ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸ਼ਰਧਾਲੂਆਂ ਦਾ ਛੇਵਾਂ ਜੱਥਾ ਸਾਲਾਸਰ ਧਾਮ-ਖਾਟੂ ਸ਼ਿਆਮ ਧਾਮ ਲਈ ਮਾਜਰੀ ਤੋਂ ਰਵਾਨਾ

ਮਾਜਰੀ/ਖਰੜ, 28 ਦਸੰਬਰ, 2023:

ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਪਵਿੱਤਰ ਸਥਾਨਾਂ ਦੇ ਦਰਸ਼ਨਾਂ ਦਾ ਮੌਕਾ ਪ੍ਰਦਾਨ ਕਰਨ ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਰਵਾਰ ਨੂੰ ਖਰੜ ਦੀ ਮਾਜਰੀ ਸਬ ਤਹਿਸੀਲ ਤੋਂ ਸਾਲਾਸਰ ਧਾਮ ਅਤੇ ਖਾਟੂ ਸ਼ਿਆਮ ਧਾਮ ਲਈ ਸ਼ਰਧਾਲੂਆਂ ਦਾ ਇੱਕ ਹੋਰ ਜੱਥਾ ਰਵਾਨਾ ਕੀਤਾ।       ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਖਰੜ ਗੁਰਮੰਦਰ ਸਿੰਘ ਨੇ ਦੱਸਿਆ ਕਿ ਬੱਸ ਨੂੰ ਤਹਿਸੀਲਦਾਰ ਖਰੜ ਜਸਵਿੰਦਰ ਸਿੰਘ ਨੇ ਮਾਜਰੀ ਤੋਂ ਸ. ਜੋਰਾ ਸਿੰਘ ਮਾਨ (ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ) ਦੀ ਹਾਜ਼ਰੀ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ।      ਉਨ੍ਹਾਂ ਅੱਗੇ ਦੱਸਿਆ ਕਿ ਹਰੇਕ ਜੱਥੇ ਵਿੱਚ 43 ਸ਼ਰਧਾਲੂ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੇ ਠਹਿਰਣ ਅਤੇ ਭੋਜਨ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ।  ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਬੱਸ ਵਿੱਚ ਸਵਾਰ ਹੋਣ ਤੋਂ ਪਹਿਲਾਂ ਸਾਰੇ ਸ਼ਰਧਾਲੂਆਂ ਦੀ ਮੈਡੀਕਲ ਜਾਂਚ ਕਰਵਾਈ ਜਾਂਦੀ ਹੈ।     ਦੋ ਦਿਨਾਂ ਦੀ ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਰਾਤ ਦੇ ਪੜਾਅ ਲਈ ਸਾਲਾਸਰ ਧਰਮਸ਼ਾਲਾ ਵਿਖੇ ਠਹਿਰਾਇਆ ਜਾਵੇਗਾ। ਏ ਸੀ ਬੱਸ ਮੁੱਹਈਆ ਕਰਵਾਏ ਜਾਣ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਇੱਕ-ਇੱਕ ਕੰਬਲ, ਬੈੱਡਸ਼ੀਟ ਅਤੇ ਸਿਰਹਾਣੇ ਦੀ ਇੱਕ-ਇੱਕ ਕਿੱਟ ਅਤੇ ਇੱਕ-ਇੱਕ ਟਾਇਲਟਰੀ ਕਿੱਟ ਮੁਹੱਈਆ ਕਰਵਾਈ ਗਈ ਹੈ।      ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਲੋਕਾਂ ਨੂੰ ਪਵਿੱਤਰ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਲਈ ਹਰੇਕ ਹਲਕੇ ਨੂੰ ਅੱਠ-ਅੱਠ ਬੱਸਾਂ ਅਲਾਟ ਕੀਤੀਆਂ ਗਈਆਂ ਹਨ।      ਬੱਸ ਵਿੱਚ ਸਵਾਰ ਸ਼ਰਧਾਲੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਪਵਿੱਤਰ ਸਥਾਨਾਂ ਦੇ ਮੁਫ਼ਤ ਦਰਸ਼ਨ ਕਰਨ ਦੇ ਮੌਕੇ ਪ੍ਰਦਾਨ ਕਰਨ ਦੇ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ। ਮਾਜਰੀ ਦੇ ਨੌਜਵਾਨ ਸ਼ਰਧਾਲੂ ਭਾਵਨਾ ਅਤੇ ਆਰਤੀ,  ਸਾਲਾਸਰ ਧਾਮ ਅਤੇ ਖਾਟੂ ਸ਼ਿਆਮ ਧਾਮ ਨੂੰ ਮੱਥਾ ਟੇਕਣ ਦਾ ਮੌਕਾ ਪ੍ਰਾਪਤ ਕਰਕੇ ਬਹੁਤ ਖੁਸ਼ ਨਜ਼ਰ ਆ ਰਹੇ ਸਨ।  ਦੋਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਇਸ ਤੀਰਥ ਯਾਤਰਾ ਨੂੰ ਸ਼ੁਰੂ ਕਰਨ ਦੀ ਪਹਿਲਕਦਮੀ ਲਈ, ਉਚੇਚੇ ਤੌਰ ‘ਤੇ ਉਨ੍ਹਾਂ ਲੋਕਾਂ ਦੀ  ਤਰਫੋਂ ਧੰਨਵਾਦ ਕੀਤਾ ਜੋ ਕਿਸੇ ਨਾ ਕਿਸੇ ਕਾਰਨ ਆਪਣੀ ਇੱਛਾ ਅਨੁਸਾਰ ਇਸ ਤੋਂ ਪਹਿਲਾਂ ਜਾ ਨਹੀਂ ਸਕਦੇ ਸਨ।

[wpadcenter_ad id='4448' align='none']