Punjab CM Bhagwant Mann
ਪੰਜਾਬੀਆਂ ਨੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ ਕਰ ਦਿੱਤੇ ਹਨ। ਵਿੱਤੀ ਸਾਲ 2024-25 ਦੇ ਨੌਂ ਮਹੀਨਿਆਂ ਦੇ ਅੰਕੜਿਆਂ ਤੋਂ ਸਰਕਾਰ ਬਾਗੋਬਾਗ ਹੈ। ਵਿੱਤੀ ਵਰ੍ਹੇ ਦੇ ਨੌਂ ਮਹੀਨਿਆਂ ਦੌਰਾਨ ਮਾਲੀਆ ਦੀ ਉਗਰਾਹੀ 30 ਹਜ਼ਾਰ ਕਰੋੜ ਰੁਪਏ ਤੋਂ ਵੀ ਟੱਪ ਗਈ ਹੈ। ਪਿਛਲੇ ਸਾਲ ਦੇ ਮੁਤਾਬਲੇ ਜੀਐਸਟੀ ਤੋਂ 28.36 ਪ੍ਰਤੀਸ਼ਤ ਤੇ ਐਕਸਾਈਜ਼ ਤੋਂ 21.31 ਪ੍ਰਤੀਸ਼ਤ ਵੱਧ ਮਾਲਿਆ ਹਾਸਲ ਹੋਇਆ ਹੈ।
ਉਧਰ, ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵਿੱਤੀ ਵਰ੍ਹੇ ਦੇ ਨੌਂ ਮਹੀਨਿਆਂ ਦੌਰਾਨ ਮਾਲੀਆ ਪ੍ਰਾਪਤੀ 30 ਹਜ਼ਾਰ ਕਰੋੜ ਦੇ ਅੰਕੜੇ ਨੂੰ ਪਾਰ ਕੀਤੇ ਜਾਣ ਨੂੰ ਇੱਕ ਚੰਗਾ ਸੰਕੇਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਚਾਲੂ ਮਾਲੀ ਸਾਲ ਵਿੱਚ ਦਸੰਬਰ ਤੱਕ ਕੁੱਲ 31156.31 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ, ਜਦੋਂਕਿ ਵਿੱਤੀ ਸਾਲ 2023-24 ਵਿੱਚ ਟੈਕਸਾਂ ਤੋਂ ਕੁੱਲ 27927.31 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ। ਉਨ੍ਹਾਂ ਕਿਹਾ ਕਿ ਸੂਬੇ ਨੇ ਪਹਿਲੀ ਵਾਰ ਵਿੱਤੀ ਸਾਲ ਦੇ ਪਹਿਲੇ ਨੌਂ ਮਹੀਨਿਆਂ ਵਿੱਚ ਵੈਟ, ਸੀਐਸਟੀ, ਜੀਐਸਟੀ, ਪੀਐਸਡੀਟੀ ਤੇ ਆਬਕਾਰੀ ਤੋਂ ਪ੍ਰਾਪਤ ਮਾਲੀਏ ਵਿੱਚ 30,000 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।
ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਦਸੰਬਰ 2023 ਦੇ ਮੁਕਾਬਲੇ ਦਸੰਬਰ 2024 ਲਈ ਸੂਬੇ ਵਿੱਚ ਨੈੱਟ ਜੀਐੱਸਟੀ ਤੇ ਆਬਕਾਰੀ ਮਾਲੀਏ ਵਿੱਚ ਵੀ ਜ਼ਿਕਰਯੋਗ ਵਾਧਾ ਹੋਇਆ ਹੈ। ਜੀਐੱਸਟੀ ਮਾਲੀਏ ਵਿੱਚ 28.36 ਪ੍ਰਤੀਸ਼ਤ ਅਤੇ ਆਬਕਾਰੀ ਮਾਲੀਏ ਵਿੱਚ 21.31 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦਸੰਬਰ 2024 ਵਿੱਚ ਇਕੱਲੇ ਨੈੱਟ ਜੀਐੱਸਟੀ ਤੋਂ ਮਾਲੀਆ ਮਾਲੀਆ ਪ੍ਰਾਪਤੀ 2013.20 ਕਰੋੜ ਰੁਪਏ ਸੀ, ਜੋ ਦਸੰਬਰ 2023 ਵਿੱਚ 1568.36 ਕਰੋੜ ਰੁਪਏ ਦੀ ਨੈੱਟ ਜੀਐੱਸਟੀ ਪ੍ਰਾਪਤੀ ਤੋਂ 444.84 ਕਰੋੜ ਰੁਪਏ ਵੱਧ ਹੈ।
Read Also : ਅਮਰੀਕਾ ‘ਚ ਹੋਇਆ ਵੱਡਾ ਪਲੇਨ ਹਾਦਸਾ, ਉਡਾਣ ਵੇਲੇ ਇਮਾਰਤ ਦੀ ਛੱਤ ਨਾਲ ਟਕਰਾਇਆ, 2 ਦੀ ਮੌਤ, 18 ਜ਼ਖ਼ਮੀ
ਉਨ੍ਹਾਂ ਕਿਹਾ ਕਿ ਦਸੰਬਰ 2024 ਵਿੱਚ ਆਬਕਾਰੀ ਤੋਂ ਮਾਲੀਆ 154.75 ਕਰੋੜ ਰੁਪਏ ਦੇ ਵਾਧੇ ਨਾਲ 880.92 ਕਰੋੜ ਰੁਪਏ ਰਿਹਾ ਜਦੋਂ ਕਿ ਦਸੰਬਰ 2023 ਇਹ 726.17 ਕਰੋੜ ਰੁਪਏ ਸੀ। ਚੀਮਾ ਨੇ ਦੱਸਿਆ ਕਿ ਰਾਜ ਨੇ ਵੈਟ ਤੋਂ 5643.81 ਕਰੋੜ ਰੁਪਏ, ਸੀਐੱਸਟੀ ਤੋਂ 274.31 ਕਰੋੜ ਰੁਪਏ, ਜੀਐੱਸਟੀ ਤੋਂ 17405.99 ਕਰੋੜ ਰੁਪਏ, ਪੀਐੱਸਡੀਟੀ ਤੋਂ 139.10 ਕਰੋੜ ਰੁਪਏ ਅਤੇ ਆਬਕਾਰੀ ਤੋਂ 7693.1 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ।
Punjab CM Bhagwant Mann