Shri Guru Harkrishan Sahib Ji
ਸਿੱਖਾਂ ਦੇ ਅੱਠਵੇਂ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਬਾਰੇ ਅਰਦਾਸ ਵਿਚ ਦਸਮ ਪਾਤਸ਼ਾਹ ਦੇ ਬਚਨ ਹਨ, ‘ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ।।’ ਐਸੇ ਮਹਾਨ ਸਤਿਗੁਰੂ ਜੀ ਦਾ ਗੁਰਗੱਦੀ ਦਿਵਸ 22 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਆਪ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਤੇ ਮਾਤਾ ਕਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਸਾਵਣ ਵਦੀ 10 ਸੰਮਤ 1713 (7 ਜੁਲਾਈ 1656) ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ।
ਗੁਰੂ ਹਰਿਰਾਇ ਸਾਹਿਬ ਦੇ ਦੋ ਪੁੱਤਰ ਹੋਏ, ਵੱਡਾ ਰਾਮਰਾਇ ਤੇ ਛੋਟੇ ਸ੍ਰੀ ਹਰਿਕ੍ਰਿਸ਼ਨ ਜੀ। ਰਾਮਰਾਇ ਸਿਆਣਾ, ਨੀਤੀ ਨਿਪੁੰਨ ਤੇ ਸੰਗਤਾਂ ਵਿਚ ਰਸੂਖ ਰੱਖਣ ਵਾਲਾ ਸੀ ਪਰ ਉਹ ਜਲਦੀ ਗੁਰੂ ਬਣਨ ਦੀ ਇੱਛਾ ਰੱਖਦਾ ਸੀ। ਡਾ. ਹਰਨਾਮ ਸਿੰਘ ਸ਼ਾਨ, ਗੁਰੂ ਸਾਹਿਬ ਬਾਰੇ ਲਿਖਦੇ ਹਨ, ‘ਇਸ ਇਨਕਲਾਬੀ ਤੇ ਲੋਕ ਹਿਤੈਸੀ ਲਹਿਰ ਦੇ ਵੇਗ ਨੂੰ ਆਪਣੇ ਮੂਲ ਸਰੂਪ ਤੇ ਜੋਸ਼ ਵਿਚ ਚੱਲਦਾ, ਵਿਗਸਦਾ ਰੱਖਣ ਲਈ ਜੋ ਸੂਝ, ਸਿਆਣਪ, ਦਲੇਰੀ, ਦੂਰ-ਅੰਦੇਸ਼ੀ ਤੇ ਹਿੰਮਤ ਗੁਰੂ ਹਰਿਕ੍ਰਿਸ਼ਨ ਜੀ ਨੇ ਵਰਤੀ, ਉਹ ਸਿੱਖ ਧਰਮ ‘ਚ ਚੜ੍ਹਦੀ ਕਲਾ ਦੇ ਸੰਕਲਪ ਤੇ ਪਰੰਪਰਾ ਦਾ ਮਹਾਨ ਤੇ ਅਦੁੱਤੀ ਕ੍ਰਿਸ਼ਮਾ ਹੈ।’
