ਵਣ ਮਹਾਂਉਤਸਵ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਏ ਗਏ ਪੌਦੇ

ਸ੍ਰੀ ਮੁਕਤਸਰ ਸਾਹਿਬ, 06 ਅਗਸਤ

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੂਬੇ ਨੂੰ ਹਰਿਆ ਭਰਿਆ ਬਣਾਉਣ ਅਤੇ ਵਾਤਾਵਰਣ ਨੂੰ ਸਵੱਛ ਬਣਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਅੱਜ ਵਣ ਮਹਾਂਉਤਸਵ ਤਹਿਤ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਹਰਪ੍ਰੀਤ ਸਿੰਘ ਸੂਦਨ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ਼), ਸ੍ਰੀ ਸੰਜੀਵ ਸ਼ਰਮਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ।

ਵਧੀਕ ਡਿਪਟੀ ਕਮਿਸ਼ਨਰ (ਜ਼), ਸ੍ਰੀ ਸੰਜੀਵ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ-ਤਹਿਸੀਲ ਸ੍ਰੀ ਮੁਕਤਸਰ ਸਾਹਿਬ ਵਿੱਚ 2 ਲੱਖ 70 ਹਜ਼ਾਰ ਤੋਂ ਵੱਧ ਪੌਦੇ ਵਣ ਵਿਭਾਗ ਤੋਂ ਇਲਾਵਾ ਸਿੱਖਿਆ ਵਿਭਾਗ, ਮੰਡੀ ਬੋਰਡ, ਲੋਕ ਨਿਰਮਾਣ ਵਿਭਾਗ, ਨਹਿਰੀ ਵਿਭਾਗ ਆਦਿ ਵਿਭਾਗਾਂ ਦੇ ਸਹਿਯੋਗ ਨਾਲ ਲਗਾਏ ਜਾ ਚੁੱਕੇ ਹਨ ਅਤੇ ਪੂਰੇ ਜ਼ਿਲ੍ਹੇ ਵਿੱਚ 11 ਲੱਖ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।

ਉਨ੍ਹਾਂ  ਦੱਸਿਆ ਕਿ ਸਾਫ਼ ਅਤੇ ਸ਼ੁੱਧ ਹਵਾ ਲਈ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਖੇਤਾਂ ਵਿੱਚ ਲੱਗੇ ਟਿਊਬਵੈਲਾਂ ਦੇ ਆਸ ਪਾਸ ਵੀ ਪੌਦੇ ਲਗਾਏ ਜਾ ਰਹੇ ਹਨ। ਇਸ ਮੁਹਿੰਮ ਤਹਿਤ ਵਣ ਵਿਭਾਗ ਵੱਲੋਂ ਪੌਦੇ ਮੁਫਤ ਦਿੱਤੇ ਜਾ ਰਹੇ ਹਨ।

ਇਸ ਮੌਕੇ ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਖਾਸ ਕਰਕੇ ਇਸ ਬਰਸਾਤੀ ਮੌਸਮ ਦੌਰਾਨ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਬੂਟੇ ਲਗਾਉਣ ਉਪਰੰਤ ਉਨ੍ਹਾਂ ਦੀ ਦੇਖਭਾਲ ਕਰਨਾ ਵੀ ਸਾਡਾ ਫਰਜ਼ ਬਣਦਾ ਹੈ, ਜੇਕਰ ਪੌਦੇ ਦੀ ਦੇਖਭਾਲ ਕਰਾਂਗੇ ਤਾਂ ਹੀ ਅੱਗੇ ਜਾ ਕੇ ਉਸ ਤੋਂ ਆਪਾਂ ਛਾਂ ਅਤੇ ਫ਼ਲ ਦੀ ਉਮੀਦ ਕਰ ਸਕਦੇ ਹਾਂ ਅਤੇ ਵੱਧ ਰਹੇ ਇਸ ਗਰਮੀਂ ਦੇ ਪ੍ਰਕੋਪ ਤੋਂ ਬਚ ਸਕਦੇ ਹਾਂ।

ਇਸ ਮੌਕੇ ਵਣ ਮੰਡਲ ਅਫ਼ਸਰ, ਸ੍ਰੀ ਅੰਮ੍ਰਿਤਪਾਲ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਾਪ ਡਾਈਵਰਸੀਫ਼ਿਕੇਸ਼ਨ ਐਗਰੋ ਫ਼ੋਰੈਸਟਰੀ (ਸੀ.ਡੀ.ਏ.ਐਫ਼) ਸਕੀਮ ਤਹਿਤ ਜੋ ਕਿਸਾਨ ਪੌਦਿਆਂ ਦੀ ਫ਼ਸਲ ਲਈ ਚਾਹਵਾਣ ਹਨ, ਉਨ੍ਹਾਂ ਕਿਸਾਨਾਂ ਨੂੰ 60/- ਰੁਪਏ ਪ੍ਰਤੀ ਪੌਦੇ ਦੇ ਹਿਸਾਬ ਨਾਲ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ ਅਤੇ ਵਧੇਰੇ ਜਾਣਕਾਰੀ ਲਈ ਦਫ਼ਤਰ, ਵਣ ਵਿਭਾਗ, ਸ੍ਰੀ ਮੁਕਤਸਰ ਸਾਹਿਬ ਵਿਖੇ ਰਾਬਤਾ ਕੀਤਾ ਜਾ ਸਕਦਾ ਹੈ।

ਇਸ ਮੌਕੇ ਸ੍ਰੀ ਭੁਪਿੰਦਰ ਸਿੰਘ, ਸ੍ਰੀ ਹਰਜਿੰਦਰ ਸਿੰਘ, ਸ੍ਰੀ ਜਗਤਾਰ ਸਿੰਘ, ਬਲਾਕ ਅਫ਼ਸਰ ਵਣ ਵਿਭਾਗ ਸ੍ਰੀ ਗੁਰਮੀਤ ਸਿੰਘ, ਵਣ ਗਾਰਡ ਵਿਕਰਮਪਾਲ ਸਿੰਘ, ਅਮਨਦੀਪ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸਨ।

[wpadcenter_ad id='4448' align='none']