Saturday, January 25, 2025

ਕਣਕ ਦੀ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਫ਼ਸਲ ਦਾ ਨਿਰੀਖਣ ਜ਼ਰੂਰੀ- ਡਾ. ਅਮਰੀਕ ਸਿੰਘ

Date:

ਫਰੀਦਕੋਟ 2 ਦਸੰਬਰ 2024 ( )    ਜ਼ਿਲੇ ਵਿਚ ਕਣਕ ਦੀ ਬਿਜਾਈ ਦਾ ਕੰਮ ਇਸ ਹਫਤੇ ਦੌਰਾਨ ਮੁਕੰਮਲ ਹੋ ਜਾਵੇਗਾ । ਇਸ ਦੌਰਾਨ ਨਵੰਬਰ ਦੇ ਪਹਿਲੇ ਹਫਤੇ ਬੀਜੀ ਗਈ ਕਣਕ ਦੀ ਫ਼ਸਲ ਉੱਪਰ ਕਿਤੇ ਕਿਤੇ ਗੁਲਾਬੀ ਸੁੰਡੀ ਅਤੇ ਸੈਨਿਕ ਸੁੰਡੀ ਨਾਮੀ ਕੀੜਿਆਂ ਦਾ ਹਮਲਾ ਦੇਖਣ ਨੂੰ ਮਿਲਿਆ ਹੈ ਜਿਸ ਦੀ ਰੋਕਥਾਮ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨਾਲ ਰਾਬਤਾ ਕਰਕੇ ਇਸ ਸੁੰਡੀ ਦੇ ਹਮਲੇ ਅਤੇ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

 ਪਿੰਡ ਚਾਹਲ ਬਲਾਕ ਫ਼ਰੀਦਕੋਟ ਦੇ ਕਿਸਾਨ ਸਰਦੂਲ ਸਿੰਘ ਦੀ ਕਣਕ ਦੀ ਫ਼ਸਲ ਦਾ ਨਿਰੀਖਣ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤਾਤ ਰਕਬੇ ਵਿੱਚ ਕਣਕ ਦੀ ਬਿਜਾਈ ਸੁਪਰ/ਹੈਪੀ , ਸਮਾਰਟ ਜਾਂ ਸਰਫੇਸ ਸੀਡਰ ਨਾਲ ਕੀਤੀ ਗਈ ਹੈ ,ਕੁਝ ਥਾਵਾਂ ਤੇ ਕਣਕ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਨੁਕਸਾਨ ਕਰ ਰਹੀ ਹੈ ਜਿਸ ਤੋਂ ਬਚਾਅ ਲਈ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਮੌਸਮੀ ਤਬਦੀਲੀਆਂ ਕਰਨ ਇਸ ਵਾਰ ਨਵੰਬਰ ਦੇ ਪਹਿਲੇ ਹਫਤੇ ਬੀਜੀ ਗਈ ਕਣਕ ਦੀ ਫ਼ਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਦੇਖਿਆ ਗਿਆ ਹੈ। ਉਨਾਂ ਦੱਸਿਆ ਕਿ ਹਰੇਕ ਕਿਸਾਨ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਕਣਕ ਦੀ ਫ਼ਸਲ ਦਾ ਨਿਰੀਖਣ ਜ਼ਰੂਰ ਕਰ ਲੈਣਾ ਚਾਹੀਦਾ ਅਤੇ ਜੇਕਰ ਕਿਸੇ ਖੇਤ ਵਿਚ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਦਾ ਹੈ ਤਾਂ ਸਬੰਧਤ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ। ਉਨਾਂ ਦੱਸਿਆ ਕਿ ਗੁਲਾਬੀ ਸੁੰਡੀ ਤਾਂ ਹਰੇਕ ਤਰ੍ਹਾਂ ਦੀ ਤਕਨੀਕ ਨਾਲ ਬਿਜਾਈ ਕੀਤੀ ਗਈ ਕਣਕ ਦੀ ਫਸਲ ਉੱਪਰ ਹਮਲਾ ਕਰ ਸਕਦੀ ਹੈ। ਕਣਕ ਤੋਂ ਇਲਾਵਾ ਇਹ ਸੁੰਡੀ ਮੱਕੀ, ਝੋਨਾ ,ਬਾਸਮਤੀ ਅਤੇ ਜਵਾਰ ਵਿਚ ਵੀ ਹਮਲਾ ਕਰਦੀ ਹੈ, ਇਸ ਲਈ ਗੁਲਾਬੀ ਸੁੰਡੀ ਤੋਂ ਡਰਨ ਦੀ ਨਹੀਂ ਸਗੋਂ ਸਮੇਂ ਸਿਰ ਸਿਫਾਰਸ਼ਸ਼ੁਦਾ ਤਕਨੀਕਾਂ ਵਰਤ ਕੇ ਇਲਾਜ ਕਰਨ ਦੀ ਜ਼ਰੂਰਤ ਹੈ।

