ਟ੍ਰਾਈਸਿਟੀ ਦੇ ਪ੍ਰਖ਼ਰ ਗੁਪਤਾ ਨੇ ਪਹਿਲੀ ਕੋਸ਼ਿਸ਼ ਵਿੱਚ ਸੀ.ਏ. ਦੀ ਪ੍ਰੀਖਿਆ ਕੀਤੀ ਪਾਸ

ਐਸ.ਏ.ਐਸ. ਨਗਰ/ਚੰਡੀਗੜ੍ਹ, 11 ਜੁਲਾਈ:

ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟ ਆਫ਼ ਇੰਡੀਆ (ਆਈ.ਸੀ.ਏ.ਆਈ.) ਵੱਲੋਂ ਹਰ ਸਾਲ ਮਈ ਵਿੱਚ ਲਈਆਂ ਜਾਂਦੀਆਂ ਸੀ.ਏ. ਫਾਈਨਲ ਤੇ ਇੰਟਰਮੀਡੀਏਟ ਪ੍ਰੀਖਿਆਵਾਂ ਦੇ ਅੱਜ ਐਲਾਨੇ ਨਤੀਜੇ ਵਿੱਚ ਟ੍ਰਾਈਸਿਟੀ ਦੇ 23 ਸਾਲਾ ਪ੍ਰਖ਼ਰ ਗੁਪਤਾ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਸੀ.ਏ. ਦੀ ਅੰਤਮ ਪ੍ਰੀਖਿਆ ਦੇ ਦੋਵਾਂ ਗਰੁੱਪਾਂ ਵਿੱਚ ਬਾਜ਼ੀ ਮਾਰੀ ਹੈ।

ਮੁਹਾਲੀ ਵਾਸੀ ਪ੍ਰਖ਼ਰ ਨੇ ਛੇ ਵਿਸ਼ਿਆਂ ਵਿੱਚੋਂ ਚਾਰ ਵਿੱਚ ਡਿਸਟਿਕਸ਼ਨ ਹਾਸਲ ਕੀਤੀ ਅਤੇ ਕੁੱਲ 68 ਫੀਸਦੀ ਅੰਕ ਹਾਸਲ ਕੀਤੇ। ਸਕੂਲੀ ਦਿਨਾਂ ਤੋਂ ਹੀ ਬੇਹੱਦ ਹੋਣਹਾਰ ਪ੍ਰਖ਼ਰ ਗੁਪਤਾ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਸੀ.ਏ. ਫਾਊਂਡੇਸ਼ਨ (ਸੀ.ਏ. ਐਂਟਰੈਂਸ) ਅਤੇ ਆਈ.ਪੀ.ਸੀ.ਸੀ. ਪ੍ਰੀਖਿਆ (ਸੀ.ਏ. ਇੰਟਰਮੀਡੀਏਟ) ਵੀ ਪਾਸ ਕੀਤੀ ਹੋਈ ਹੈ।

ਵਿਹਲੇ ਸਮੇਂ ਵਿੱਚ ਪੜ੍ਹਨ, ਘੁੰਮਣ ਤੇ ਕ੍ਰਿਕਟ ਦੇਖਣ ਤੇ ਖੇਡਣ ਵਾਲੇ ਪ੍ਰਖ਼ਰ ਨੇ ਖ਼ੁਸ਼ੀ ਵਿੱਚ ਖੀਵੇ ਹੁੰਦੇ ਹੋਏ ਦੱਸਿਆ ਕਿ ਅੱਜ ਉਸ ਦੀ ਖ਼ੁਸ਼ੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਅੱਜ ਉਸ ਦੀ ਸਾਲਾਂ ਦੀ ਮਿਹਨਤ ਦਾ ਮਨਚਾਹਿਆ ਫਲ ਮਿਲਿਆ ਹੈ। ਉਸ ਨੇ ਕਿਹਾ ਕਿ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੇ ਜ਼ਿੰਦਗੀ ਵਿੱਚ ਬਹੁਤ ਜਦੋ-ਜਹਿਦ ਕੀਤੀ ਹੈ। ਇਸ ਹੋਣਹਾਰ ਵਿਦਿਆਰਥੀ ਨੇ ਆਪਣੀ ਇਹ ਸਫ਼ਲਤਾ ਆਪਣੇ ਮਾਪਿਆਂ ਨੂੰ ਸਮਰਪਿਤ ਕੀਤੀ, ਜਿਨ੍ਹਾਂ ਪ੍ਰੀਖਿਆ ਦੀ ਤਿਆਰੀ ਦੌਰਾਨ ਹਰ ਕਦਮ ਉਸ ਦਾ ਸਹਿਯੋਗ ਤੇ ਮਾਰਗ-ਦਰਸ਼ਨ ਕੀਤਾ।

ਪੇਸ਼ੇ ਵਜੋਂ ਪ੍ਰਖ਼ਰ ਦੀ ਮਾਤਾ ਸ੍ਰੀਮਤੀ ਸਾਧਨਾ ਗੁਪਤਾ ਘਰੇਲੂ ਮਹਿਲਾ ਹੈ, ਜਦੋਂ ਕਿ ਉਸ ਦੇ ਪਿਤਾ ਐਲ.ਸੀ. ਗੁਪਤਾ 1997 ਤੋਂ ਚਾਰਟਰਡ ਅਕਾਊਂਟੈਂਟ ਦੇ ਕਿੱਤੇ ਨਾਲ ਜੁੜੇ ਹੋਏ ਹਨ ਅਤੇ ਉਹ ਇਸ ਸਮੇਂ ਆਈ.ਪੀ.ਐਲ. ਟੀਮ ਪੰਜਾਬ ਕਿੰਗਜ਼ ਨਾਲ ਚੀਫ਼ ਫਾਈਨੈਂਸ਼ਲ ਅਫ਼ਸਰ ਵਜੋਂ ਕੰਮ ਕਰ ਰਹੇ ਹਨ।

ਆਪਣੀ ਖ਼ੁਸ਼ੀ ਜ਼ਾਹਰ ਕਰਦਿਆਂ ਪ੍ਰਖ਼ਰ ਦੇ ਪਿਤਾ ਐਲ.ਸੀ. ਗੁਪਤਾ ਨੇ ਕਿਹਾ ਕਿ ਇਕ ਪਿਤਾ ਵਜੋਂ ਇਹ ਉਨ੍ਹਾਂ ਲਈ ਕਾਫ਼ੀ ਭਾਵੁਕ ਪਲ ਹੈ। ਉਨ੍ਹਾਂ ਕਿਹਾ ਕਿ ਜਿਹੜੀ ਖ਼ੁਸ਼ੀ ਅੱਜ ਉਹ ਮਹਿਸੂਸ ਕਰ ਰਹੇ ਹਨ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਸਾਨੂੰ ਆਪਣੇ ਪੁੱਤਰ ਦੀਆਂ ਉਪਲਬਧੀਆਂ ਉਤੇ ਮਾਣ ਹੈ ਅਤੇ ਉਸ ਦੀ ਪ੍ਰੀਖਿਆ ਦੀ ਤਿਆਰੀ ਨੂੰ ਦੇਖਦਿਆਂ ਪੂਰਾ ਭਰੋਸਾ ਸੀ ਕਿ ਉਹ ਇਹ ਪ੍ਰੀਖਿਆ ਜ਼ਰੂਰ ਪਾਸ ਕਰੇਗਾ।

[wpadcenter_ad id='4448' align='none']