ਮੋਗਾ, 10 ਸਤੰਬਰ (000) – ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਆਪਣੇ ਦਫ਼ਤਰ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹਦਾਇਤਾਂ ਜਾਰੀ ਕੀਤੀਆਂ। ਉਹਨਾਂ ਕਿਹਾ ਕਿ ਜੋ ਕੰਮ ਸੈਂਕਸ਼ਨ ਹੋ ਗਏ ਹਨ ਅਤੇ ਉਹਨਾਂ ਦੇ ਫੰਡ ਪ੍ਰਾਪਤ ਹੋ ਚੁੱਕੇ ਹਨ, ਉਹਨਾਂ ਵਿੱਚ ਦੇਰੀ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਰੇਕ ਕੰਮ ਚਾਲੂ ਕਰਨ ਅਤੇ ਮੁਕੰਮਲ ਕਰਨ ਲਈ ਤੈਅ ਕੀਤੀ ਸਮਾਂ ਸੀਮਾ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ, ਐੱਸ ਡੀ ਐੱਮ ਸ੍ਰ ਸਾਰੰਗਪ੍ਰੀਤ ਸਿੰਘ ਔਜਲਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਛੱਪੜਾਂ ਦੀ ਸਫਾਈ ਬਹੁਤ ਜ਼ਰੂਰੀ ਹੈ। ਮੀਂਹਾਂ ਕਾਰਨ ਛੱਪੜ ਭਰੇ ਪਏ ਹਨ, ਉਹਨਾਂ ਨੂੰ ਤੁਰੰਤ ਖਾਲੀ ਕਰਵਾ ਕੇ ਗਾਰ ਵੀ ਕਢਵਾਈ ਜਾਵੇ। ਜ਼ਿਲ੍ਹਾ ਮੋਗਾ ਵਿੱਚ 111 ਪਿੰਡਾਂ ਵਿੱਚ ਖੇਡ ਦੇ ਮੈਦਾਨ ਅਤੇ ਸਟੇਡੀਅਮ ਬਣਾਏ ਜਾ ਰਹੇ ਹਨ, ਜਿੰਨਾ ਵਿੱਚੋਂ 75 ਮੁਕੰਮਲ ਹੋ ਚੁੱਕੇ ਹਨ ਜਦਕਿ 36 ਪਿੰਡਾਂ ਵਿੱਚ ਕੰਮ ਜ਼ੋਰਾਂ ਉੱਤੇ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਹਰੇਕ ਪਿੰਡ ਵਿੱਚ ਘੱਟੋ ਘੱਟ ਇਕ ਖੇਡ ਮੈਦਾਨ ਹੋਣਾ ਲਾਜ਼ਮੀ ਹੈ। ਉਹਨਾਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰ ਹਰਜਿੰਦਰ ਸਿੰਘ ਨੂੰ ਕਿਹਾ ਕਿ ਉਹ ਹੋਰ ਪਿੰਡਾਂ ਦੀ ਪਛਾਣ ਕਰਨ ਜਿੱਥੇ ਕੋਈ ਵੀ ਖੇਡ ਮੈਦਾਨ ਨਹੀਂ ਹੈ। ਤਾਂ ਜੋ ਅਜਿਹੇ ਪਿੰਡਾਂ ਵਿੱਚ ਵੀ ਖੇਡ ਮੈਦਾਨ ਬਣਵਾਉਣ ਲਈ ਪੰਜਾਬ ਸਰਕਾਰ ਨੂੰ ਲਿਖਿਆ ਜਾ ਸਕੇ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਬਣ ਰਹੇ 73 ਘਰਾਂ ਦੇ ਕੰਮ ਨੂੰ ਵੀ ਮੁਕੰਮਲ ਕਰਨ ਬਾਰੇ ਕਿਹਾ ਗਿਆ। ਡਿਪਟੀ ਕਮਿਸ਼ਨਰ ਨੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਕੰਮ 15 ਅਕਤੂਬਰ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰਨੇ ਯਕੀਨੀ ਬਣਾਉਣ।
ਇਸੇ ਤਰ੍ਹਾਂ ਜ਼ਿਲ੍ਹਾ ਮੋਗਾ ਵਿੱਚ 301 ਡਰੇਨਾਂ ਅਤੇ ਖਾਲਾਂ ਦੀ ਮੁਰੰਮਤ ਆਦਿ ਦਾ ਕੰਮ ਚੱਲ ਰਿਹਾ ਹੈ। ਜਿਸ ਵਿਚੋਂ ਹਲੇ ਸਿਰਫ਼ 42 ਹੀ ਪੂਰੇ ਹੋਏ ਹਨ, ਬਾਕੀ ਰਹਿੰਦੇ ਕੰਮਾਂ ਦੀ ਪ੍ਰਗਤੀ ਰਿਪੋਰਟ ਤੁਰੰਤ ਭੇਜਣ ਬਾਰੇ ਕਿਹਾ ਗਿਆ। ਪੰਜਾਬ ਮੰਡੀ ਬੋਰਡ ਨੂੰ ਹਦਾਇਤ ਕੀਤੀ ਗਈ ਕਿ ਜੋ ਕੰਮ ਲੰਮੇ ਸਮੇਂ ਤੋਂ ਲਟਕੇ ਹੋਏ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਉਤੇ ਕਰਵਾਇਆ ਜਾਵੇ। 155 ਕਿਲੋਮੀਟਰ ਦੀ ਲੰਬਾਈ ਵਾਲੀਆਂ 42 ਸੜਕਾਂ ਦੀ ਸਪੈਸ਼ਲ ਰਿਪੇਅਰ ਦਾ ਕੰਮ ਜਲਦ ਮੁਕਾਇਆ ਜਾਵੇ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਕਿਹਾ ਗਿਆ ਕਿ ਅਗਲੇ 15 ਦਿਨਾਂ ਵਿੱਚ ਸਾਰੇ ਆਰ ਓ ਚਾਲੂ ਹਾਲਤ ਵਿੱਚ ਕਰਕੇ ਉਸਦਾ ਆਮ ਲੋਕਾਂ ਨੂੰ ਲਾਭ ਦਿੱਤਾ ਜਾਵੇ। ਇਸੇ ਤਰ੍ਹਾਂ ਜੋ ਕੰਮ ਪੂਰੇ ਹੋ ਚੁੱਕੇ ਹਨ ਉਹਨਾਂ ਦੇ ਵਰਤੋਂ ਸਰਟੀਫਿਕੇਟ ਤੁਰੰਤ ਭੇਜਣ ਲਈ ਕਿਹਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕੰਮ ਉਹ ਜਲਦ ਹੀ ਨਿੱਜੀ ਤੌਰ ਉੱਤੇ ਦੇਖਣਗੇ। ਉਕਤ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ, ਪੰਚਾਇਤੀ ਰਾਜ, ਪੀ ਐਸ ਪੀ ਸੀ ਐਲ, ਸੀਵਰੇਜ਼ ਵਿਭਾਗ ਅਤੇ ਹੋਰ ਵਿਭਾਗਾਂ ਦੇ ਕੰਮਾਂ ਦੀ ਵੀ ਸਮੀਖਿਆ ਕੀਤੀ ਅਤੇ ਸਾਰੇ ਕੰਮ ਜਲਦ ਮੁਕੰਮਲ ਕਰਨ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਵੱਲੋਂ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ
Date: