ਕੋਟਕਪੂਰਾ, 30 ਅਗਸਤ 2024
ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਬਦਲਾਅ ਦੀ ਰਾਜਨੀਤੀ ਲਿਆਉਣ ਦਾ ਦਾਅਵਾ ਕੀਤਾ ਸੀ, ਜਿਸ ਤਹਿਤ ਰਾਜਨੀਤੀ ਵਿੱਚ ਤਬਦੀਲੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਖਿਆ ਕਿ ਦੇਸ਼ ਦੀ ਆਜਾਦੀ ਤੋਂ ਬਾਅਦ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਮੌਕੇ ਵਿਧਾਨ ਸਭਾ ਸ਼ੈਸ਼ਨ ਇਕ ਰਸਮੀ ਕਾਰਵਾਈ ਜਾਂ ਖਾਨਾਪੂਰਤੀ ਦੀ ਤਰਾਂ ਹੁੰਦਾ ਸੀ, ਕਿਉਂਕਿ ਬਾਹਰ ਬੈਠੇ ਲੋਕ ਵਿਧਾਨ ਸਭਾ ਸ਼ੈਸ਼ਨ ਦੀ ਅੰਦਰਲੀ ਅਸਲੀਅਤ ਤੋਂ ਵਾਂਝੇ ਰਹਿ ਜਾਂਦੇ ਸਨ, ਪਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਪਹਿਲੇ ਦਿਨ ਹੀ ਵਿਧਾਨ ਸਭਾ ਦਾ ਸ਼ੈਸ਼ਨ ਸਿੱਧੇ ਪ੍ਰਸਾਰਣ ਰਾਹੀਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠੇ ਲੋਕਾਂ ਨੂੰ ਅੰਦਰਲੀ ਅਸਲੀਅਤ ਜਾਣਨ ਦਾ ਮੌਕਾ ਦਿੱਤਾ ਅਤੇ ਲਗਭਗ ਹਰ ਸ਼ੈਸ਼ਨ ਵਿੱਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ/ਵਿਦਿਆਰਥਣਾ ਨੂੰ ਸ਼ਮੂਲੀਅਤ ਕਰਨ ਦਾ ਸੱਦਾ ਦੇ ਕੇ ਆਖਿਆ ਜਾਂਦਾ ਸੀ ਕਿ ‘ਅੱਜ ਦੇ ਬੱਚੇ ਕੱਲ ਦੇ ਨੇਤਾ’ ਵਾਲਾ ਨਾਹਰਾ ਸਿਰਫ ਕਹਿਣ ਵਾਲੀਆਂ ਗੱਲਾਂ ਹੀ ਨਹੀਂ, ਬਲਕਿ ਇਸ ਨੂੰ ਅਮਲੀਜਾਮਾ ਪਹਿਨਾਉਣ ਲਈ ਬੱਚਿਆਂ ਤੇ ਨੌਜਵਾਨਾਂ ਨੂੰ ਲੋਕਾਂ ਦੇ ਚੁਣੇ ਨੁਮਾਇੰਦਿਆਂ ਦੀ ਕਾਰਗੁਜਾਰੀ ਦਿਖਾਉਣੀ ਪਵੇਗੀ।
ਸਪੀਕਰ ਸੰਧਵਾਂ ਨੇ ਦਾਅਵਾ ਕੀਤਾ ਕਿ ਹੁਣ ਤੱਕ ਅਨੇਕਾਂ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਬੱਚੇ ਵਿਧਾਨ ਸਭਾ ਦਾ ਚੱਲਦਾ ਸ਼ੈਸ਼ਨ ਦੇਖ ਕੇ ਆਨੰਦ ਮਾਣਨ ਦੇ ਨਾਲ ਨਾਲ ਗਿਆਨ ਹਾਸਲ ਕਰ ਚੁੱਕੇ ਹਨ ਤੇ ਹੁਣ ਜਿਲਾ ਫਰੀਦਕੋਟ ਦੇ ਵੱਖ ਵੱਖ ਸਕੂਲਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 