ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਸਿਵਲ ਹਸਪਤਾਲ ਫ਼ਰੀਦਕੋਟ ਤੇ ਨਸ਼ਾ ਛੁਡਾਊ ਕੇਂਦਰ ਦਾ ਕੀਤਾ ਦੌਰਾ
ਫਰੀਦਕੋਟ 27 ਫਰਵਰੀ : ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਜਿਲਾ ਸਿਹਤ ਸੁਸਾਇਟੀ ਦੀ ਮੀਟਿੰਗ ਉਪਰੰਤ ਸਿਵਲ ਹਸਪਤਾਲ ਫਰੀਦਕੋਟ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ । ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਡਾ. ਪ੍ਰੱਗਿਆ ਜੈਨ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਓਜਸਵੀ ਅਲੰਕਾਰ ਵਿਸ਼ੇਸ਼ ਤੌਰ ਤੇ ਹਾਜਰ ਸਨ ।
ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਸਿਵਲ ਹਸਪਤਾਲ ਦੇ ਵੱਖ ਵੱਖ ਵਾਰਡਾਂ, ਐਂਮਰਜੈਂਸੀ, ਅਤੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ ਅਤੇ ਦਾਖਲ ਮਰੀਜਾਂ ਨਾਲ ਗੱਲਬਾਤ ਦੌਰਾਨ ਮਿਲ ਰਹੀਆਂ ਸਿਹਤ ਸਹੂਲਤਾਂ ਸਬੰਧੀ ਜਾਇਜਾ ਲਿਆ। ਡਿਪਟੀ ਕਮਿਸ਼ਨਰ ਨੇ ਨਸ਼ਾ ਛੁਡਾਊ ਕੇਂਦਰ ਦੇ ਡਾਕਟਰਾਂ ਅਤੇ ਸਟਾਫ ਨਾਲ ਵੀ ਗੱਲਬਾਤ ਕੀਤੀ । ਉਹਨਾਂ ਸਿਵਲ ਹਸਪਤਾਲ ਵਿਖੇ ਮਿਲ ਰਹੀਆਂ ਸਿਹਤ ਸਹੂਲਤਾਂ ਤੇ ਤਸੱਲੀ ਪ੍ਰਗਟ ਕਰਦੇ ਹੋਏ ਕਿਹਾ ਕਿ ਹਸਪਤਾਲ ਆਉਣ ਵਾਲੇ ਮਰੀਜ ਨਾਲ ਨਿਮਰਤਾ ਨਾਲ ਪੇਸ਼ ਆਇਆ ਜਾਵੇ । ਮਰੀਜ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਲਾਜ ਵਿੱਚ ਕਿਸੇ ਕਿਸਮ ਦੀ ਦੇਰੀ ਨਾ ਕੀਤੀ ਜਾਵੇ ।
ਇਸ ਉਪਰੰਤ ਉਹਨਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਨਸ਼ਾ ਛੁਡਾਊ ਕੇਂਦਰ ਦਾ ਵੀ ਦੌਰਾ ਕੀਤਾ । ਉਨ੍ਹਾਂ ਇਲਾਜ ਸੇਵਾਵਾਂ ਦੀ ਗੁਣਵੱਤਾ ਨੂੰ ਵਧਾਉਣ ਲਈ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਨਿਯਮਤ ਤੌਰ ’ਤੇ ਫੀਡ ਬੈਕ ਲੈਣ ਦੀ ਹਦਾਇਤ ਵੀ ਕੀਤੀ। ਲੋਕਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਪਿੰਡਾਂ ਅਤੇ ਸ਼ਹਿਰਾਂ ’ਚ ਜਾਗਰੂਕਤਾ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਸਮਾਜ ਸਿਰਜਣ ਲਈ ਇਸ ਮੁਹਿੰਮ ਦੀ ਸਫ਼ਲਤਾ ਲਈ ਸਮਾਜ ਦੀ ਸਰਗਰਮ ਸ਼ਮੂਲੀਅਤ ਜ਼ਰੂਰੀ ਹੈ।
ਐਸ.ਐਸ.ਪੀ. ਡਾ. ਪ੍ਰੱਗਿਆ ਜੈਨ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ, ਇਸ ਲਈ ਲੋਕਾਂ ਨੂੰ ਨਾਲ ਲੈ ਕੇ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਤੇ ਡਿਮਾਂਡ ਖਤਮ ਕਰਨ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਉਪਰਾਲੇ ਕੀਤੇ ਜਾ ਰਹੇ ਹਨ।
ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਪਰਮਜੀਤ ਸਿੰਘ ਬਰਾੜ ਨੇ ਉਹਨਾਂ ਨੂੰ ਸਿਵਲ ਹਸਪਤਾਲ ਵਿਖੇ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸਬੰਧੀ ਜਾਣੂ ਕਰਵਾਇਆ ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਸ਼ਵਦੀਪ ਗੋਇਲ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਵਿਵੇਕ ਰਿਜੋਰਾ, ਜਿਲਾ ਟੀ.ਬੀ. ਅਫਸਰ ਡਾ. ਲੀਨਾ ਚੋਪੜਾ ਭੱਲਾ, ਜਿਲਾ ਟੀਕਾਕਰਣ ਅਫਸਰ ਡਾ. ਸਰਵਦੀਪ ਸਿੰਘ ਰੋਮਾਣਾ, ਜਿਲਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਸਿੰਘ ਕੈਂਥ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ, ਕੁਲਦੀਪ ਸਿੰਘ ਚਹਿਲ ਵੀ ਮੌਜੂਦ ਸਨ ।