ਸ੍ਰੀ ਮੁਕਤਸਰ ਸਾਹਿਬ, 09 ਸਤੰਬਰ:
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ 10 ਸਤੰਬਰ 2024 ਦਿਨ ਮੰਗਲਵਾਰ ਨੂੰ ਐਮ.ਐਮ.ਡੀ.ਡੀ.ਏ.ਵੀ.ਕਾਲਜ, ਗਿੱਦੜਬਾਹਾ ਵਿਖੇ ਲੜਕੀਆਂ ਲਈ ਵਿਸ਼ੇਸ਼ ਮੈਗਾ ਪਲੇਸਮੈਂਟ ਕੈਂਪ ਦਾ ਆਯੋਜਿਨ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੈਗਾ ਪਲੇਸਮੈਂਟ ਕੈਂਪ ਵਿੱਚ ਵੱਖ-ਵੱਖ ਨਾਮੀ ਕੰਪਨੀਆਂ 10ਵੀਂ, 12ਵੀਂ, ਗ੍ਰੇਜ਼ੂਏਟ, ਪੋਸਟ ਗ੍ਰੇਜ਼ੂਏਟ ਪਾਸ ਲੜਕੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਭਾਗ ਲੈ ਰਹੀਆਂ ਹਨ ਅਤੇ ਨਾਲ ਹੀ ਸਵੈ-ਰੋਜ਼ਗਾਰ ਨਾਲ ਸਬੰਧਿਤ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ ਵਿਭਾਗ ਦੀਆਂ ਸਵੈ-ਰੋਜ਼ਗਾਰ ਸਕੀਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਚਾਹਵਾਨ ਪ੍ਰਾਰਥਣਾਂ ਨੂੰ ਲੋਨ ਮੁਹੱਈਆਂ ਕਰਵਾਏ ਜਾਣਗੇ ਅਤੇ ਇਸ ਮੈਗਾ ਪਲੇਸਮੈਂਟ ਕੈਂਪ ਵਿੱਚ ਕੇਵਲ ਲੜਕੀਆਂ ਹੀ ਭਾਗ ਲੈ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਆਉਣ ਸਮੇਂ ਸਮੂਹ ਪ੍ਰਾਰਥਣਾਂ ਕੋਲ ਆਪਣਾ ਬਾਇਓ ਡਾਟਾ, ਵਿਦਿਅਕ ਯੋਗਤਾ ਦੇ ਸਰਟੀਫ਼ਿਕੇਟ ਅਤੇ ਆਧਾਰ ਕਾਰਡ ਹੋਣਾ ਲਾਜ਼ਮੀ ਹੈ।
ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਬੇਰੁਜ਼ਗਾਰ ਪ੍ਰਾਰਥਣਾਂ ਇਸ ਕੈਂਪ ਵਿੱਚ ਪਹੁੰਚ ਕੇ ਲਾਭ ਪ੍ਰਾਪਤ ਕਰਨ ਅਤੇ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਦੇ ਹੈਲਪ ਲਾਈਨ ਨੰ: 98885-62317 ਅਤੇ 97292-10975 ’ਤੇ ਸੰਪਰਕ ਕਰ ਸਕਦੇ ਹਨ।