ਮੋਗਾ, 6 ਫਰਵਰੀ:
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਦਰਾਂ ਉੱਤੇ ਜਾ ਕੇ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ”ਆਪ ਦੀ ਸਰਕਾਰ, ਆਪ ਦੇ ਦੁਆਰ” ਮੁਹਿੰਮ ਨੂੰ ਉਸ ਵੇਲੇ ਅਪਾਰ ਸਫ਼ਲਤਾ ਮਿਲੀ, ਜਦੋਂ ਜ਼ਿਲ੍ਹਾ ਮੋਗਾ ਦੇ ਪਿੰਡ ਸਿੰਘਾਂਵਾਲਾ ਵਿਖੇ ਲਗਾਏ ਗਏ ਕੈਂਪ ਦੌਰਾਨ ਇੱਕ ਨਵ-ਵਿਆਹੀ ਜੋੜੀ ਨੂੰ ਉਨ੍ਹਾਂ ਦੇ ਆਨੰਦ ਕਾਰਜ ਤੋਂ ਮਹਿਜ਼ 5 ਮਿੰਟ ਬਾਅਦ ਉਨ੍ਹਾਂ ਦੇ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਇਹ ਸਰਟੀਫਿਕੇਟ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੀ ਹਾਜ਼ਰੀ ਵਿੱਚ ਨਵ-ਵਿਆਹੀ ਜੋੜੀ ਨੂੰ ਪ੍ਰਦਾਨ ਕੀਤਾ। ਇਸ ਮੌਕੇ ਜੋੜੀ ਨੂੰ ਪੰਜਾਬ ਸਰਕਾਰ ਵੱਲੋਂ ਸ਼ਗਨ ਵੀ ਪਾਇਆ ਗਿਆ।
ਦੱਸਣਯੋਗ ਹੈ ਕਿ ਅੱਜ ”ਆਪ ਦੀ ਸਰਕਾਰ, ਆਪ ਦੇ ਦੁਆਰ” ਮੁਹਿੰਮ ਤਹਿਤ ਜ਼ਿਲ੍ਹਾ ਮੋਗਾ ਵਿੱਚ 16 ਲੋਕ ਸੁਵਿਧਾ ਕੈਂਪ ਲਗਾਏ ਗਏ, ਜਿਹਨਾਂ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੇ ਸਰਕਾਰੀ ਸੇਵਾਵਾਂ ਨਾਲ ਸਬੰਧਤ ਕੰਮ ਕਰਵਾਏ। ਅਜਿਹਾ ਕੈਂਪ ਪਿੰਡ ਸਿੰਘਾਂਵਾਲਾ ਸਬ-ਡਿਵੀਜ਼ਨ ਮੋਗਾ ਵਿਖੇ ਲਗਾਇਆ ਗਿਆ। ਇਸ ਕੈਂਪ ਦੇ ਦੌਰਾਨ ਨਾਲ ਲਗਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਭਜੋਤ ਸਿੰਘ ਪੁੱਤਰ ਸਲਵੰਤ ਸਿੰਘ ਅਤੇ ਰਜਨੀ ਪੁੱਤਰੀ ਸ੍ਰੀ ਅਸ਼ੋਕ ਕੁਮਾਰ ਦੇ ਆਨੰਦ ਕਾਰਜ ਦੀ ਰਸਮ ਹੋ ਰਹੀ ਸੀ, ਤਾਂ ਮੌਕੇ ‘ਤੇ ਹਾਜ਼ਰ ਐਸ.ਡੀ.ਐਮ. ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ ਤੇ ਤਹਿਸੀਲਦਾਰ ਸ੍ਰ. ਲਖਵਿੰਦਰ ਸਿੰਘ ਗਿੱਲ ਨੇ ਜੋੜੀ ਨੂੰ ਹੁਣੇ ਹੀ ਆਪਣਾ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰਵਾਉਣ ਲਈ ਪ੍ਰੇਰਿਤ ਕੀਤਾ। ਵਿਆਹ ਵਾਲੇ ਦੋਵੇਂ ਪਰਿਵਾਰਾਂ ਨੇ ਇਸ ਮੌਕੇ ਦਾ ਫਾਇਦਾ ਉਠਾਉਣ ਲਈ ਤੁਰੰਤ ਫਾਰਮ ਭਰ ਦਿੱਤੇ ਅਤੇ ਮੌਕੇ ਤੇ ਹਾਜ਼ਰ ਡਿਪਟੀ ਕਮਿਸ਼ਨਰ ਨੇ ਜੋੜੀ ਨੂੰ ਸਰਟੀਫਿਕੇਟ ਜਾਰੀ ਕੀਤਾ ਅਤੇ ਪੰਜਾਬ ਸਰਕਾਰ ਤਰਫ਼ੋਂ ਸ਼ਗਨ ਵੀ ਪਾਇਆ।
ਇਸ ਮੌਕੇ ਵਿਆਹੀ ਜੋੜੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ, ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਲੋਕਾਂ ਨੂੰ ਉਨ੍ਹਾਂ ਦੇ ਦਰਾਂ ਉੱਤੇ ਜਾ ਕੇ ਸੇਵਾਵਾਂ ਦੇਣ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।
ਨਵ-ਵਿਆਹੀ ਜੋੜੀ ਨੂੰ ਵਿਆਹ ਦੇ ਪੰਜ ਮਿੰਟ ਵਿੱਚ ਹੋਇਆ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ
Date: