Wednesday, January 8, 2025

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; ਔਰਤ ਸਮੇਤ ਚਾਰ ਵਿਅਕਤੀ ਕਾਬੂ 5 ਕਿਲੋ ਹੈਰੋਇਨ ਬਰਾਮਦ

Date:

ਚੰਡੀਗੜ੍ਹ/ਅੰਮ੍ਰਿਤਸਰ, 7 ਜਨਵਰੀ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 5 ਕਿਲੋ ਹੈਰੋਇਨ ਸਮੇਤ ਚਾਰ ਵਿਅਕਤੀਆਂ, ਜਿਨ੍ਹਾਂ ਵਿੱਚ ਔਰਤ ਸ਼ਾਮਲ ਹੈ, ਨੂੰ ਗ੍ਰਿਫਤਾਰ ਕਰਕੇ ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ (19) ਅਤੇ ਬਲਜੀਤ ਕੌਰ (32) ਦੋਵੇਂ ਵਾਸੀ ਪਿੰਡ ਮੁਠਿਆਵਾਲ ਜ਼ਿਲ੍ਹਾ ਤਰਨਤਾਰਨ, ਮਨਿੰਦਰ ਸਿੰਘ (34) ਵਾਸੀ ਭਿੱਖੀਵਿੰਡ, ਤਰਨਤਾਰਨ ਅਤੇ ਹਰਪ੍ਰੀਤ ਸਿੰਘ (26) ਵਾਸੀ ਪਿੰਡ ਲੋਧੀ ਗੁੱਜਰਾਂ, ਅੰਮ੍ਰਿਤਸਰ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਹੈਰੋਇਨ ਬਰਾਮਦ ਕਰਨ ਦੇ ਨਾਲ-ਨਾਲ ਦੋ ਮੋਟਰਸਾਈਕਲ ਵੀ ਜ਼ਬਤ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਾਰੇ ਮੁਲਜ਼ਮ ਪਾਕਿਸਤਾਨ ਅਧਾਰਤ ਸਮੱਗਲਰਾਂ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਸਰਹੱਦ ਪਾਰੋਂ ਨਸ਼ਿਆਂ ਦੀ ਖੇਪ ਪ੍ਰਾਪਤ ਕਰਦੇ ਸਨ। ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਡਰੋਨ ਦੀ ਵਰਤੋਂ ਕਰਕੇ ਖੇਪ ਪਹੁੰਚਾਈ ਜਾ ਰਹੀ ਸੀ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਗਾਮੀ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀ ਹੋਣ ਦੀ ਸੰਭਾਵਨਾ ਹੈ।
ਇਸ ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ‘ਤੇ ਕਾਰਵਾਈ ਕਰਦਿਆਂ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ, ਏਡੀਸੀਪੀ ਇਨਵੈਸਟੀਗੇਸ਼ਨ ਨਵਜੋਤ ਸਿੰਘ ਅਤੇ ਏਸੀਪੀ ਡਿਟੈਕਟਿਵ ਕੁਲਦੀਪ ਸਿੰਘ ਦੀ ਨਿਗਰਾਨੀ ਹੇਠ ਅਤੇ ਸੀਆਈਏ ਸਟਾਫ-1 ਇੰਚਾਰਜ ਇੰਸਪੈਕਟਰ ਅਮੋਲਕਦੀਪ ਸਿੰਘ ਅਗਵਾਈ ‘ਚ ਪੁਲੀਸ ਟੀਮ ਨੇ ਇਸ ਆਪ੍ਰੇਸ਼ਨ ਨੂੰ ਅੰਜ਼ਾਮ ਦਿੱਤਾ ਅਤੇ ਗੁਰੂ ਕੀ ਵਡਾਲੀ ਇਲਾਕੇ ‘ਚੋਂ 1 ਜਨਵਰੀ ਨੂੰ 3 ਕਿਲੋ ਹੈਰੋਇਨ ਸਮੇਤ ਗੁਰਪ੍ਰੀਤ ਸਿੰਘ ਅਤੇ ਬਲਜੀਤ ਕੌਰ ਨੂੰ ਕਾਬੂ ਕੀਤਾ।
ਜਾਂਚ ਦੌਰਾਨ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਬਲਜੀਤ ਕੌਰ ਰਿਸ਼ਤੇਦਾਰ ਵਜੋਂ ਭੂਆ-ਭਤੀਜਾ ਹਨ। ਬਲਜੀਤ ਕੌਰ ਦੇ ਪਤੀ ਬਲਬੀਰ ਸਿੰਘ ਨੂੰ 2022 ਵਿੱਚ ਰਾਜਸਥਾਨ ਦੇ ਸ੍ਰੀ ਗੰਗਾਨਗਰ ਦੇ ਹਿੰਦੂਮਲਕੋਟ ਥਾਣੇ ਵੱਲੋਂ ਐਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿੱਥੋਂ ਉਸ ਕੋਲੋਂ 5 ਕਿਲੋ ਹੈਰੋਇਨ ਬਰਾਮਦ ਹੋਈ ਸੀ। ਦੱਸਣਯੋਗ ਹੈ ਕਿ ਉਹ ਇਸ ਸਮੇਂ ਰਾਜਸਥਾਨ ਦੀ ਕਰਨਪੁਰ ਜੇਲ੍ਹ ਵਿੱਚ ਬੰਦ ਹੈ।
ਸੀਪੀ ਨੇ ਕਿਹਾ ਕਿ ਸਪਲਾਇਰਾਂ, ਡੀਲਰਾਂ ਅਤੇ ਖਰੀਦਦਾਰਾਂ ਦੇ ਸਮੁੱਚੇ ਨੈਟਵਰਕ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੁਆਰਾ ਹੁਣ ਤੱਕ ਖਰੀਦੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਸਬੰਧੀ ਛੇਹਰਟਾ ਥਾਣਾ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21(ਸੀ), 23, ਅਤੇ 29/61/85 ਤਹਿਤ ਐਫਆਈਆਰ ਨੰਬਰ 1, ਮਿਤੀ 1 ਜਨਵਰੀ, 2025 ਅਧੀਨ ਕੇਸ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਵਿਧਾਇਕ ਜ਼ਿੰਪਾ ਨੇ ਆਵਾਸ ਯੋਜਨਾ ਤਹਿਤ 23 ਲਾਭਪਾਤਰੀਆਂ ਨੂੰ 34.50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੰਡੀ

ਹੁਸ਼ਿਆਰਪੁਰ, 8 ਜਨਵਰੀ: ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ...