ਪੰਜਾਬ ਨੇ ਮੈਡੀਕਲ ਕਾਲਜ ਮੋਹਾਲੀ ਵਿਖੇ ਆਪਣਾ ਪਹਿਲਾ ‘ਮਾਨਵੀ ਮਿਲਕ ਬੈਂਕ’ ਸ਼ੁਰੂ ਕੀਤਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਜਨਵਰੀ, 2024:

ਪੰਜਾਬ ਨੇ ਰੋਟਰੀ ਕਲੱਬ, ਚੰਡੀਗੜ੍ਹ ਦੇ ਸਹਿਯੋਗ ਨਾਲ ਮੋਹਾਲੀ ਦੇ ਡਾ. ਬੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏ.ਆਈ.ਐੱਮ.ਐੱਸ.) ਵਿਖੇ ਆਪਣਾ ਪਹਿਲਾ ਹਿਊਮਨ ਮਿਲਕ ਬੈਂਕ (ਕੰਪਰੀਹੈਂਸਿਵ ਲੈਕਟੇਸ਼ਨ ਮੈਨੇਜਮੈਂਟ ਸੈਂਟਰ) ਸ਼ੁਰੂ ਕਰਕੇ ਇਤਿਹਾਸ ਰਚਿਆ ਹੈ।

     ਰੋਟਰੀ ਇੰਟਰਨੈਸ਼ਨਲ ਦੇ ਵਿਸ਼ਵ ਪ੍ਰਧਾਨ ਡਾ. ਗਾਰਡਨ ਆਰ. ਮੈਕਨਲੀ ਨੇ ਮੋਹਾਲੀ ਵਿਖੇ ਸੂਬੇ ਦੇ ਪਹਿਲੇ ਹਿਊਮਨ ਮਿਲਕ ਬੈਂਕ ਦਾ ਉਦਘਾਟਨ ਕੀਤਾ।

     ਡਾ. ਗੋਰਡਨ ਆਰ. ਮੈਕਨਲੀ ਨੇ ਇਸ ਕੇਂਦਰ ਦੀ ਸਥਾਪਨਾ ਵਿੱਚ ਰੋਟਰੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਰੋਟਰੀ ਦੀ  ਮਹਿਲਾ ਸਸ਼ਕਤੀਕਰਨ, ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਦੇ ਬੱਚਿਆਂ ਦੀ ਸੁਰੱਖਿਆ ਲਈ ਵਚਨਬੱਧਤਾ ਦਾ ਸਮਰਥਨ ਵੀ ਕਰਦਾ ਹੈ।

      ਡਾ: ਅਵਨੀਸ਼, ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ ਪੰਜਾਬ ਨੇ ਪਲਾਂਟ ਲਈ ਜ਼ਰੂਰੀ ਉਪਕਰਣ ਖਰੀਦਣ ਲਈ ਲਗਭਗ 38 ਲੱਖ ਰੁਪਏ ਦੀ ਵਿੱਤੀ ਸਹਾਇਤਾ ਨਾਲ ਪਲਾਂਟ ਦੀ ਸਥਾਪਨਾ ਵਿੱਚ ਤੇਜ਼ੀ ਲਿਆਉਣ ਲਈ ਰੋਟੇਰੀਅਨਜ਼ ਦੇ ਯਤਨਾਂ ਦਾ ਸਮਰਥਨ ਕੀਤਾ ਅਤੇ ਪ੍ਰਸ਼ੰਸਾ ਕੀਤੀ, ਜਿਸ ਨਾਲ ਔਰਤਾਂ ਨੂੰ ਇਸ ਮਨੁੱਖੀ ਮਿਲਕ ਬੈਂਕ ਰਾਹੀਂ ਨਵੇਂ ਜਨਮੇ ਬੱਚਿਆਂ ਨੂੰ ਵਧੀਆ ਸੰਭਵ ਪੋਸ਼ਣ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਜਨਤਕ – ਨਿੱਜੀ ਉਪਰਾਲੇ ਦੀ ਇੱਕ ਬੇਹਤਰੀਨ ਉਦਾਹਰਣ ਹੈ। ਸ: ਕੁਲਜੀਤ ਸਿੰਘ ਵਿਧਾਇਕ ਡੇਰਾਬਸੀ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ |

    ਏ ਆਈ ਐਮ ਐਸ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਪ੍ਰਧਾਨ ਰਾਜੇਂਦਰ ਸਾਬੂ ਦੀ ਪਹਿਲਕਦਮੀ ‘ਤੇ ਪ੍ਰਧਾਨ ਰੋਟੇਰੀਅਨ ਅਨਿਲ ਚੱਢਾ ਅਤੇ ਰੋਟੇਰੀਅਨ ਆਭਾ ਸ਼ਰਮਾ, ਡਾਇਰੈਕਟਰ ਸਪੈਸ਼ਲ ਪ੍ਰੋਜੈਕਟਸ ਅਤੇ ਜੋ 2025-26 ਵਿੱਚ ਕਲੱਬ ਦੇ ਪ੍ਰਧਾਨ ਵੀ ਹੋਣਗੇ, ਨੇ ਪਿਛਲੇ ਸਾਲ ਜੁਲਾਈ ਵਿੱਚ ਰੋਟਰੀ ਕਲੱਬ ਆਫ਼ ਚੰਡੀਗੜ੍ਹ ਨਾਲ ਪੰਜਾਬ ਵਿੱਚ ਇਸ ਵਿਲੱਖਣ ਸਹੂਲਤ ਦੀ ਸਥਾਪਨਾ ਲਈ ਇੱਕ ਸਮਝੌਤਾ ਕੀਤਾ ਸੀ।

     ਡਾ. ਭਾਰਤੀ ਨੇ ਕਿਹਾ ਕਿ ਇਹ ਮਾਨਵੀ ਮਿਲਕ ਬੈਂਕ ਜਿਸ ਨੂੰ ਕੰਪਰੀਹੈਂਸਿਵ ਲੈਕਟੇਸ਼ਨ ਮੈਨੇਜਮੈਂਟ ਸੈਂਟਰ ਵੀ ਕਿਹਾ ਜਾਂਦਾ ਹੈ, ਇੱਕ ਮਹੱਤਵਪੂਰਨ ਸਿਹਤ ਸਹੂਲਤ ਹੈ ਜੋ ਹਸਪਤਾਲ ਦੇ ਅੰਦਰ ਸਾਰੀਆਂ ਮਾਵਾਂ ਲਈ ਦੁੱਧ ਚੁੰਘਾਉਣ ਚ ਸਹਾਇਤਾ ਅਤੇ ਪ੍ਰਬੰਧਨ ਦੀ ਪੇਸ਼ਕਸ਼ ਕਰਦੀ ਹੈ। ਉਸਨੇ ਕਿਹਾ ਕਿ ਕੇਂਦਰ ਕੋਲ ਮਾਂ ਦੇ ਦੁੱਧ ਤੋਂ ਵਿਰ੍ਹਵੇ ਬੱਚਿਆਂ ਲਈ ਦਾਨ ਕੀਤੇ ਮਨੁੱਖੀ ਦੁੱਧ ਨੂੰ ਇਕੱਠਾ ਕਰਨ, ਸਕ੍ਰੀਨਿੰਗ, ਪ੍ਰੋਸੈਸਿੰਗ, ਸਟੋਰੇਜ ਅਤੇ ਵੰਡਣ ਅਤੇ ਉਸਦੇ ਆਪਣੇ ਬੱਚੇ ਦੀ ਖਪਤ ਲਈ ਮਾਂ ਦੇ ਆਪਣੇ ਦੁੱਧ ਵਾਸਤੇ ਸਟੋਰੇਜ ਲਈ ਸੁਵਿਧਾਵਾਂ ਹਨ।

    ਇਸ ਮੌਕੇ ‘ਤੇ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਵਿਸ਼ਵ ਪ੍ਰਧਾਨ ਰਾਜਿੰਦਰ ਕੇ. ਸਾਬੂ ਵੀ ਮੌਜੂਦ ਸਨ, ਜਿਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਰੋਟਰੀ ਦੇ ਡਾ. ਮੈਕਨਲੀ ਦੁਆਰਾ ਦਿੱਤੀ ਗਈ ਥੀਮ, ‘ਕ੍ਰਿਏਟ ਹੋਪ ਇਨ ਦਾ ਵਰਲਡ’ ਦਾ ਪ੍ਰਤੀਕ ਹੈ।

    ਯਮੁਨਾਨਗਰ ਦੀ ਰੁਚਿਰਾ ਪੇਪਰਜ਼ ਲਿਮਟਿਡ ਦੇ ਮਾਲਕ, ਸੀਨੀਅਰ ਰੋਟੇਰੀਅਨ ਅਤੇ ਸਾਬਕਾ ਜ਼ਿਲ੍ਹਾ ਗਵਰਨਰ ਸੁਭਾਸ਼ ਗਰਗ ਦਾ ਇਸ ਪ੍ਰੋਜੈਕਟ ਨੂੰ ਸੰਭਵ ਬਣਾਉਣ ਲਈ ਸੀ ਐਸ ਆਰ ਫੰਡਾਂ ਵਿੱਚੋਂ 31 ਲੱਖ ਰੁਪਏ ਪ੍ਰਦਾਨ ਕਰਨ ਲਈ ਸਨਮਾਨ ਕੀਤਾ ਗਿਆ।

    ਡਾ. ਭਵਨੀਤ ਭਾਰਤੀ ਨੇ ਦੱਸਿਆ ਕਿ ਪੰਜਾਬ ਵਿੱਚ ਕਾਰਜਸ਼ੀਲ ਹੋਣ ਵਾਲਾ ਇਹ ਪਹਿਲਾ ਮਿਲਕ ਬੈਂਕ ਹੈ। ਮੈਡੀਕਲ ਕਾਲਜ ਮੋਹਾਲੀ ਨੂੰ  ਸਾਡੇ ਸ਼ਹਿਰ ਵਿੱਚ ਪਹਿਲੇ ਮਨੁੱਖੀ ਮਿਲਕ ਬੈਂਕ ਦੀ ਸਥਾਪਨਾ ਦੀ ਮਹੱਤਵਪੂਰਨ ਪਹਿਲਕਦਮੀ ਵਿੱਚ ਸਭ ਤੋਂ ਅੱਗੇ ਰਹਿਣ ‘ਤੇ ਮਾਣ ਹੈ।

    ਮਨੁੱਖੀ ਦੁੱਧ ਦੀ, ਖਾਸ ਤੌਰ ‘ਤੇ ਸਮੇਂ ਤੋਂ ਪਹਿਲਾਂ ਦੇ ਬੱਚਿਆਂ (37 ਹਫ਼ਤਿਆਂ ਦੇ ਗਰਭ ਤੋਂ ਪਹਿਲਾਂ ਪੈਦਾ ਹੋਏ) ਲਈ ਸਖ਼ਤ ਲੋੜ ਹੁੰਦੀ ਹੈ ਅਤੇ ਉਨ੍ਹਾਂ ਦਾ ਅਨੁਮਾਨਿਤ ਵਿਸ਼ਵਵਿਆਪੀ ਪ੍ਰਚਲਨ 9.9 ਪ੍ਰਤੀਸ਼ਤ ਹੈ ਜੋ ਕਿ ਸੰਸਾਰ ਵਿੱਚ 13·4 ਮਿਲੀਅਨ ਸਮੇਂ ਤੋਂ ਪਹਿਲਾਂ ਜਨਮਾਂ ਦਾ ਸਹਾਰਾ ਬਣਦਾ ਹੈ।

    ਡਾ. ਭਾਰਤੀ ਨੇ ਕਿਹਾ ਕਿ ਇਸ ਖੇਤਰ ਵਿੱਚ, ਸਾਡੀਆਂ ਵੀ ਇਹੋ ਜਿਹੀਆਂ ਲੋੜਾਂ ਹਨ ਕਿਉਂਕਿ ਇੱਕ ਅਧਿਐਨ ਦੇ ਅਨੁਸਾਰ, 10 ਤੋਂ 20 ਪ੍ਰਤੀਸ਼ਤ ਬੱਚੇ ਜੋ ਨਿਊਨੇਟਲ ਇੰਟੈਂਸਿਵ ਕੇਅਰ ਯੂਨਿਟ ਵਿੱਚ ਹਨ, ਨੂੰ ਦਾਨੀ ਮਨੁੱਖੀ ਦੁੱਧ ਦੀ ਲੋੜ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਦੁੱਧ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਤੋਂ ਸਵੈ-ਇੱਛਾ ਨਾਲ ਪ੍ਰਾਪਤ ਕੀਤਾ ਜਾਂਦਾ ਹੈ, ਜਿਸ ਨੂੰ ਰੋਗਾਣੂ ਰਹਿਤ ਮਾਹੌਲ ਵਿੱਚ ਸਟੋਰ ਅਤੇ ਸੁਰੱਖਿਅਤ ਕੀਤਾ ਜਾਵੇਗਾ। ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਇਹ ਅਤਿ-ਆਧੁਨਿਕ ਸੁਵਿਧਾ ਨਾਲ ਪ੍ਰਾਪਤ ਕੀਤਾ ਜਾਵੇਗਾ, ਜਿਸ ਵਿੱਚ ਸੁਰੱਖਿਆ ਅਤੇ ਗੁਣਵੱਤਾ ਦੇ ਉੱਚੇ ਮਿਆਰਾਂ ਦੀ ਗਾਰੰਟੀ ਦੇਣ ਲਈ ਆਧੁਨਿਕ ਤਕਨਾਲੋਜੀ ਅਤੇ ਸਖ਼ਤ ਪ੍ਰੋਟੋਕੋਲ ਦਾ ਪਹਿਲਾ ਗਿਆਨ ਸ਼ਾਮਲ ਹੈ।

       ਸ਼੍ਰੀਮਤੀ ਆਭਾ, ਡਾਇਰੈਕਟਰ, ਸਪੈਸ਼ਲ ਪ੍ਰੋਜੈਕਟਸ ਅਤੇ ਪ੍ਰਧਾਨ ਰੋਟਰੀ ਕਲੱਬ ਚੰਡੀਗੜ੍ਹ 2025-26 ਨੇ ਵੀ ਪਹਿਲੇ ਹਿਊਮਨ ਮਿਲਕ ਬੈਂਕ ਦੀ ਸਥਾਪਨਾ ਨੂੰ ਇੱਕ ਮਹੱਤਵਪੂਰਨ ਮੌਕੇ ਵਜੋਂ ਸਵੀਕਾਰ ਕੀਤਾ ਅਤੇ ਕਿਹਾ ਕਿ ਇਹ ਮਨੁੱਖੀ ਦੁੱਧ ਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਅਤੇ ਬਾਲ ਸਿਹਤ ਸੰਭਾਲ ‘ਤੇ ਅਸਰਦਾਇਕ ਪ੍ਰਭਾਵ ਪਏਗਾ।

        ਸ਼੍ਰੀਮਤੀ ਆਸ਼ਿਕਾ ਜੈਨ ਡੀ ਸੀ ਮੋਹਾਲੀ ਨੇ ਇਸ ਮਹੱਤਵਪੂਰਨ ਪਹਿਲਕਦਮੀ ਦੀ ਸ਼ਲਾਘਾ ਕੀਤੀ ਜੋ ਪੰਜਾਬ ਰਾਜ ਵਿੱਚ ਮਾਵਾਂ ਅਤੇ ਬਾਲ ਸਿਹਤ ਸੰਭਾਲ ਨੂੰ ਅੱਗੇ ਵਧਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

    ਪ੍ਰੋ. ਓ.ਐਨ. ਭਾਕੂ, ਬਾਲ ਚਿਕਿਤਸਕ ਅਤੇ ਨਿਓਨੈਟੋਲੋਜੀ ਵਿਭਾਗ ਦੇ ਸਾਬਕਾ ਮੁਖੀ, ਜਿਨ੍ਹਾਂ ਨੂੰ ਨਿਓਨੈਟੋਲੋਜੀ ਦੇ ਪਿਤਾਮਾ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਵਿਆਪਕ ਲੈਕਟੇਸ਼ਨ ਮੈਨੇਜਮੈਂਟ ਸੈਂਟਰ ਨੂੰ ਸੱਚੀ ਭਾਵਨਾ ਵਿੱਚ ਸਥਾਪਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਸਮਾਗਮ ਵਿੱਚ ਕਈ ਸੀਨੀਅਰ ਅਧਿਕਾਰੀ, ਐਸ.ਐਮ.ਓ  ਜ਼ਿਲ੍ਹਾ ਹਸਪਤਾਲ ਮੋਹਾਲੀ,  ਡਾ. ਐਚ.ਐਸ. ਚੀਮਾ, ਸੀਨੀਅਰ ਰੋਟੇਰੀਅਨ, ਪ੍ਰਧਾਨ ਹਿਊਮਨ ਮਿਲਕ ਬੈਂਕਿੰਗ ਐਸੋਸੀਏਸ਼ਨ ਸ੍ਰੀ ਰਾਜਿੰਦਰ ਗੁਲਾਟੀ, ਪ੍ਰਧਾਨ ਆਈ.ਏ.ਪੀ ਚੰਡੀਗੜ੍ਹ ਚੈਪਟਰ, ਸਾਹਿਬਜ਼ਾਦਾ ਅਕੈਡਮੀ ਆਫ ਪੀਡੀਆਟ੍ਰਿਕਸ ਮੋਹਾਲੀ,  ਸੀਨੀਅਰ ਬਾਲ ਰੋਗ ਵਿਗਿਆਨੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

    ਪ੍ਰਧਾਨ ਅਨਿਲ ਚੱਢਾ ਨੇ ਦੱਸਿਆ ਕਿ ਰੋਟਰੀ ਕਲੱਬ ਚੰਡੀਗੜ੍ਹ ਸ਼ਹਿਰ ਵਿੱਚ 65 ਸਾਲਾਂ ਤੋਂ ਹੋਂਦ ਵਿੱਚ ਹੈ ਅਤੇ ਰੋਟਰੀ ਪੀ ਜੀ ਆਈ ਸਰਾਂ,  ਸੈਕਟਰ 37 ਵਿੱਚ ਅਤਿ ਆਧੁਨਿਕ ਬਲੱਡ ਬੈਂਕ, ਸੈਕਟਰ 18 ਵਿੱਚ ਰੋਟਰੀ ਵੋਕੇਸ਼ਨਲ ਸਿਖਲਾਈ ਕੇਂਦਰ, ਅੰਤਰਰਾਸ਼ਟਰੀ ਡੋਲਜ਼ ਮਿਊਜ਼ੀਅਮ ਸੈਕਟਰ 23 ਤੋਂ ਇਲਾਵਾ 700 ਤੋਂ ਵੱਧ ਬੱਚਿਆਂ ਦੀਆਂ ਦਿਲ ਦੀਆਂ ਮੁਫ਼ਤ ਸਰਜਰੀਆਂ ਜਿਹੇ ਮਹੱਤਵਪੂਰਨ ਕਾਰਜ ਕਰਨਾ ਚੁੱਕਾ ਹੈ।

[wpadcenter_ad id='4448' align='none']