ਜਿਲ੍ਹੇ ਦੇ ਬਹੁਪੱਖੀ ਵਿਕਾਸ ਲਈ ਡਿਪਟੀ ਕਮਿਸ਼ਨਰ ਵਲੋਂ ‘ਫੁਲਕਾਰੀ’ ਨਾਲ ਸਮਝੌਤਾ

ਅੰਮ੍ਰਿਤਸਰ 17 ਅਕਤੂਬਰ 2024–

ਡਿਪਟੀ ਕਮਿਸ਼ਨਰ ਸ੍ਰੀਮਤੀ ਸ਼ਾਕਸ਼ੀ ਸਾਹਨੀ ਨੇ ਅੰਮ੍ਰਿਤਸਰ ਦੀ ਗੈਰ ਸਰਕਾਰੀ ਸੰਸਥਾ ਫੁਲਕਾਰੀ ਨਾਲ ਜਿਲ੍ਹੇ ਦੇ ਬਹੁਪੱਖੀ ਵਿਕਾਸ ਲਈ ਇਕ ਵਿਸ਼ੇਸ਼ ਸਮਝੌਤਾ ਕੀਤਾ ਹੈ।  ਇਸ ਸਹਿਮਤੀ ਪੱਤਰ ਦਾ ਉਦੇਸ਼ ਫੁਲਕਾਰੀ ਅਤੇ ਜ਼ਿਲ੍ਹਾ ਕੁਲੈਕਟਰ ਦੇ ਦਫ਼ਤਰ ਵਿਚਕਾਰ ਵਿੱਦਿਅਕ, ਸਿਹਤ, ਸੱਭਿਆਚਾਰਕ ਅਤੇ ਵਾਤਾਵਰਨ ਦੀਆਂ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਫੁਲਕਾਰੀ ਮੈਂਬਰਾਂ ਅਤੇ ਜਿਲ੍ਹਾ ਪ੍ਰਸ਼ਾਸਨ ਵਿਚਾਲੇ ਬਿਹਤਰ ਤਾਲਮੇਲ ਪੈਦਾ ਕਰਨਾ ਹੈ, ਜੋ ਕਿ  ਅੰਮ੍ਰਿਤਸਰ ਦੇ ਸਮੁੱਚੇ ਵਿਕਾਸ ਵਿੱਚ ਯੋਗਦਾਨ ਪਾਵੇਗਾ।

ਸਮਝੌਤੇ ਤਹਿਤ ਕਮਜ਼ੋਰ ਔਰਤਾਂ ਅਤੇ ਨੌਜਵਾਨਾਂ ਲਈ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਪ੍ਰਦਾਨ ਕਰਨ ਲਈ ਮੌਕੇ ਪੈਦਾ ਕੀਤੇ ਜਾਣਗੇ। ਜਿਸ ਵਿੱਚ ਵਿੱਚ ਦਸਤਕਾਰੀ, ਆਪਣਾ ਕਾਰੋਬਾਰ ਸ਼ੁਰੂ ਕਰਨਾ, ਡਿਜੀਟਲ ਸਾਖਰਤਾ ਅਤੇ ਹੋਰ ਖੇਤਰਾਂ ਵਿੱਚ ਹੁਨਰ-ਨਿਰਮਾਣ ਵਰਕਸ਼ਾਪਾਂ ਲਗਾਈਆਂ ਜਾਣਗੀਆਂ।  ਅਜਿਹੇ ਪ੍ਰੋਗਰਾਮਾਂ ਨੂੰ ਸਰਕਾਰੀ ਵਿਭਾਗ ਅਤੇ ਅੰਮਿ੍ਤਸਰ ਦੀਆਂ ਫੁਲਕਾਰੀ ਔਰਤਾਂ ਵੱਲੋਂ ਸਾਂਝੇ ਤੌਰ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਘੱਟ ਆਮਦਨੀ ਵਾਲੇ ਪਰਿਵਾਰਾਂ ਦੀਆਂ ਲੜਕੀਆਂ ਲਈ ਵਜ਼ੀਫ਼ਾ,  ਉਨਾਂ ਦੇ ਭਵਿੱਖ ਨੂੰ ਤਰਾਸਣ ਲਈ ਕੈਰੀਅਰ ਦੀ ਯੋਜਨਾਬੰਦੀ ਵਿੱਚ ਮਾਰਗਦਰਸ਼ਨ ਅਤੇ ਉੱਚ-ਸਿੱਖਿਆ ਦੇ ਮੌਕੇ ਪੈਦਾ ਕੀਤੇ ਜਾਣਗੇ।

ਫੁਲਕਾਰੀ ਦੀਆਂ ਔਰਤਾਂ ਸਰਕਾਰੀ ਸਕੂਲਾਂ ਅਤੇ ਕਾਲਜਾਂ ਲਈ ਸਲਾਹਕਾਰ ਅਤੇ ਵਿਜ਼ਿਟਿੰਗ ਫੈਕਲਟੀ ਵਜੋਂ ਵੀ ਕੰਮ ਕਰਨਗੀਆਂ। ਇਸ ਤੋਂ ਇਲਾਵਾ ਉਹ ਸਥਾਨਕ ਪ੍ਰਸ਼ਾਸਨ ਲਈ ‘ਥਿੰਕ ਟੈਂਕ’ ਵਜੋਂ ਕੰਮ ਕਰਨਗੀਆਂ।

                 ਸਾਂਝੇ ਤੌਰ ‘ਤੇ ਲਾਇਬ੍ਰੇਰੀਆਂ ਦੀ ਸਥਾਪਨਾ ਅਤੇ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਲਰਨਿੰਗ , ਔਰਤਾਂ ਲਈ ਲੀਡਰਸ਼ਿਪ ਪ੍ਰੋਗਰਾਮ, ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਮੁਫਤ ਜਾਂ ਸਬਸਿਡੀ ਵਾਲੇ ਸਰਵਾਈਕਲ ਕੈਂਸਰ ਸਕ੍ਰੀਨਿੰਗ ਕੈਂਪਾਂ ਦਾ ਆਯੋਜਨ, ਸਿਹਤ ਜਾਗਰੂਕਤਾ ਮੁਹਿੰਮ, ਵਾਤਾਵਰਨ ਸਥਿਰਤਾ ਲਈ ਰੀਸਾਈਕਲਿੰਗ ਨੂੰ ਯਕੀਨੀ ਬਣਾਉਣਾ ਅਤੇ ਵਾਤਾਵਰਣ ਅਨੁਕੂਲ ਆਦਤਾਂ ਨੂੰ ਉਤਸ਼ਾਹਿਤ ਕਰਨਾ ਇਸ ਸਮਝੌਤੇ ਦਾ ਹਿੱਸਾ ਹੈ। ਇਸ ਤੋਂ ਇਲਾਵਾ ਲਿੰਗ ਸਮਾਨਤਾ, ਔਰਤਾਂ ਦੇ ਅਧਿਕਾਰਾਂ, ਸਿਹਤ, ਸ਼ਹਿਰ ਦੀ ਯੋਜਨਾਬੰਦੀ ਸ਼ਹਿਰੀ ਵਿਕਾਸ, ਅਤੇ ਸਿੱਖਿਆ ‘ਤੇ ਕੇਂਦਰਿਤ ਨੀਤੀ ਸੁਧਾਰਾਂ ਅਤੇ ਪਹਿਲਕਦਮੀਆਂ ‘ਤੇ ਇਕੱਠੇ ਕੰਮ ਕੀਤਾ ਜਾਵੇਗਾ।