ਤਰਨ ਤਾਰਨ: ਜ਼ਿਲਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲੇ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਜੀ ਦੀ ਰਹਿਨੁਮਾਈ ਅਤੇ ਜਿਲਾ ਟੀਬੀ ਅਫਸਰ ਡਾਕਟਰ ਰਾਜਬੀਰ ਸਿੰਘ ਦੀ ਅਗਵਾਈ ਹੇਠ 100 ਦਿਨਾਂ ਟੀਬੀ ਜਾਗਰੂਕਤਾ ਮੁਹਿੰਮ ਤਹਿਤ ਭਾਈ ਵੀਰ ਸਿੰਘ ਜੀ ਬਿਰਧ ਆਸ਼ਰਮ ਵਿਖ਼ੇ ਬਜ਼ੁਰਗਾਂ ਦੀ ਟੀਬੀ ਜਾਂਚ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਰਾਏ ਨੇ ਦੱਸਿਆ ਕਿ ਤਪਦਿਕ ਰੋਗ ਦੀ ਰੋਕਥਾਮ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ 100 ਦਿਨਾਂ ਲਈ ਟੀਬੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਮੁਹਿੰਮ ਦਾ ਮੁੱਖ ਮੰਤਵ ਨਾਗਰਿਕਾਂ ਨੂੰ ਤਪਦਿਕ ਰੋਗ ਦੇ ਲਛਣਾਂ ਅਤੇ ਬਚਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਬਿਰਧ ਆਸ਼ਰਮ ਵਿਖ਼ੇ ਬਜ਼ੁਰਗ ਵਿਆਕਤੀਆਂ ਦੀ ਟੀਬੀ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਤਪਦੀਕ ਦੇ ਰੋਗ ਬਾਰੇ ਜਾਗਰੂਕ ਕੀਤਾ ਗਿਆ।
ਉਹਨਾਂ ਦੱਸਿਆ ਕਿ ਜ਼ਿਲੇ ਦੇ ਵਿੱਚ ਇਹ ਪ੍ਰੋਗਰਾਮ ਦੌਰਾਨ ਸਿਹਤ ਕਰਮੀਆਂ ਵੱਲੋਂ ਟੀਬੀ ਰੋਗ ਦੇ ਮਰੀਜ਼ਾਂ ਦੀ ਸ਼ਨਾਖਤ ਕਰਨ ਦੇ ਨਾਲ ਨਾਲ ਉਹਨਾਂ ਦਾ ਇਲਾਜ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਡਾਕਟਰ ਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਇਸ ਮੁਹਿਮ ਦੇ ਸੰਬੰਧ ਵਿੱਚ ਵਿਸ਼ੇਸ਼ ਜਾਗਰੂਕਤਾ ਫੈਲਾਈ ਜਾਵੇਗੀ ਤਾਂ ਜੋ ਨਾਗਰਿਕਾਂ ਨੂੰ ਟੀਬੀ ਰੋਗ ਤੋਂ ਬਚਾਇਆ ਜਾ ਸਕੇ।
ਉਹਨਾਂ ਕਿਹਾ ਕਿ ਪਿੰਡਾਂ ਤੋਂ ਇਲਾਵਾ ਸਿਹਤ ਕਰਮੀਆਂ ਵੱਲੋਂ ਹਾਈ ਰਿਸਕ ਆਬਾਦੀ ਵਾਲੇ ਖੇਤਰਾਂ ਜਿਵੇਂ ਕਿ ਇੱਟਾਂ ਦੇ ਭੱਠਿਆਂ ਝੁੱਗੀਆਂ ਅਤੇ ਗੁਜਰਾਂ ਦੇ ਡੇਰਿਆਂ ਉੱਤੇ ਜਾ ਕੇ ਵੀ ਇਸ ਮੁਹਿੰਮ ਦੇ ਸੰਬੰਧ ਵਿੱਚ ਸਰਵੇ ਕੀਤੇ ਜਾ ਰਹੇ ਹਨ।
ਜਿਲਾ ਟੀਬੀ ਅਫਸਰ ਡਾਕਟਰ ਰਾਜਬੀਰ ਸਿੰਘ ਨੇ ਦੱਸਿਆ ਕੋਈ ਵੀ ਵਿਅਕਤੀ ਆਪਣੇ ਬਲਗਮ ਦੀ ਜਾਂਚ ਸੀਬੀ-ਨਾਟ ਮਸ਼ੀਨ ਰਾਹੀਂ ਜ਼ਿਲਾ ਹਸਪਤਾਲ ਅਤੇ ਬਲਾਕ ਲੇਵਲ ਆਰਐਨਟੀਸੀਪੀ ਵਿੰਗ ਪਾਸੋਂ ਜਾਂਚ ਕਰਵਾ ਸਕਦੇ ਹਨ ਅਤੇ ਇਸ ਦੀ ਰਿਪੋਰਟ ਵੀ ਕੁਝ ਸਮੇਂ ਬਾਅਦ ਪ੍ਰਾਪਤ ਕਰ ਸਕਦੇ ਹਨ।
ਉਹਨਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਹਫਤੇ ਤੋਂ ਵੱਧ ਖੰਘ, ਸ਼ਾਰੀਰਿਕ ਭਾਰ ਅਚਾਨਕ ਘਟੇ, ਬੁਖਾਰ, ਕਮਜ਼ੋਰੀ ਮਹਿਸੂਸ ਹੋਵੇ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਕੇ ਆਪਣੀ ਟੀਬੀ ਜਾਂਚ ਕਰਵਾਏ।
ਇਸ ਮੌਕੇ ਸ਼ਰਨਜੀਤ ਸਿੰਘ, ਪਰਗਟ ਸਿੰਘ, ਪਰੀਤੋਸ਼ ਧਵਨ ਆਦਿ ਮੌਜੂਦ ਰਹੇ।