ਜਿਸ ਵੇਲੇ ਔਰੰਗਜ਼ੇਬ ਨੇ ਗੁਰੂ ਹਰਿਰਾਇ ਸਾਹਿਬ ਨੂੰ ਦਿੱਲੀ ਵਿਖੇ ਤਲਬ ਕੀਤਾ ਤਾਂ ਉਨ੍ਹਾਂ ਨੇ ਆਪਣੀ ਥਾਂ ਵੱਡੇ ਪੁੱਤਰ ਰਾਮਰਾਇ ਨੂੰ ਭੇਜਿਆ। ਗੁਰੂ ਜੀ ਨੇ ਰਾਮਰਾਇ ਨੂੰ ਨਸੀਹਤ ਕੀਤੀ ਕਿ ਗੁਰੁ-ਆਸ਼ੇ ਦੇ ਉਲਟ ਕੋਈ ਗੱਲ ਜਾਂ ਕਾਰਜ ਨਹੀਂ ਕਰਨਾ ਪਰ ਰਾਮਰਾਇ ਨੇ ਔਰੰਗਜ਼ੇਬ ਨੂੰ ਖ਼ੁਸ਼ ਕਰਨ ਲਈ ਗੁਰੂ-ਪਰੰਪਰਾ ਤੋਂ ਉਲਟ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੀ ਤੁਕ ਬਦਲ ਕੇ ‘ਮਿਟੀ ਮੁਸਲਮਾਨ ਕੀ’ ਦੀ ਥਾਂ ‘ਮਿਟੀ ਬੇਈਮਾਨ ਕੀ’ ਕਰ ਦਿੱਤੀ। ਗੁਰੂ ਜੀ ਨੇ ਰਾਮਰਾਇ ਨੂੰ ਸਦਾ ਲਈ ਤਿਆਗ ਦਿੱਤਾ ਤੇ ਮੱਥੇ ਲੱਗਣ ਤੋਂ ਵੀ ਵਰਜ ਦਿੱਤਾ। ਰਾਮਰਾਇ ਦੀ ਨੀਤੀ ਬਾਰੇ ਗੁਰੂ ਹਰਿਰਾਇ ਸਾਹਿਬ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਹੀ ਸੰਗਤਾਂ ਨੂੰ ਸੁਚੇਤ ਕਰ ਦਿੱਤਾ ਤੇ ਹੁਕਮ ਕੀਤਾ ਸੀ ਕਿ ਸਾਡੀ ਜੋਤ ਸ੍ਰੀ ਹਰਿਕ੍ਰਿਸ਼ਨ ਜੀ ਵਿਚ ਪ੍ਰਜਲਵਤ ਹੋਵੇਗੀ। ਸੰਗਤਾਂ ਨੂੰ ਹੁਕਮ ਹੋਇਆ ਕਿ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਹੀ ਗੁਰੂ ਸਮਝਣ ਤੇ ਰਾਮਰਾਇ ਦੀਆਂ ਕੁਚਾਲਾਂ ਤੋਂ ਬਚ ਕੇ ਰਹਿਣਾ।
ਗੁਰੂ ਹਰਿਰਾਇ ਸਾਹਿਬ ਦੇ ਜੋਤੀ-ਜੋਤਿ ਸਮਾਉਣ ਦੇ ਦਿਨ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ‘ਤੇ ਬਿਠਾਇਆ ਗਿਆ। ਗੁਰੂ ਜੀ ਦੀ ਆਯੂ ਉਸ ਵੇਲੇ ਸਵਾ ਪੰਜ ਸਾਲ ਸੀ। ਸੰਸਾਰ ਦੇ ਧਾਰਮਿਕ ਇਤਿਹਾਸ ‘ਚ ਇਹ ਸਭ ਤੋਂ ਛੋਟੀ ਆਯੂ ਦੇ ਗੁਰੂ ਬਣੇ ਤੇ ਉਸੇ ਮਿਸ਼ਨ ਦੇ ਧਾਰਨੀ ਰਹੇ ਜੋ ਪਹਿਲੇ ਗੁਰੂ ਜੀ ਵੱਲੋਂ ਆਰੰਭਿਆ ਗਿਆ ਸੀ। ਦੂਜੇ ਪਾਸੇ ਰਾਮਰਾਇ ਗੱਦੀ ‘ਤੇ ਹੱਕ ਜਤਾਉਣ ਲਈ ਔਰੰਗਜ਼ੇਬ ਪਾਸ ਚਾਲਾਂ ਚੱਲ ਕੇ ਗੱਦੀ ਹਾਸਲ ਕਰਨ ਲਈ ਹੱਥ-ਪੈਰ ਮਾਰ ਰਿਹਾ ਸੀ। ਔਰੰਗਜ਼ੇਬ ਇਸ ਦੁਫੇੜ ਦਾ ਫ਼ਾਇਦਾ ਲੈਣਾ ਚਾਹੁੰਦਾ ਸੀ। ਡਾ. ਹਰੀ ਰਾਮ ਗੁਪਤਾ ਅਨੁਸਾਰ ਔਰੰਗਜ਼ੇਬ ਦੋਵਾਂ ਭਰਾਵਾਂ ਦੇ ਇਸ ਵਖਰੇਵੇਂ ਕਾਰਨ ਸਿੱਖ ਲਹਿਰ ਨੂੰ ਕੁਚਲਣ ਲਈ ਰਾਮਰਾਇ ਨੂੰ ਵਰਤਣ ਵਾਸਤੇ ਬੜਾ ਹੀ ਚਾਹਵਾਨ ਸੀ। ਪ੍ਰੋ. ਕਰਤਾਰ ਸਿੰਘ ਅਨੁਸਾਰ ਔਰੰਗਜ਼ੇਬ ਬੜਾ ਚਾਲਬਾਜ ਤੇ ਫਰੇਬੀ ਸੀ। ਉਸ ਨੇ ਸੋਚਿਆ ਵੱਡਾ ਭਰਾ ਮੇਰੇ ਹੱਥ ‘ਚ ਹੈ ਛੋਟੇ ਨੂੰ ਡਰਾ-ਧਮਕਾ ਕੇ ਵੱਸ ਕਰ ਲਿਆ ਜਾਵੇ। ਅਖ਼ੀਰ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਸੱਦ ਲਿਆ।
ਗੁਰੂ ਜੀ ਔਰੰਗਜ਼ੇਬ ਦੇ ਮੱਥੇ ਨਹੀਂ ਸਨ ਲੱਗਣਾ ਚਾਹੁੰਦੇ। ਔਰੰਗਜੇਬ ਨੂੰ ਪਤਾ ਸੀ ਕਿ ਮੇਰੇ ਸੱਦੇ ‘ਤੇ ਹਰਿਕ੍ਰਿਸ਼ਨ ਜੀ ਦਿੱਲੀ ਨਹੀਂ ਆਉਣਗੇ। ਇਸ ਲਈ ਉਸ ਨੇ ਰਾਜਾ ਜੈ ਸਿੰਘ ਦਾ ਸਹਾਰਾ ਲਿਆ। ਰਾਜਾ ਜੈ ਸਿੰਘ ਨੇ ਗੁਰੂ ਜੀ ਨੂੰ ਪੱਤਰ ਭੇਜਿਆ। ਇਸ ਦੌਰਾਨ ਦਿੱਲੀ ਦੀ ਸੰਗਤ ਨੇ ਬੇਨਤੀ ਪੱਤਰ ਗੁਰੂ ਜੀ ਵੱਲ ਭੇਜਿਆ ਕਿ ਰਾਮਰਾਇ ਕੁਚਾਲਾਂ ਚੱਲ ਰਿਹਾ ਹੈ, ਇਸ ਦੀ ਹਨੇਰਗਰਦੀ ਤੋਂ ਪਰਦਾ ਚੁੱਕਣ ਲਈ ਤੁਸੀਂ ਦਿੱਲੀ ਜ਼ਰੂਰ ਆਓ। ਗੁਰੂ ਜੀ ਨੇ ਦਿੱਲੀ ਆਉਣਾ ਕੀਤਾ। ਗੁਰੂ ਜੀ ਨੇ ਦਿੱਲੀ ਪੁੱਜ ਕੇ ਰਾਜਾ ਜੈ ਸਿੰਘ ਦੇ ਬੰਗਲੇ ‘ਚ ਨਿਵਾਸ ਕੀਤਾ। ਰਾਜਾ ਜੈ ਸਿੰਘ ਨੇ ਯਤਨ ਕੀਤਾ ਕਿ ਗੁਰੂ ਜੀ ਔਰੰਗਜ਼ੇਬ ਨਾਲ ਮੁਲਾਕਾਤ ਕਰਨ ਪਰ ਉਨ੍ਹਾਂ ਨੇ ਸਾਫ਼ ਮਨ੍ਹਾਂ ਕਰ ਦਿੱਤਾ। ਔਰੰਗਜ਼ੇਬ ਦਾ ਵੱਡਾ ਸਹਿਜ਼ਾਦਾ ਮੁਅੱਜ਼ਮ, ਗੁਰੂ ਜੀ ਦੇ ਦਰਸ਼ਨਾਂ ਲਈ ਆਇਆ। ਉਸ ਨੇ ਰਾਮਰਾਇ ਵੱਲੋਂ ਗੁਰਗੱਦੀ ‘ਤੇ ਦਾਅਵੇ ਦੀ ਗੱਲ ਕੀਤੀ। ਗੁਰੂ ਜੀ ਨੇ ਉਸ ਨੂੰ ਵੀ ਕਿਹਾ ਕਿ ਗੁਰਗੱਦੀ ਵਿਰਾਸਤ ਜਾਂ ਕਿਸੇ ਦੀ ਮਲਕੀਅਤ ਨਹੀਂ। ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਇਕ ਸੇਵਕ ਸਿੱਖ ਨੂੰ ਗੱਦੀ ਸੌਂਪੀ ਸੀ, ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਜੀ ਨੇ ਵੀ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ, ਗੁਰੂ ਰਾਮਦਾਸ ਜੀ ਨੇ ਵੱਡੇ ਦੋ ਪੁੱਤਰਾਂ ਨੂੰ ਛੱਡ ਕੇ ਛੋਟੇ ਪੁੱਤਰ ਨੂੰ ਗੁਰਿਆਈ ਦਿੱਤੀ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਪੁੱਤਰਾਂ ਤੇ ਵੱਡੇ ਪੋਤਰੇ ਨੂੰ ਛੱਡ ਕੇ ਛੋਟੇ ਪੋਤਰੇ ਨੂੰ ਗੁਰਗੱਦੀ ਲਈ ਚੁਣਿਆ, ਗੁਰੂ ਜੀ ਨੇ ਜੋ ਯੋਗ ਸਮਝਿਆ ਉਹੀ ਕੀਤਾ ਹੈ। ਰਾਮਰਾਇ ਨੇ ਗੁਰੂ-ਆਸ਼ੇ ਦੇ ਉਲਟ ਕਾਰਜ ਕੀਤਾ ਹੈ, ਉਸ ਨੂੰ ਗੱਦੀ ਨਹੀਂ ਮਿਲੀ।
Read Also : ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (25 ਅਕਤੂਬਰ 2024)
ਔਰੰਗਜ਼ੇਬ ਨੇ ਗੁਰੂ ਜੀ ਦੇ ਬਚਨ ਸੁਣ ਕੇ ਰਾਮਰਾਇ ਦੀ ਅਰਜੀ ਖਾਰਜ਼ ਕਰ ਦਿੱਤੀ। ਗੁਰੂ ਜੀ ਦਿੱਲੀ ਵਿਖੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਨਿਡਰ, ਨਿਰਭੈਅ, ਦ੍ਰਿੜ੍ਹਤਾ ਤੇ ਅਡੋਲਤਾ ਨਾਲ ਕਰਦੇ ਰਹੇ। ਪੌਣੇ ਅੱਠ ਵਰ੍ਹਿਆਂ ਦੇ ਗੁਰੂ ਜੀ ਨੇ ਗੁਰਗੱਦੀ ਦੀ ਪਵਿੱਤਰਤਾ ਤੇ ਪਰੰਪਰਾ ਨੂੰ ਕਾਇਮ ਰੱਖਦਿਆਂ ਗੁਰੂ ਦੋਖੀਆਂ ਤੇ ਵਿਰੋਧੀਆਂ ਦੀਆਂ ਸਾਜ਼ਿਸ਼ਾਂ ‘ਤੇ ਪਾਣੀ ਫੇਰਦਿਆਂ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਢਾਈ ਕੁ ਸਾਲ ਦੀ ਗੁਰਿਆਈ ਦੌਰਾਨ ਅਜਿਹੇ ਮਹੱਤਵਪੂਰਨ ਕਾਰਜ ਉਨ੍ਹਾਂ ਦੀ ਦੂਰਦਰਸ਼ਤਾ, ਨਿਰਭੈਤਾ ਤੇ ਸੂਰਬੀਰਤਾ ਦੇ ਅਜਿਹੇ ਚਮਤਕਾਰ ਹਨ, ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਨੇ ਉਨ੍ਹਾਂ ਨੂੰ ‘ਹਰਿਕ੍ਰਿਸ਼ਨ ਭਯੋ ਅਸਟਮ ਬਲਬੀਰਾ’ ਲਿਖਿਆ ਹੈ।
ਦਿੱਲੀ ਵਿਖੇ ਠਹਿਰ ਦੌਰਾਨ ਗੁਰੂ ਜੀ ਦੇ ਚੇਚਕ ਨਿਕਲ ਆਈ। ਸੰਗਤ ਡੋਲ ਗਈ। ਗੁਰੂ ਜੀ ਨੇ ਸਭ ਨੂੰ ਵਾਹਿਗੁਰੂ ਦਾ ਹੁਕਮ ਮੰਨਣ ਦਾ ਉਪਦੇਸ਼ ਦਿੱਤਾ। ਸੰਗਤ ਨੇ ਬੇਨਤੀ ਕੀਤੀ, ‘ਗੁਰੂ ਜੀ! ਰਾਮਰਾਇ ਗੁਰਗੱਦੀ ਲਈ ਗੋਂਦਾਂ ਗੁੰਦ ਰਿਹਾ ਹੈ। ਪੰਜਾਬ ‘ਚ ਧੀਰਮੱਲ ਤੇ ਸੋਢੀ ਗੱਦੀ ਦੇ ਦਾਅਵੇਦਾਰ ਬਣੀ ਬੈਠੇ ਹਨ। ਤੁਹਾਡੇ ਤੋਂ ਬਾਅਦ ਸਭ ਗੁਰੂ ਬਣ ਬੈਠਣਗੇ, ਸਾਨੂੰ ਕਿਸੇ ਮਾਰਗ ਪਾਓ, ਤਾਂ ਗੁਰੂ ਜੀ ਨੇ ਕਿਹਾ ਕਿ ਇਹ ਗੁਰੂ ਨਾਨਕ ਸਾਹਿਬ ਦੀ ਜੋਤਿ ਇਵੇਂ ਹੀ ਜਗਦੀ ਰਹੇਗੀ। ਅਖ਼ੀਰ ਗੁਰੂ ਜੀ ‘ਬਾਬਾ ਬਕਾਲੇ’ ਦੀ ਦੱਸ ਪਾਉਂਦਿਆਂ 30 ਮਾਰਚ 1664 ਨੂੰ ਜੋਤੀ-ਜੋਤਿ ਸਮਾ ਗਏ। ਬਾਬੇ ਬਕਾਲੇ ਤੋਂ ਭਾਵ ਸ੍ਰੀ ਗੁਰੂ ਤੇਗ ਬਹਾਦਰ ਜੀ ਸੀ।
ਗੁਰੂ ਸਾਹਿਬ ਦਾ ਸਸਕਾਰ ਯਮਨਾ ਨਦੀ ਕੰਢੇ ਉਸ ਸਥਾਨ ‘ਤੇ ਕੀਤਾ ਗਿਆ, ਜਿੱਥੇ ਹੁਣ ਗੁਰਦੁਆਰਾ ਬਾਲਾ ਸਾਹਿਬ ਹੈ। ਆਪ ਦੇ ਨਿਵਾਸ ਸਥਾਨ ਵਾਲੇ ਬੰਗਲੇ ਵਾਲੀ ਥਾਂ ‘ਤੇ ਹੁਣ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸੁਭਾਇਮਾਨ ਹੈ।
Shri Guru Harkrishan Sahib Ji