ਮੋਗਾ, 22 ਜਨਵਰੀ:
ਜ਼ਿਲ੍ਹੇ ਵਿੱਚ ਮਨਾਏ ਜਾ ਰਹੇ ‘ਸੜਕ ਸੁਰੱਖਿਆ ਮਹੀਨਾ’ ਦੇ ਪ੍ਰਬੰਧਾਂ ਅਤੇ ਗਤੀਵਿਧੀਆਂ ਦਾ ਰੀਵਿਊ ਕਰਨ ਲਈ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਵੱਖ ਵੱਖ ਸਬੰਧਤ ਵਿਭਾਗਾਂ ਦੀ ਇੱਕ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਐਸ.ਡੀ.ਐਮ. ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ, ਐਸ.ਡੀ.ਐਮ. ਬਾਘਾਪੁਰਾਣਾ ਸ੍ਰੀ ਹਰਕੰਵਲਜੀਤ ਸਿੰਘ ਤੋਂ ਇਲਾਵਾ ਸਿਹਤ ਵਿਭਾਗ, ਸਿੱਖਿਆ ਵਿਭਾਗ, ਟ੍ਰੈਫਿਕ ਪੁਲਿਸ ਆਦਿ ਹਾਜ਼ਰ ਹੋਏ। ਸੜਕ ਸੁਰੱਖਿਆ ਮਹੀਨਾ 15 ਜਨਵਰੀ ਤੋਂ ਸ਼ੁਰੂ ਹੋਇਆ ਹੈ ਅਤੇ ਇਸ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ 14 ਫਰਵਰੀ, 2024 ਤੱਕ ਚੱਲਣਗੀਆਂ।
ਮੀਟਿੰਗ ਵਿੱਚ ਉਨ੍ਹਾਂ ਸਮੂਹ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਸੜਕ ਸੁਰੱਖਿਆ ਮਹੀਨੇ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਇਆ ਜਾਵੇ ਤਾਂ ਕਿ ਲੋਕਾਂ ਵਿੱਚ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਹੋਰ ਚੇਤਨਤਾ ਪੈਦਾ ਹੋ ਸਕੇ ਅਤੇ ਸੜਕ ਦੁਰਘਟਨਾਵਾਂ ਦੇ ਗ੍ਰਾਫ ਵਿੱਚ ਗਿਰਾਵਟ ਆ ਸਕੇ। ਉਨ੍ਹਾਂ ਪੁਲਿਸ ਵਿਭਾਗ ਦੇ ਟ੍ਰੈਫਿਕ ਸੈੱਲ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਕਿ ਉਹ ਰੋਡ ਸੇਫਟੀ ਦੇ ਲਗਾਏ ਜਾ ਰਹੇ ਕੈਂਪਾਂ ਜਰੀਏ ਮੋਟਰ ਵਹੀਕਲ ਐਕਟ 2019, ਸੈਂਟਰਲ ਮੋਟਰ ਵਹੀਕਲਜ਼ ਰੂਲਜ਼ 1989 ਅਤੇ ਹੋਰ ਰੋਡ ਸੇਫ਼ਟੀ ਬਾਰੇ ਜਾਰੀ ਹੋਈਆਂ ਹਦਾਇਤਾਂ ਬਾਰੇ ਜਾਗਰੂਕਤਾ ਫੈਲਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸੜਕ ਦੁਰਘਟਨਾਵਾਂ ਵਿੱਚ ਵਰਦਾਨ ਸਾਬਿਤ ਹੁੰਦੀ ਸੀਟ ਬੈਲਟ ਤੇ ਹੈਲਮਟ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਵੱਲਂ ਵਿਸ਼ੇਸ਼ ਜ਼ੋਰ ਦਿੱਤਾ ਜਾਵੇ।
ਉਨ੍ਹਾਂ ਸਿੱਖਿਆ ਵਿਭਾਗ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿਸਕੂਲੀ ਬੱਚਿਆਂ ਵਿੱਚ ਟ੍ਰੈਫਿਕ ਨਿਯਮਾਂ ਦੀ ਚੇਤਨਤਾ ਪੈਦਾ ਕਰਨ ਲਈ ਪੋਸਟਰ ਮੇਕਿੰਗ ਮੁਕਾਬਲੇ, ਸਲੋਗਨ ਮੁਕਾਬਲੇ ਆਦਿ ਆਯੋਜਿਤ ਕਰਵਾਏ ਜਾਣ। ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਉੱਪਰ ਭਾਸ਼ਣ ਦਿੱਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸੜਕਾਂ ਤੇ ਹਾਦਸਾਗ੍ਰਸਤ ਟੋਏ ਤੁਰੰਤ ਭਰਨ ਦੇ ਸਖਤ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਸਿਹਤ ਵਿਭਾਗ ਨੂੰ ਅੱਖਾਂ ਦੇ ਢੁਕਵੇਂ ਕੈਂਪ ਬੱਸ ਸਟੈਂਡਾਂ ਜਾਂ ਹੋਰ ਢੁਕਵੇਂ ਸਥਾਨਾਂ ਉੱਪਰ ਲਗਾਉਣ ਲਈ ਕਿਹਾ ਕਿਉਂਕਿ ਅੱਖਾਂ ਦੀ ਰੌਸ਼ਨੀ ਦੀ ਕਮੀ ਸੜਕੀ ਦੁਰਘਟਨਾਵਾਂ ਵਿੱਚ ਵਾਧਾ ਕਰਦੀ ਹੈ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੜਕ ਸੁਰੱਖਿਆ ਨਿਯਮਾਂ ਦੀ ਸਹੀ ਅਰਥਾਂ ਵਿੱਚ ਪਾਲਣਾ ਕਰਨ ਤਾਂ ਕਿ ਅਣਗਹਿਲੀ ਨਾਲ ਹੁੰਦੀਆਂ ਸੜਕ ਦੁਰਘਟਨਾਵਾਂ ਨੂੰ ਖਤਮ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ‘ਸੜਕ ਸੁਰੱਖਿਆ ਮਹੀਨਾ’ ਤਹਿਤ ਚੱਲ ਰਹੀਆਂ ਗਤੀਵਿਧੀਆਂ ਦਾ ਰੀਵਿਊ ਲੈਣ ਲਈ ਬੁਲਾਈ ਮੀਟਿੰਗ
Date: