ਫਿਰੋਜ਼ਪੁਰ 7 ਸਤੰਬਰ 2024…
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪੋਸ਼ਣ ਅਭਿਆਨ ਦੇ ਤਹਿਤ ਹਰ ਸਾਲ ਸਤੰਬਰ ਮਹੀਨੇ ਵਿੱਚ ਪੋਸ਼ਣ ਮਾਹ ਮਨਾਇਆ ਜਾਂਦਾ ਹੈ। ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰਿਚਿਕਾ ਨੰਦਾ ਦੀ ਯੋਗ ਅਗਵਾਈ ਹੇਠ ਪੋਸ਼ਣ ਮਾਹ ਦਾ ਪਹਿਲਾ ਹਫ਼ਤਾ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ।
ਜਿਲਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਪੋਸ਼ਣ ਅਭਿਆਨ ਇੱਕ ਜਾਗਰੂਕਤਾ ਅਭਿਆਨ ਹੈ, ਜਿਸ ਵਿੱਚ ਆਂਗਨਵਾੜੀ ਵਰਕਰਾਂ ਵੱਲੋਂ ਆਂਗਨਵਾੜੀ ਸੈਂਟਰਾਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਪੋਸ਼ਣ ਮਾਹ ਦੇ ਪਹਿਲੇ ਦਿਨ ਬੱਚਿਆਂ, ਕਿਸ਼ੋਰੀਆਂ ਅਤੇ ਔਰਤਾਂ ਨੂੰ ਕੁਪੋਸ਼ਣ ਮੁਕਤ , ਸਵਸਥ ਅਤੇ ਮਜ਼ਬੂਤ ਬਣਾਉਣ ਸਬੰਧੀ ਸਹੁੰ ਚੁਕਾਈ ਗਈ ਅਤੇ ਆਂਗਨਵਾੜੀ ਵਰਕਰਾਂ, ਹੈਲਪਰਾਂ, ਆਸ਼ਾ ਵਰਕਰਾਂ, ਏ ਐੱਨ ਐੱਮ ਅਤੇ ਬੱਚਿਆਂ ਨਾਲ ਪੋਸ਼ਣ ਰੈਲੀ ਵੀ ਕੀਤੀ ਗਈ ।
ਦੂਸਰੇ ਦਿਨ ਨਵਜੰਮੇ ਬੱਚਿਆਂ ਦੀ ਦੇਖਭਾਲ ਅਤੇ ਪਰਿਵਾਰ ਨਿਯੋਜਨ ਲਈ ਮਾਰਗਦਰਸ਼ਨ ਅਤੇ ਹੋਮ ਡਿਲੀਵਰੀ ਲਈ ਜਨਮ ਦੀ ਤਿਆਰੀ ਬਾਰੇ ਜਾਗਰੂਕਤਾ ਫੈਲਾਈ ਗਈ। ਤੀਸਰੇ ਦਿਨ ਅਨੀਮੀਆ ਦਿਵਸ ਵਜੋਂ ਮਨਾਇਆ ਗਿਆ। ਇਸ ਵਿੱਚ ਅਨੀਮੀਆ ਦੀ ਰੋਕਥਾਮ , ਅਨੀਮੀਆ ਦੇ ਕਾਰਨਾਂ ਬਾਰੇ ਜਾਗਰੂਕ ਕੀਤਾ ਗਿਆ । ਉਸ ਤੋਂ ਬਾਅਦ ਤਿੰਨ ਤੋਂ ਛੇ ਮਹੀਨੇ ਅਤੇ 3 ਸਾਲ ਤੋਂ 6 ਸਾਲ ਤੱਕ ਦੇ ਬੱਚਿਆਂ ਦਾ ਮੂਲਾਂਕਨ ਕਰਦੇ ਹੋਏ ਉਹਨਾਂ ਦੇ ਭਾਰ ਕੱਦ ਤੇ ਵਿਕਾਸ ਦਾ ਮੁਲਾਂਕਨ ਕੀਤਾ ਗਿਆ ।
ਹਫਤੇ ਦੇ ਅਖੀਰਲੇ ਦਿਨ ਮਾਂ ਦੇ ਦੁੱਧ ਪਿਲਾਉਣ, ਨਵਜੰਮੇ ਬੱਚਿਆਂ ਵਿੱਚ ਮਾਂ ਦਾ ਦੁੱਧ ਪਿਲਾਉਣ ਅਤੇ ਮਾਂ ਦੇ ਦੁੱਧ ਪਿਲਾਉਣ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਮਾਵਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਮਾਂ ਨੂੰ ਦੁੱਧ ਪਿਲਾਉਣ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਕੀਤੀ ਗਈ।
ਬਲਾਕ ਫ਼ਿਰੋਜ਼ਪੁਰ ਦੀਆਂ ਸਮੂਹ ਸੁਪਰਵਾਈਜ਼ਰਾਂ ਅਤੇ ਬਲਾਕ ਕੁਆਰਡੀਨੇਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੋਸ਼ਣ ਮਾਹ ਦਾ ਪਹਿਲਾ ਹਫ਼ਤਾ ਸਾਰੇ ਆਂਗਨਵਾੜੀ ਸੈਂਟਰਾਂ ਵਿਚ ਬੜੀ ਸਫਲਤਾਪੂਰਵਕ ਮਨਾਇਆ ਗਿਆ ਹੈ ਅਤੇ ਲੋਕਾਂ ਨੂੰ ਇਸ ਤੋਂ ਕਾਫ਼ੀ ਲਾਭ ਵੀ ਮਿਲਿਆ।