 ਉਨਾਂ ਦੱਸਿਆ ਕਿ ਗੁਲਾਬੀ ਸੁੰਡੀ ਜਦੋਂ ਝੋਨੇ ਦੀ ਫਸਲ ਵਿੱਚ ਹੁੰਦੀ ਹੈ ਤਾਂ ਫਸਲ ਦੀ ਕਟਾਈ ਉਪਰੰਤ ਝੋਨੇ ਦੇ ਮੁੱਢਾਂ ਵਿੱਚ ਲੁਕ ਕੇ ਮਿੱਟੀ ਵਿੱਚ ਨਿਵਾਸ ਕਰਦੀ ਹੈ।ਇਸ ਸੁੰਡੀ ਦੇ ਮਾਦਾ ਪਤੰਗੇ ਤਣੇ ਦੁਆਲੇ ਪੱਤੇ ਵਿਚ ਅੰਡੇ ਦਿੰਦੀਆਂ ਹਨ ਜਿਸ ਵਿਚੋਂ ਮੌਸਮ ਦੇ ਹਿਸਾਬ ਨਾਲ 6-7 ਦਿਨਾਂ ਬਾਅਦ ਸੁੰਡੀਆਂ ਨਿਕਲ ਕੇ ਤਣੇ ਵਿਚ ਮੋਰੀ ਕਰਕੇ ਤਣੇ ਅੰਦਰਲਾ ਮਾਦਾ ਖਾਂਦੀਆਂ ਹਨ । ਸੁੰਡੀਆਂ ਦੁਆਰਾ ਤਣੇ ਅੰਦਰਲਾ ਮਾਦਾ ਖਾਣ ਨਾਲ ਮੁੱਖ ਸ਼ਾਖ਼ ਸੁੱਕ ਜਾਂਦੀ ਹੈ ਅਤੇ ਬੂਟਾ ਪੀਲਾ ਪੈ ਕੇ ਸੁੱਕ ਜਾਂਦਾ ਹੈ।ਉਨਾਂ ਦੱਸਿਆ ਕਿ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਉੱਪਰ ਨਾ ਜਾਵੇ ਮਤਲਬ ਕਿ ਜੇਕਰ ਹਮਲਾ ਜ਼ਿਆਦਾ ਹੈ ਤਾਂ ਕੀਟਨਾਸ਼ਕਾਂ ਦੀ ਵਰਤੋਂ ਕਰੋ।ਕਈ ਵਾਰ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਸੁੰਡੀ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਕਰ ਦਿੰਦੀ ਹੈ। ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਉਨ੍ਹਾਂ ਦੱਸਿਆ ਕਿ ਕਣਕ ਦੀ ਫ਼ਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਜਦੋਂ ਵੀ ਕੋਈ ਬੂਟਾ ਸੁੱਕਾ ਹੋਇਆ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਬੇਧਿਆਨਾ ਨਾ ਕਰੋ। ਪ੍ਰਭਾਵਤ ਬੂਟਾ ਪੁੱਟ ਕੇ ਬੂਟੇ ਨੂੰ ਪਾੜ ਕੇ ਦੇਖੋ ਜੇਕਰ ਹਲਕੀ ਗੁਲਾਬੀ ਸੁੰਡੀ ਜਿਸ ਦਾ ਸਿਰ ਹਲਕਾ ਭੂਰਾ ਹੋਵੇਗਾ ,ਦਿਖਾਈ ਦੇਵੇ ਤਾਂ ਖੇਤੀਬਾੜੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਓ।

  ਡਾ.  ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜੇਕਰ ਕਣਕ ਦੀ ਫ਼ਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਜ਼ਿਆਦਾ ਹੋਵੇ ਤਾਂ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ 7 ਕਿਲੋ ਫਿਪਰੋਨਿਲ ਜਾਂ ਇੱਕ ਲਿਟਰ ਕਲੋਰੋਪਾਈਰੀਫਾਸ ਨੂੰ 20 ਈ ਸੀ ਨੂੰ 20 ਕਿਲੋ ਸਿੱਲੀ ਮਿੱਟੀ ਵਿੱਚ ਰਲਾ ਕੇ ਛੱਟਾ ਦੇ ਦਿਉ। ਉਨਾਂ ਦੱਸਿਆ ਕਿ ਕਣਕ ਦੀ ਫਸਲ ਨੂੰ ਦਿਨ ਸਮੇਂ ਪਹਿਲਾ ਪਾਣੀ ਲਗਾਉਣ ਨੂੰ ਤਰਜ਼ੀਹ ਦਿਉ ਤਾਂ ਜੋ ਪੰਛੀ ਵੱਧ ਤੋਂ ਵੱਧ ਸੁੰਡੀਆਂ ਦਾ ਸ਼ਿਕਾਰ ਕਰ ਸਕਣ। ਉਨਾਂ ਦੱਸਿਆ ਕਿ ਜੇਕਰ ਪਹਿਲਾ ਪਾਣੀ ਲਾਉਣ ਤੋਂ ਬਾਅਦ ਸੁੰਡੀ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ 50 ਮਿਲੀ ਲਿਟਰ ਕਲੋਰਐਂਟਰਾਨਿਲੀਪਰੋਲ 18.5 ਐਸ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਨੈਪਸੈਕ ਛਿੜਕਾਅ ਪੰਪ ਵਰਤ ਕੇ ਗੋਲ ਨੋਜ਼ਲ ਨਾਲ ਛਿੜਕਾਅ ਕਰੋ। ਕਿਸਾਨ ਆਗੂ ਭੁਪਿੰਦਰ ਸਿੰਘ ਔਲਖ ਨੇ ਮੰਗ ਕੀਤੀ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਵਰਤੀ ਜਾਣ ਵਾਲੀ ਕੀਟਨਾਸ਼ਕ ਸਬਸਿਡੀ ਤੇ ਉਪਲਬਧ ਕਰਵਾਈ ਜਾਵੇ ਤਾਂ ਜੋਂ ਕਿਸਾਨ ਇਸ ਸੁੰਡੀ ਦੀ ਰੋਕਥਾਮ ਕਰ ਸਕਣ ਅਤੇ ਖੇਤੀ ਲਾਗਤ ਖਰਚੇ ਘਟਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਮਦੂਰ ਸਿੰਘ,ਗੁਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

ਐਕਸੀਡੈਂਟ ਬਲੈਕ ਸਪਾਟ ਦੇ ਸੁਧਾਰ ਅਤੇ ਸੜਕ ਦੁਰਘਟਨਾਵਾਂ ਅਤੇ ਮੌਤਾਂ ਤੇ ਪ੍ਰਭਾਵ ਬਾਰੇ ਵਰਕਸ਼ਾਪ ਆਯੋਜਿਤ

ਚੰਡੀਗੜ੍ਹ, 25 ਜਨਵਰੀ ਸੜਕ ਸੁਰੱਖਿਆ ਏਜੰਸੀ, ਪੰਜਾਬ ਰਾਜ ਸੜਕ ਸੁਰੱਖਿਆ...

ਤੇਲ ਬੀਜ਼ ਫ਼ਸਲਾਂ ਦੀ ਕਾਸ਼ਤ ਸਬੰਧੀ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ

ਮਾਨਸਾ, 25 ਜਨਵਰੀ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ...

ਮਜ਼ਬੂਤ ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟਰ ਬਣਨਾ ਜ਼ਰੂਰੀ: ਨਿਕਾਸ ਕੁਮਾਰ

ਹੁਸ਼ਿਆਰਪੁਰ, 25 ਜਨਵਰੀ: ਵਧੀਕ  ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਕਾਸ...