ਬਠਿੰਡਾ, 20 ਦਸੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੈਡਮ ਲਵਜੀਤ ਕਲਸੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਵਰਦੀਆਂ ਸਿਲਾਈ ਕਰਕੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹੇ ਵਿੱਚ ਸ਼ੁਰੂ ਕੀਤੇ ਗਏ ਪਹਿਲ ਪ੍ਰੋਜੈਕਟ ਤਹਿਤ ਪਿੰਡ ਸਿਵੀਆਂ ਦੇ ਸਵੈ ਸਹਾਇਤਾ ਸਮੂਹਾਂ ਦੀਆਂ 58 ਔਰਤਾਂ ਦੀ ਸਿਖਲਾਈ ਪੂਰੀ ਹੋ ਗਈ ਹੈ।
ਇਸ ਦੌਰਾਨ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਅਧੀਨ ਟ੍ਰੇਨਿੰਗ ਪ੍ਰਾਪਤ ਕਰਨ ਵਾਲੀਆਂ ਇਨ੍ਹਾਂ ਔਰਤਾਂ ਨੂੰ ਵਧੀਕ ਡਿਪਟੀ ਕਮਿਸ਼ਨਰ ਮੈਡਮ ਲਵਜੀਤ ਕਲਸੀ ਵੱਲੋਂ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਵਿਖੇ ਸਰਟੀਫਿਕੇਟ ਵੰਡੇ ਗਏ। ਸਟੇਟ ਬੈਂਕ ਇੰਡੀਆਂ ਦੀ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵੱਲੋਂ ਇਨ੍ਹਾਂ ਔਰਤਾਂ ਨੂੰ 2 ਬੈਚਾ ਵਿੱਚ ਸਕੂਲੀ ਵਰਦੀਆਂ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਕਲਸੀ ਨੇ ਟ੍ਰੇਨਿੰਗ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਵਧਾਈ ਦਿੰਦਿਆਂ ਪਹਿਲ ਪ੍ਰੋਜਕੈਟ ਲਈ ਸਖਤ ਮਿਹਨਤ ਕਰਨ ਦੀ ਗੱਲ ਕੀਤੀ ਤੇ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪਿੰਡਾਂ ਦੀਆਂ ਔਰਤਾਂ ਨੂੰ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਖੁਦ ਮੁਖਤਿਆਰ ਸ਼ੁਰੂ ਕਰਨੇ ਸਮੇਂ ਦੀ ਵੱਡੀ ਲੋੜ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਬਠਿੰਡਾ ਵਿੱਚ ਪਹਿਲ ਪ੍ਰੋਜੈਕਟ ਨੂੰ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹਦੇ 20 ਹਜ਼ਾਰ ਸਕੂਲੀ ਵਿਦਿਆਰਥੀਆਂ ਨੂੰ ਵਰਦੀਆਂ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਲਈ ਲੋੜੀਦੇਂ ਫੰਡ ਪਹਿਲਾ ਹੀ ਰਹਿਮਤ ਆਜੀਵਿਕਾ ਕਲੱਸਟਰ ਲੈਵਲ ਫੈਂਡਰੇਸ਼ਨ ਦੇ ਖਾਤੇ ਵਿੱਚ ਭੇਜੇ ਜਾ ਚੁੱਕੇ ਹਨ ਅਤੇ ਜਿਸ ਸਥਾਨ ਤੇ ਯੂਨਿਟ ਸਥਾਪਤ ਕੀਤਾ ਜਾਣਾ ਹੈ ਉਸ ਦੀ ਮੁਰੰਮਤ ਜਲਦੀ ਹੀ ਮੁਕੰਮਲ ਕਰਕੇ ਵਰਦੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਡਾਇਰੈਕਟਰ ਆਰਸੇਟੀ ਸੰਜੀਵ ਸਿੰਗਲ, ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਸੁਖਵਿੰਦਰ ਸਿੰਘ ਚੱਠਾ, ਜ਼ਿਲ੍ਹਾ ਐਮ.ਆਈ.ਐਸ. ਗਗਨ ਦੀਪ, ਜ਼ਿਲ੍ਹਾ ਅਕਾਊਂਟੈਂਟ ਵਿਵੇਕ ਵਰਮਾ, ਬੀ.ਪੀ.ਐਮ. ਬਲਜੀਤ ਸਿੰਘ, ਸੀਨੀਅਰ ਫੈਕਲਟੀ ਸੋਨੀਆ ਚੱਠਾ, ਫੈਕਲਟੀ ਪਰਵਿੰਦਰ ਕੌਰ, ਗੁਰਸੰਤ ਆਦਿ ਹਾਜ਼ਰ ਸਨ।