ਫਰੀਦਕੋਟ :19 ਮਈ 2024 ( ) ਜ਼ਿਲਾ ਫਰੀਦਕੋਟ ਵਿੱਚ ਨਰਮੇ ਦੀ ਫਸਲ ਦੀ ਪੁਨਰ ਸੁਰਜੀਤੀ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਕਿਸਾਨਾਂ ਨੂੰ ਨਰਮੇ ਦੀ ਕਾਸ਼ਤਕਾਰੀ ਤਕਨੀਕਾਂ ਸਬੰਧੀ ਜਾਣਕਾਰੀ ਦੇਣ ਲਈ ਜਾਗਰੁਕਤਾ ਕੈਂਪ ਅਤੇ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ। ਬਲਾਕ ਕੋਟਕਪੂਰਾ ਦੇ ਪਿੰਡ ਖਾਰਾ ਵਿੱਚ ਨਰਮੇ ਦੇ ਲਗਾਏ ਜਾ ਰਹੇ ਪ੍ਰਦਰਸ਼ਨੀ ਪਲਾਟਾਂ ਅਤੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਬਿਜਾਈ ਦਾ ਜਾਇਜਾ ਲੈਣ ਲਈ ਮੁੱਖ ਖੇਤੀਬਾੜੀ ਅਫ਼ਸਰ ਅਮਰੀਕ ਸਿੰਘ ਨੇ ਦੌਰਾ ਕੀਤਾ ।ਦੌਰੇ ਦੌਰਾਨ ਉਨ੍ਹਾਂ ਦੇ ਨਾਲ ਪਰਮਿੰਦਰ ਸਿੰਘ ,ਲਖਵੀਰ ਸਿੰਘ ,ਹਰਜਿੰਦਰ ਸਿੰਘ ਖੇਤੀ ਉਪ ਨਿਰੀਖਕ ਸਨ।
ਕਿਸਾਨਾਂ ਨੂੰ ਝੋਨੇ ਹੇਠੋਂ ਰਕਬਾ ਕੱਢ ਕੇ ਨਰਮੇ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਨਰਮੇ ਦੀ ਕਾਸ਼ਤ ਘਟ ਪਾਣੀ ਇਲਾਕਿਆਂ ਵਿਚ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਕਾਸ਼ਤ ਲਈ ਬਹੁਤ ਵੱਡੀ ਮਾਤਰਾ ਵਿਚ ਪਾਣੀ ਦੀ ਜ਼ਰੂਰਤ ਪੈਂਦੀ ਹੈ ਜਦ ਕਿ ਨਰਮਾ ਘਟ ਪਾਣੀ ਨਾਲ ਵੀ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੌਸਮੀ ਖਰਾਬੀ ਦੇ ਕਾਰਨ ਨਰਮੇ ਦੀ ਫਸਲ ਦੀ ਪੈਦਾਵਰ ਘੱਟ ਮਿਲੀ ਸੀ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ । ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਨੂੰ ਮੁੱਖ ਤੌਰ ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਨਾਮੀ ਕੀਟ ਨੁਕਸਾਨ ਪਹੁੰਚਾਉਂਦੇ ਹਨ ,ਜਿਨ੍ਹਾਂ ਦੀ ਰੋਕਥਾਮ ਲਈ ਸਮੇਂ ਸਿਰ ਨਿਗਰਾਨੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਨਰਮੇ ਦੀ ਕਾਸਤ ਲਈ ਸਿਫਾਰਸ਼ਸ਼ੁਦਾ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦੀ ਸਮੱਸਿਆ ਤੋਂ ਬਚਣ ਲਈ ਨਰਮੇ ਦੀ ਬਿਜਾਈ ਜਲਦ ਤੋਂ ਜਲਦ ਮੁਕੰਮਲ ਕਰ ਲੈਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ ਨਰਮੇ ਦੀ ਕਾਸ਼ਤ ਲਈ ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਹੀ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਨਰਮੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਖਾਰਾ ਨੂੰ ਨਰਮੇ ਦੀ ਕਾਸ਼ਤ ਲਈ ਨਮੂਨੇ ਦੇ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ ।
ਉਨ੍ਹਾਂ ਦੱਸਿਆ ਕਿ ਇਨਾਂ ਪਿੰਡਾਂ ਵਿਚ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਤਕਨੀਕ ਪਖੋ ਹਰ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨਾਂ ਪਿੰਡਾਂ ਦੇ ਖੇਤਾਂ ਦੀ ਮਿੱਟੀ ਦੇ ਨਮੂਨੇ ਲਏ ਗਏ ਹਨ ਅਤੇ ਪ੍ਰਯੋਗਸ਼ਾਲਾ ਵਿਚ ਪਰਖ ਕਰਕੇ ਕਿਸਾਨਾਂ ਨੂੰ ਰਿਪੋਰਟ ਦੇ ਅਧਾਰ ਤੇ ਖਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਤਮਾ ਤਹਿਤ ਪਿੰਡ ਖਾਰਾ ਵਿੱਚ ਫਾਰਮ ਸਕੂਲ ਲਗਾਏ ਜਾ ਰਹੇ ਹਨ ਤਾਂ ਜੋ ਨਰਮੇ ਦੀ ਕਾਸ਼ਤ ਨੂੰ ਪੁਨਰਸੁਰਜੀਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬਿਜਾਈ ਤੋਂ ਲੈ ਕੇ ਛੱਟੀਆਂ ਦੀ ਸੰਭਾਲ ਤੱਕ ਲਗਾਈਆਂ ਜਾਣ ਵਾਲੀਆਂ ਛੇ ਕਲਾਸਾਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੇਤੀਬਾੜੀ ਮਾਹਿਰਾਂ ਵੱਲੋਂ ਹਰ ਪੱਖੋਂ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਨਰਮੇ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਇੱਕ ਲਿਟਰ ਪੈਂਡੀਮੈਥਾਲੀਨ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਦੇ ਘੋਲ ਵਿੱਚ ਬਿਜਾਈ ਤੋਂ 24 ਘੰਟਿਆਂ ਦੇ ਵਿੱਚ ਛਿੜਕਾਅ ਕਰ ਦੇਣਾ ਚਾਹੀਦਾ।
ਡਾ. ਗੁਰਮਿੰਦਰ ਸਿੰਘ ਬਰਾੜ ਨੇ ਨਰਮੇ ਦੀ ਕਾਸ਼ਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਇਸ ਮੌਕੇ ਡਾ ਨਿਸ਼ਾਨ ਸਿੰਘ , ਡਾ ਜਸਵੰਤ ਸਿੰਘ ,ਰਾਜਾ ਸਿੰਘ ,ਕਿਸਾਨ ਗੁਰਬਚਨ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।