ਪੰਜਾਬ ਪੁਲਿਸ ਦੇ ਪਾਈਪ ਬੈਂਡ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ ਬਿਖੇਰਿਆ ਦੇਸ਼ ਭਗਤੀ ਦਾ ਰੰਗ

ਪੰਜਾਬ ਪੁਲਿਸ ਦੇ ਪਾਈਪ ਬੈਂਡ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ ਬਿਖੇਰਿਆ ਦੇਸ਼ ਭਗਤੀ ਦਾ ਰੰਗ


ਪਟਿਆਲਾ, 16 ਫਰਵਰੀ:
ਪਟਿਆਲਾ ਵਿਖੇ ਤੀਸਰੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਪੰਜਾਬ ਪੁਲਿਸ ਦੇ ਪਾਈਪ ਬੈਂਡ ਵੱਲੋਂ ਵਜਾਈਆਂ ਗਈਆਂ ਦੇਸ਼ ਭਗਤੀ ਦੀਆਂ ਧੁਨਾਂ ਨੇ ਪਟਿਆਲਾ ਦੀ ਫ਼ਿਜ਼ਾ 'ਚ ਦੇਸ਼ ਭਗਤੀ ਦਾ ਰੰਗ ਬਿਖੇਰਿਆ ਤੇ ਹਰੇਕ ਉਮਰ ਵਰਗ 'ਚ ਜੋਸ਼ੀਲੀਆਂ ਧੁਨਾਂ ਨੇ ਨਵਾਂ ਜੋਸ਼ ਪੈਦਾ ਕੀਤਾ।
ਖਾਲਸਾ ਕਾਲਜ ਦੇ ਮੈਦਾਨ 'ਚ ਇਕ ਪਾਸੇ ਖੜੇ ਜੰਗੀ ਸਾਜੋ ਸਾਮਾਨ ਅਤੇ ਸਾਹਮਣੇ ਵੱਜ ਰਹੀਆਂ ਦੇਸ਼ ਭਗਤੀ ਦੀਆਂ ਧੁਨਾਂ ਨੇ ਹਰੇਕ ਸਰੋਤੇ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਪੰਜਾਬ ਪੁਲਿਸ ਦੇ ਫਸਟ ਆਈ.ਆਰ.ਬੀ. ਬੈਂਡ ਦੇ ਬੈਂਡ ਮਾਸਟਰ ਇੰਸਪੈਕਟਰ ਵਿਕਾਸ ਕੁਮਾਰ ਦੀ ਅਗਵਾਈ ਵਿੱਚ 11 ਮੈਂਬਰੀ ਟੀਮ ਨੇ 'ਦੇਸੋ ਕਾ ਸਰਤਾਜ ਭਾਰਤ', 'ਵੈਲੀ ਆਫ਼ ਦੀ ਗਰੀਨ', 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ' ਅਤੇ 'ਕੁੱਕ ਆਫ਼ ਦਾ ਨਾਰਥ' ਵਰਗੀਆਂ ਧੁਨਾਂ ਨਾਲ ਸਰੋਤਿਆਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ।
  ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪੰਜਾਬ ਪੁਲਿਸ ਦੇ ਫਸਟ ਆਈ.ਆਰ.ਬੀ. ਬੈਂਡ ਵੱਲੋਂ ਕੀਤੀ ਪੇਸ਼ਕਾਰੀ ਦੀ ਸਰਹਾਨਾਂ ਕਰਦਿਆਂ ਕਿਹਾ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ਸ਼ਾਮਲ ਭਾਵੇਂ ਹਰੇਕ ਪੇਸ਼ਕਾਰੀ ਮਹੱਤਵਪੂਰਣ ਰਹੀਂ ਹੈ ਪਰ ਬੈਂਡ ਨੇ ਫੈਸਟੀਵਲ ਵਿਚ ਸ਼ਾਮਲ ਹੋਏ ਦਰਸ਼ਕਾਂ ਵਿਚ ਆਪਣੇ ਦੇਸ਼ ਲਈ ਕੁਝ ਕਰਨ ਦਾ ਜਜ਼ਬਾ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪੇਸ਼ਕਾਰੀਆਂ ਬੱਚਿਆਂ ਤੇ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਦੇ ਅਨੁਸ਼ਾਸਨ ਵੀ ਪੈਦਾ ਕਰਦੀਆਂ ਹਨ।
  ਇਸ ਮੌਕੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ. ਟੀ.ਐਸ. ਸ਼ੇਰਗਿੱਲ,  ਲੈਫ.ਜਨ (ਰਿਟਾ.) ਚੇਤਿੰਦਰ ਸਿੰਘ, ਐਸ.ਐਸ.ਪੀ. ਡਾ. ਨਾਨਕ ਸਿੰਘ, ਐਸ.ਪੀ. ਸਰਫ਼ਰਾਜ਼ ਆਲਮ, ਫੈਸਟੀਵਲ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਸਹਾਇਕ ਕਮਿਸ਼ਨਰ ਰਿਚਾ ਗੋਇਲ ਵੀ ਮੌਜੂਦ ਸਨ।

Tags: