੇ 60 ਫੀਸਦੀ ਪਿੰਡ ਮਾਲਵੇ ਖੇਤਰ ਵਿਚ ਪੈਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਅਕਸਰ ਦੇਖਿਆ ਗਿਆ ਕਿ ਪੰਚਾਇਤਾਂ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਪੱਧਰ ਉਤੇ ਹੱਲ ਹੋਣ ਵਾਲੇ ਛੋਟੇ-ਛੋਟੇ ਮਸਲੇ ਵੀ ਸਬੰਧਤ ਅਧਿਕਾਰੀਆਂ ਤੱਕ ਨਹੀਂ ਪਹੁੰਚਾ ਸਕਦੀਆਂ ਜਿਸ ਨਾਲ ਲੋਕਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੀਆਂ ਕਈ ਪੰਚਾਇਤਾਂ ਨੇ ਨਿਵੇਕਲੇ ਪ੍ਰਾਜੈਕਟ ਲਾਗੂ ਕਰਕ ਆਪੋ-ਆਪਣੇ ਪਿੰਡਾਂ ਨੂੰ ਮਾਡਰਨ ਪਿੰਡਾਂ ਵਜੋਂ ਵਿਕਸਤ ਕੀਤਾ ਹੈ ਜਿਸ ਨਾਲ ਇਨ੍ਹਾਂ ਪੰਚਾਇਤਾਂ ਪਾਸੋਂ ਸੁਝਾਅ ਵੀ ਲਏ ਜਾਣਗੇ। ਇਸੇ ਕਰਕੇ ਸੂਬੇ ਵਿਚ ਪਿੰਡ-ਸਰਕਾਰ ਮਿਲਣੀਆਂ ਕਰਵਾਉਣ ਦਾ ਫੈਸਲਾ ਲਿਆ ਹੈ। Pind-Sarkar Milnisb
ਸੂਬੇ ਵਿਚ ‘ਕਿਸਾਨ-ਸਰਕਾਰ ਮਿਲਣੀ’ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮਿਲਣੀਆਂ ਵਿਚ ਉਨ੍ਹਾਂ ਨੇ ਖੁਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਜਾ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਨਹਿਰੀ ਪਾਣੀ ਸਮੇਂ ਸਿਰ ਛੱਡਣ, ਝੋਨੇ ਦੀ ਬਿਜਾਈ ਆਦਿ ਬਾਰੇ ਸੁਝਾਅ ਵੀ ਦਿੱਤੇ ਸਨ ਜਿਸ ਦੇ ਮੁਤਾਬਕ ਸਰਕਾਰ ਨੇ ਸੂਬਾ ਭਰ ਵਿਚ ਇਸ ਵਾਰ ਨਹਿਰੀ ਪਾਣੀ ਦੀ ਕਮੀ ਨਹੀਂ ਆਉਣ ਦਿੱਤੀ। Pind-Sarkar Milnis
ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਏ. ਵੇਨੂੰ ਪ੍ਰਸਾਦ ਤੇ ਹੋਰ ਅਧਿਕਾਰੀ ਹਾਜ਼ਰ ਸਨ।