ਸੁਲਤਾਨਪੁਰ ਲੋਧੀ : ਭਾਰੀ ਮੀਂਹ ਪੈਣ ਕਾਰਨ ਹੜ੍ਹ ਦੀ ਬਣੀ ਸਥਿਤੀ ਦੇ ਮੱਦੇਨਜ਼ਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਧੁੱਸੀ ਬੰਨ੍ਹ ‘ਤੇ ਰਾਹਤ ਕਾਰਜਾਂ ਦਾ ਮੋਰਚਾ ਸੰਭਾਲ ਲਿਆ ਹੈ। ਸੰਤ ਸੀਚੇਵਾਲ ਨੇ ਧੁੱਸੀ ਬੰਨ੍ਹ ‘ਤੇ ਦੋ ਵੱਡੀਆਂ ਕਰੇਨਾਂ, ਇਕ ਜੇਸੀਬੀ ਮਸ਼ੀਨ, ਟਿੱਪਰ, ਦੋ ਕਿਸ਼ਤੀਆਂ ਤੇ ਮਿੱਟੀ ਦੇ ਬੋਰੇ ਭਰਨ ਦਾ ਸਾਰਾ ਸਾਮਾਨ ਪਹੁੰਚਾ ਦਿੱਤਾ ਹੈ ਤਾਂ ਜੋ ਕਿਸੇ ਵੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਧੁੱਸੀ ਬੰਨ੍ਹ ‘ਤੇ ਪਹਿਰਾ ਦੇ ਰਹੇ ਪਿੰਡਾਂ ਦੇ ਲੋਕਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਵੇਰੇ 7 ਵਜੇ ਤੋਂ ਲੈ ਕੇ ਲਗਾਤਾਰ ਰਾਜ ਸਭਾ ਮੈਂਬਰ ਤੇ ਵਾਤਾਵਰਨ ਪੇ੍ਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦਰਜਨ ਤੋਂ ਵੱੱਧ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਨੂੰ ਚੌਕਸ ਕੀਤਾ।
ਜਿਹੜੇ ਇਲਾਕੇ ਅਤੇ ਪਿੰਡਾਂ ਵਿੱਚ ਸੰਤ ਸੀਚੇਵਾਲ ਨੇ ਲੋਕਾਂ ਦੀ ਲਾਮਬੰਦੀ ਕੀਤੀ, ਉਨ੍ਹਾਂ ਵਿਚ ਫਿਲੌਰ, ਮਾਓ ਸਾਹਿਬ, ਮੀਆਂਵਾਲ, ਪਿੱਪਲੀ ਮਿਆਣੀ, ਰਾਮੇ, ਫਹਿਤੇਪੁਰ ਗੱਟੀ, ਕਾਸੂਮੰਡੀ, ਮੰਡਾਲਾ ਅਤੇ ਗਿੱਦੜਪਿੰਡੀ ਸਮੇਤ ਹੋਰ ਪਿੰਡ ਵੀ ਸ਼ਾਮਲ ਸਨ।ਉਨ੍ਹਾਂ ਨੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਹੜ੍ਹ ਦੀ ਬਣ ਰਹੀ ਸਥਿਤੀ ‘ਤੇ ਲਗਾਤਾਰ ਚੌਕਸੀ ਵਰਤਣ ਦੀਆਂ ਹਦਾਇਤਾਂ ਕੀਤੀਆਂ। ਰਾਜ ਸਭਾ ਮੈਂਬਰ ਸੰਤ ਸੀਚੇਵਾਲ, ਕੈਬਨਿਟ ਮੰਤਰੀ ਬਲਕਾਰ ਸਿੰਘ ਤੇ ਨਕੋਦਰ ਹਲਕੇ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਮਾਓ ਸਾਹਿਬ ਵਿਖੇ ਧੁੱਸੀ ਬੰਨ੍ਹ ਦਾ ਨਿਰੀਖਣ ਕੀਤਾ ਤੇ ਉਥੇ ਢਾਹ ਮਾਰ ਰਹੇ ਦਰਿਆ ਦਾ ਰੁੱਖ ਮੋੜਨ ਲਈ ਨੋਚ ਲਗਾਉਣ ਦੇ ਕੀਤੇ ਜਾ ਰਹੇ ਕੰਮਾਂ ਦੀ ਨਿਗਰਾਨੀ ਕੀਤੀ।
ਸਾਲ 2019 ਵਿੱਚ ਜਿਆਣੀਆ ਚਾਹਲਾਂ ਨੇੜੇ ਜਿੱਥੋਂ ਬੰਨ੍ਹ ਟੁੱਟਾ ਸੀ, ਉਥੋਂ ਸੰਤ ਸੀਚੇਵਾਲ ਨੇ ਧੁੱਸੀ ਬੰਨ੍ਹ ‘ਤੇ ਆਪ ਘੰਟਿਆਂ ਬੱਧੀ ਟ੍ਰੈਕਟਰ ਚਲਾ ਕੇ ਬੰਨ੍ਹ ਨੂੰ ਮਜ਼ਬੂਤ ਕੀਤਾ। ਡਰੇਨਜ਼ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਤਕ ਸਤਲੁਜ ਦਰਿਆ ਵਿਚ ਫਿਲੌਰ ਤੋਂ ਤਿੰਨ ਲੱਖ ਕਿਊਸਿਕ ਪਾਣੀ ਵੱਗ ਰਿਹਾ ਸੀ। ਇਹ ਪਾਣੀ ਦੇਰ ਰਾਤ ਤਕ ਗਿੱਦੜਪਿੰਡੀ ਪਹੁੰਚਣ ਦੀ ਸੰਭਾਵਨਾ ਹੈ। ਪਿੰਡ ਪਿੱਪਲੀ ਮਿਆਣੀ ਦੇ ਹੋਰ ਨੇੜਲੇ ਪਿੰਡਾਂ ਕੋਲੋਂ ਦੀ ਲੰਘਦੇ ਧੁੱਸੀ ਬੰਨ੍ਹ ਵਿਚ ਆਈ ਕਮਜ਼ੋਰੀ ਨੂੰ ਦੂਰ ਕਰਨ ਅਤੇ ਉਸ ਨੂੰ ਮਜ਼ਬੂਤ ਕਰਨ ਦੇ ਕਾਰਜ ਚੱਲਦੇ ਰਹੇ। ਹੜ੍ਹ ਰੋਕੂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਿੱਦੜਪਿੰਡੀ ਨੇ ਦੱਸਿਆ ਕਿ ਸੰਤ ਸੀਚੇਵਾਲ ਨੇ ਸਾਲ 2019 ਦੇ ਹੜਾਂ੍ਹ ਵਾਂਗ ਇਸ ਵਾਰ ਵੀ ਕਮਾਨ ਸੰਭਾਲ ਲਈ ਹੈ ਜਿਸ ਕਾਰਨ ਲੋਕ ਸੁਰੱਖਿਅਤ ਮਹਿਸੂਸ ਕਰ ਰਹੇ ਹਨ।