Friday, December 27, 2024

ਪ੍ਰਵਾਸੀ ਪੰਜਾਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜਾਨ, ਮਾਲ ਦੀ ਸੁਰੱਖਿਆ ਸਰਕਾਰ ਦੀ ਜਿੰਮੇਵਾਰੀ: ਧਾਲੀਵਾਲ

Date:

ਫਿਰੋਜ਼ਪੁਰ, 27 ਫਰਵਰੀ 2024:

            ਪੰਜਾਬ ਸਰਕਾਰ ਵਲੋਂ ਪੰਜਾਬੀ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਤੇ ਸ਼ਿਕਾਇਤਾਂ ਦੇ ਉਚਿੱਤ ਨਿਪਟਾਰੇ ਲਈ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ “ਪੰਜਾਬੀ ਐਨ.ਆਰ.ਆਈਜ਼ ਨਾਲ ਮਿਲਣੀ” ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮਿਲਣੀ ਵਿੱਚ ਫਿਰੋਜ਼ਪੁਰ, ਮੋਗਾ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਤੇ ਤਰਨ ਤਾਰਨ ਜ਼ਿਲ੍ਹਿਆਂ ਨਾਲ ਸਬੰਧਿਤ ਪੰਜਾਬੀ ਐਨ.ਆਰ.ਆਈਜ਼ ਦੀਆਂ ਸ਼ਿਕਾਇਤਾਂ ਤੇ ਮਸਲਿਆਂ ਨੂੰ ਸੁਣਿਆ ਗਿਆ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਯਾ ਅਤੇ ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਪ੍ਰਮੁੱਖ ਸਕੱਤਰ ਐਨ.ਆਰ.ਆਈ. ਮਾਮਲੇ ਸ੍ਰੀ ਦਲੀਪ ਕੁਮਾਰ, ਸਕੱਤਰ ਐਨ.ਆਰ.ਆਈ. ਮਾਮਲੇ ਮੈਡਮ ਕੇ.ਪੀ. ਬਰਾੜ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਤੋਂ ਇਲਾਵਾ ਉਪਰੋਕਤ ਜ਼ਿਲ੍ਹਿਆਂ ਦੇ ਸਿਵਲ ਤੇ ਪੁਲੀਸ ਅਧਿਕਾਰੀ ਵਿਸ਼ੇਸ਼  ਤੌਰ ਤੇ ਹਾਜ਼ਰ ਸਨ।  

          ਇਸ ਮੌਕੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਐਨ.ਆਰ.ਆਈਜ਼ ਨਾਲ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਮੌਕੇ ‘ਤੇ ਮੌਜੂਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਹੱਲ ਲਈ ਹੁਕਮ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਐਨ.ਆਰ.ਆਈਜ਼ ਦੀ ਬਾਂਹ ਨਹੀਂ ਫੜੀ ਪਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਰਵਾਜ਼ੇ ਹਮੇਸ਼ਾਂ ਐਨ.ਆਰ.ਆਈਜ਼ ਲਈ ਖੁੱਲ੍ਹੇ ਹਨ ਅਤੇ ਇਸੇ ਮਕਸਦ ਲਈ ਹੀ ਅੱਜ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਐਨ.ਆਰ.ਆਈਜ਼ ਦੀਆਂ ਮੁਸ਼ਕਲਾਂ ਸੁਣੀਆ ਹਨ ਤੇ ਇਨ੍ਹਾਂ ਦਾ ਫੌਰੀ ਹੱਲ ਵੀ ਕੀਤਾ ਜਾਵੇਗਾ।

          ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਪਿਛਲੇ ਸਾਲ ਸਾਡੀ ਸਰਕਾਰ ਵੱਲੋਂ ਸੂਬੇ ਵਿੱਚ 5 ਐਨ.ਆਰ.ਆਈਜ਼ ਮਿਲਣੀਆਂ ਕਰਵਾ ਦੇ ਸਾਰੇ ਜ਼ਿਲ੍ਹਿਆਂ ਦੇ ਨਾਲ ਸਬੰਧਿਤ ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਸੁਣੀਆਂ ਸਨ ਅਤੇ ਕੁੱਲ 605 ਕੇਸਾਂ ਵਿੱਚੋਂ 597 ਕੇਸ ਹੱਲ ਕਰ ਦਿੱਤੇ ਗਏ ਸਨ ਅਤੇ ਬਾਕੀ  ਕੇਸ ਕੋਰਟਾਂ ਵਿੱਚ ਲੱਗੇ ਹੋਣ ਕਰਕੇ ਬਕਾਇਆ ਰਹਿ ਗਏ ਸਨ। ਇਸ ਸਾਲ ਵੀ ਵੱਧ ਤੋਂ ਵੱਧ ਐਨ.ਆਰ.ਆਈਜ਼ ਮਿਲਣੀਆਂ ਕਰਕੇ ਸ਼ਕਾਇਤਾਂ ਹੱਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਤਿੰਨ ਐਨ.ਆਰ.ਆਈ ਮਿਲਣੀਆਂ ਹੋ ਚੁੱਕੀਆਂ ਹਨ ਜਦਕਿ 29 ਫਰਵਰੀ ਨੂੰ ਧੂਰੀ ਵਿਖੇ ਐਨ.ਆਰ.ਆਈ ਮਿਲਣੀ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ 55 ਕੇਸ ਪ੍ਰਾਪਤ ਹੋਏ ਹਨ ਜਿਨ੍ਹਾਂ ਦਾ ਜਲਦੀ ਤੋਂ ਜਲਦੀ ਹੱਲ ਹੋ ਜਾਵੇਗਾ, ਇਸ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਅਤੇ ਕਈਆਂ ਦਾ ਮੌਕੇ ਤੇ ਨਿਪਟਾਰਾ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪਰਿਵਾਰਾਂ ਦੀ ਜਾਨ, ਮਾਲ ਦੀ ਸੁਰੱਖਿਆ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਉਨ੍ਹਾਂ ਦੀਆਂ ਸ਼ਕਾਇਤਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਅਧਿਕਾਰੀਆਂ ਨੂੰ ਪ੍ਰਵਾਸੀ ਪੰਜਾਬੀਆਂ ਦੇ ਕੇਸ ਉਨ੍ਹਾਂ ਦੀ ਵਿਦੇਸ਼ ਵਾਪਸੀ ਤੋਂ ਪਹਿਲਾਂ-ਪਹਿਲਾਂ ਹੱਲ ਕਰਨ ਦੇ ਸਖ਼ਤ ਆਦੇਸ਼ ਵੀ ਦਿੱਤੇ।

                   ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਚੰਦ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸ੍ਰੀ ਮਲਕੀਤ ਸਿੰਘ ਥਿੰਦ, ਡਿਪਟੀ ਕਮਿਸ਼ਨਰ ਮੋਗਾ ਸ੍ਰੀ ਕੁਲਵੰਤ ਸਿੰਘ, ਐਸ.ਐਸ.ਪੀ. ਫਿਰੋਜ਼ਪੁਰ ਸੋਮਿਆ ਮਿਸ਼ਰਾ, ਐਸ.ਐਸ.ਪੀ. ਮੋਗਾ ਸ੍ਰੀ ਵਿਵੇਕਸ਼ੀਲ ਸੋਨੀ, ਐਸ.ਐਸ.ਪੀ. ਤਰਨਤਾਰਨ ਸ੍ਰੀ ਅਸ਼ਵਨੀ ਕਪੂਰ, ਐਸ.ਐਸ.ਪੀ. ਫਾਜ਼ਿਲਕਾ ਸ੍ਰੀ ਵਰਿੰਦਰ ਸਿੰਘ ਬਰਾੜ,  ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿੱਧੀ ਕੁਮੁਧ ਬਾਮਬਾ, ਐਸਡੀਐਮ ਸ. ਜਸਪਾਲ ਸਿੰਘ ਬਰਾੜ, ਸਹਾਇਕ ਕਮਿਸ਼ਨਰ ਸ੍ਰੀ ਸੂਰਜ, ਐਸਪੀ (ਐਚ) ਸ. ਜੁਗਰਾਜ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Share post:

Subscribe

spot_imgspot_img

Popular

More like this
Related