100 ਬੱਚੇ 3 ਸਤੰਬਰ ਅਤੇ 100 ਬੱਚੇ 4 ਸਤੰਬਰ ਨੂੰ ਲਿਆ ਕੇ ਵਿਧਾਨ ਸਭਾ ਦਾ ਸ਼ੈਸ਼ਨ ਜਰੂਰ ਦਿਖਾਉਣ। ਸਪੀਕਰ ਸੰਧਵਾਂ ਨੇ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਵਿਦਿਆ ਦੇ ਨਾਮ ’ਤੇ ਸਿਰਫ ਸਿਆਸੀ ਰੋਟੀਆਂ ਸੇਕੀਆਂ, ਵਾਅਦੇ-ਦਾਅਵੇ ਅਤੇ ਝੂਠੇ ਲਾਰਿਆਂ ਨਾਲ ਸਬਜਬਾਗ ਦਿਖਾ ਕੇ ਵੋਟ ਰਾਜਨੀਤੀ ਕਰਦਿਆਂ ਲੋਕਾਂ ਨੂੰ ਗੁੰਮਰਾਹ ਕੀਤਾ ਪਰ ਮਾਣਯੋਗ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ‘ਸਕੂਲ ਆਫ ਐਮੀਨੈਂਸ’ ਦੇ ਨਾਮ ਹੇਠ ਅਜਿਹੀ ਸਿੱਖਿਆ ਕ੍ਰਾਂਤੀ ਤਿਆਰ ਕੀਤੀ, ਜਿਸ ਦੀ ਦੁਨੀਆਂ ਦੇ ਕੋਨੇ-ਕੋਨੇ ਵਿੱਚ ਬੈਠੇ ਪੰਜਾਬੀ ਸ਼ਲਾਘਾ ਕਰ ਰਹੇ ਹਨ।
ਉਹਨਾਂ ਦੱਸਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੰਭਵ ਹੋਇਆ ਕਿ ਸਰਕਾਰੀ ਸਕੂਲਾਂ ’ਚ ਸੀਸੀਟੀਵੀ, ਸੋਲਰ ਪੈਨਲ, ਵਾਈ.ਫਾਈ., ਸਕਿਊਰਟੀ ਗਾਰਡ ਵਰਗੀ ਤਕਨੀਕ ਲਾਗੂ ਕੀਤੀ ਗਈ ਤੇ ਸਰਕਾਰੀ ਸਕੁੂਲਾਂ ਵਿੱਚ ਪੜਦੇ ਬੱਚਿਆਂ ਲਈ ਮੁਫਤ ਬੱਸ ਸੇਵਾ ਸ਼ੁਰੂ ਹੋਈ। ਸਪੀਕਰ ਸੰਧਵਾਂ ਮੁਤਾਬਿਕ ਬੱਚਿਆਂ ਨੂੰ ਵਿਦਿਅਕ ਪੜਾਈ ਦੇ ਨਾਲ ਨਾਲ ਹੋਰਨਾ ਖੇਤਰਾਂ ਵਿੱਚ ਵੀ ਦਿਲਚਸਪੀ ਲੈਣ ਲਈ ਅਕਸਰ ਪੇ੍ਰਰਿਤ ਅਤੇ ਉਤਸ਼ਾਹਿਤ ਕੀਤਾ ਜਾਂਦਾ ਹੈ। ਜਿਸ ਕਰਕੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਹੁਣ ਤੱਕ ਲਗਭਗ 100 ਕਰੋੜ ਰੁਪਏ ਦੀ ਰਾਸ਼ੀ ਵੱਖ ਵੱਖ ਖੇਡਾਂ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿੱਚ ਵੰਡੀ ਜਾ ਚੁੱਕੀ ਹੈ। ਉਹਨਾਂ ਆਖਿਆ ਕਿ ਵਿਧਾਨ ਸਭਾ ਦਾ ਚੱਲਦਾ ਸ਼ੈਸ਼ਨ ਦੇਖਣ ਦੇ ਸ਼ੌਕੀਨ ਬੱਚਿਆਂ ਦੀ ਵਿਜ਼ਟ ਕਰਵਾਉਣ ਲਈ ਬਕਾਇਦਾ ਸਿੱਖਿਆ ਅਫਸਰਾਂ ਅਤੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ।