ਰਾਜਪਾਲ ਅਤੇ ਮੁੱਖ ਮੰਤਰੀ ਨੇ ਵਾਈਸ ਚਾਂਸਲਰਾਂ ਦੀ ਕਾਨਫਰੰਸ ਵਿੱਚ ਕੀਤੀ ਸ਼ਮੂਲੀਅਤ

ਚੰਡੀਗੜ੍ਹ, 11 ਅਕਤੂਬਰ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਖਿਆ ਸ਼ਾਸਤਰੀਆਂ ਨੂੰ ਸੱਦਾ ਦਿੱਤਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਕੇ ਆਮ ਆਦਮੀ ਨੂੰ ਵੱਧ ਅਖ਼ਤਿਆਰ ਦੇਣਾ ਯਕੀਨੀ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਓ।

ਇੱਥੇ ਪੰਜਾਬ ਰਾਜ ਭਵਨ ਵਿੱਚ ਵਾਈਸ ਚਾਂਸਲਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇੱਥੇ ਬੈਠੇ ਸਾਰੇ ਸਿੱਖਿਆ ਸ਼ਾਸਤਰੀ ਆਪਣੀ ਸਖ਼ਤ ਮਿਹਨਤ, ਸਮਰਪਣ ਅਤੇ ਘਾਲਣਾ ਨਾਲ ਆਪਣੇ ਖ਼ੇਤਰ ਵਿੱਚ ਸਫ਼ਲ ਹੋਏ ਹਨ ਪਰ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੇ ਵਰਗੇ ਹੋਰ ਹੀਰੇ ਤਰਾਸ਼ੋ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕੁੱਲ 40 ਯੂਨੀਵਰਸਿਟੀਆਂ ਹਨ ਅਤੇ ਇਹ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਇਨ੍ਹਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਇੱਥੇ ਇਸ ਕਾਨਫਰੰਸ ਲਈ ਇਕੱਤਰ ਹੋਏ ਹਨ। ਉਨ੍ਹਾਂ ਕਾਨਫਰੰਸ ਕਰਵਾਉਣ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਉਚੇਰੀ ਸਿੱਖਿਆ ਵਿੱਚ ਹੋਰ ਸੁਧਾਰ ਲਿਆਉਣ ਵਿੱਚ ਮਦਦ ਮਿਲੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਵਚਨਬੱਧ ਹੈ, ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਦੋ ਵੱਡੀਆਂ ਯੂਨੀਵਰਸਿਟੀਆਂ ਹਨ, ਜਿਨ੍ਹਾਂ ਵਿੱਚ 40 ਹਜ਼ਾਰ ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਵੱਡੀ ਗਿਣਤੀ ਵਿਦਿਆਰਥੀਆਂ ਦਾ ਰੁਝਾਨ ਯੂਨੀਵਰਸਿਟੀਆਂ ਤੋਂ ਮੁੜ ਗਿਆ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਕਾਰਨ ਵਿਦੇਸ਼ ਜਾਣ ਦੇ ਰੁਝਾਨ ਨੂੰ ਮੋੜਾ ਪਿਆ ਹੈ ਅਤੇ ਹੁਣ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਦਾਖ਼ਲਿਆਂ ਦਾ ਹੜ੍ਹ ਆਇਆ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਨਾਲ ਲੈਸ ਹਨ ਅਤੇ ਪੰਜਾਬ ਦੇ 43 ਕਾਲਜ ਨੈਕ ਤੋਂ ਮਾਨਤਾ ਪ੍ਰਾਪਤ ਹਨ, ਜਿਨ੍ਹਾਂ ਵਿੱਚੋਂ ਤਿੰਨ ਕਾਲਜਾਂ ਨੂੰ ਏ ਗਰੇਡ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਸਕੂਲ ਸਿਸਟਮ ਵਿੱਚ ਹੀ ਕਰੀਅਰ ਗਾਈਡੈਂਸ ਉਤੇ ਜ਼ੋਰ ਦੇ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਸਕੂਲਾਂ ਵਿੱਚ ਬਿਜ਼ਨਸ ਬਲਾਸਟਰਜ਼ ਸਕੀਮ ਪਹਿਲਾਂ ਹੀ ਚੱਲ ਰਹੀ ਹੈ ਤਾਂ ਕਿ ਭਵਿੱਖ ਦੇ ਕਾਰੋਬਾਰੀ ਪੈਦਾ ਕੀਤੇ ਜਾ ਸਕਣ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲ੍ਹੀਆਂ ਹਨ, ਜਿਨ੍ਹਾਂ ਨੂੰ ਏ.ਸੀ. ਤੇ ਇੰਟਰਨੈੱਟ ਵਰਗੀ ਸਹੂਲਤ ਨਾਲ ਲੈਸ ਕੀਤਾ ਹੈ, ਇਨ੍ਹਾਂ ਲਾਇਬ੍ਰੇਰੀਆਂ ਵਿੱਚ ਪਾਠਕ੍ਰਮ ਦੇ ਨਾਲ-ਨਾਲ ਵਿਸ਼ਵ ਪੱਧਰ ਦੀਆਂ ਪੁਸਤਕਾਂ ਉਪਲਬਧ ਹਨ। ਵਿਸ਼ਵ ਭਰ ਵਿੱਚ ਟਿਸ਼ੂ ਕਲਚਰ ਦੇ ਖ਼ੇਤਰ ਵਿੱਚ ਪ੍ਰਸਿੱਧ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਸੀ ਬੰਦਸ਼ਾਂ ਦੀ ਥਾਂ ਹੁਣ ਪ੍ਰਸਿੱਧ ਸਿੱਖਿਆ ਸ਼ਾਸਤਰੀਆਂ ਨੂੰ ਯੂਨੀਵਰਸਿਟੀਆਂ ਦੇ ਮੁਖੀ ਨਿਯੁਕਤ ਕੀਤਾ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਇਕੋ-ਇਕ ਮੰਤਵ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪੜ੍ਹਾਈ ਨੂੰ ਹੁਲਾਰਾ ਦੇਣਾ ਹੈ ਤਾਂ ਕਿ ਇਸ ਦਾ ਵਿਦਿਆਰਥੀਆਂ ਨੂੰ ਵੱਡੇ ਪੱਧਰ ਉਤੇ ਫਾਇਦਾ ਹੋਵੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਬਿਹਤਰ ਨਤੀਜਿਆਂ ਲਈ ਚਾਰ ਵਿਭਾਗਾਂ ਖੇਤੀਬਾੜੀ, ਸਿੱਖਿਆ, ਵਿੱਤ ਅਤੇ ਪੁਲਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਸ਼ੁਰੂ ਕਰਨ `ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਪਹਿਲਾਂ ਹੀ ਮੁਰੰਮਤ ਲਈ ਸੜਕਾਂ ਦੇ ਮਾਪ ਲਈ ਏ.ਆਈ. ਲਾਗੂ ਕਰ ਚੁੱਕੀ ਹੈ, ਜਿਸ ਦੇ ਨਤੀਜੇ ਹੈਰਾਨੀਜਨਕ ਰਹੇ ਹਨ। ਉਨ੍ਹਾਂ ਕਿਹਾ ਕਿ ਏ.ਆਈ. ਰਾਹੀਂ ਪਤਾ ਲੱਗਾ ਹੈ ਕਿ ਲਗਪਗ ਚਾਰ ਹਜ਼ਾਰ ਕਿਲੋਮੀਟਰ ਸੜਕਾਂ ਦਾ ਨੈੱਟਵਰਕ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਹਰ ਤਕਨੀਕ ਦੇ ਫ਼ਾਇਦੇ ਅਤੇ ਨੁਕਸਾਨ ਹੁੰਦੇ ਹਨ ਪਰ ਯੂਨੀਵਰਸਿਟੀਆਂ ਨੂੰ ਏ.ਆਈ. ਆਧਾਰਤ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਜ਼ੋਰ ਵਿਦਿਆਰਥੀਆਂ ਦੇ ਗ੍ਰੇਡਾਂ ਦੀ ਬਜਾਏ ਉਨ੍ਹਾਂ ਦੀ ਯੋਗਤਾ `ਤੇ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ, ਜਿਸ ਦੇ ਬਾਸ਼ਿੰਦਿਆਂ ਨੇ ਪੂਰੀ ਦੁਨੀਆਂ ਵਿੱਚ ਆਪਣੇ ਕਾਰੋਬਾਰ ਖੋਲ੍ਹੇ ਹੋਏ ਹਨ ਅਤੇ ਹਰ ਦੇਸ਼ ਵਿੱਚ ਪੰਜਾਬੀਆਂ ਦਾ ਦਬਦਬਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੂੰ ਸਖ਼ਤ ਮਿਹਨਤ ਅਤੇ ਵਿਲੱਖਣ ਕਾਰਜ ਕਰਨ ਦਾ ਅਦੁੱਤੀ ਜਜ਼ਬਾ ਹਾਸਲ ਹੈ, ਜਿਸ ਸਦਕਾ ਉਨ੍ਹਾਂ ਨੇ ਦੁਨੀਆ ਵਿੱਚ ਆਪਣਾ ਅਹਿਮ ਸਥਾਨ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਭਨਾਂ ਲਈ ਮਾਣ ਵਾਲੀ ਗੱਲ ਹੈ ਕਿ ਬੋਇੰਗ ਵਿੱਚ ਪੰਜ ਫ਼ੀਸਦੀ ਇੰਜੀਨੀਅਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ ਹਨ, ਜਦੋਂ ਕਿ ਫਲਿੱਪਕਾਰਟ, ਓਲਾ, ਮਾਸਟਰਕਾਰਡ ਅਤੇ ਹੋਰਾਂ ਦੇ ਸੀ.ਈ.ਓ. ਵੀ ਪੰਜਾਬੀ ਹਨ। ਭਗਵੰਤ ਸਿੰਘ ਮਾਨ ਨੇ ਹੁਨਰ ਵਿਕਾਸ ਦੀ ਲੋੜ `ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਹਾਰਕ ਅਤੇ ਸਿਧਾਂਤਕ ਗਿਆਨ ਵਿਚਕਾਰ ਸੰਪੂਰਨ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਵੱਡੀਆਂ ਯੋਗਤਾਵਾਂ ਅਤੇ ਸਮਰੱਥਾਵਾਂ ਦੀ ਬਖਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਦੀ ਅਥਾਹ ਊਰਜਾ ਨੂੰ ਢੁਕਵੇਂ ਪਾਸੇ ਲਾਉਣ ਅਤੇ ਉਨ੍ਹਾਂ ਨੂੰ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਈਵਾਲ ਬਣਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ, ਜਦੋਂ ਇਹ ਨੌਜਵਾਨ ਦੇਸ਼ ਲਈ ਸਫ਼ਲਤਾ ਦੇ ਨਵੇਂ ਝੰਡੇ ਗੱਡਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਨੌਜਵਾਨ ਹਰ ਖੇਤਰ ਵਿੱਚ ਮੱਲਾਂ ਮਾਰਨ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਜਹਾਜ਼ ਵਾਂਗ ਹਨ ਅਤੇ ਸੂਬਾ ਸਰਕਾਰ ਇਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਹਵਾਈ-ਪੱਟੀ ਮੁਹੱਈਆ ਕਰਵਾਏਗੀ। ਉਨ੍ਹਾਂ ਸਪੱਸ਼ਟ ਤੌਰ `ਤੇ ਕਿਹਾ ਕਿ ਉਹ ਉਦੋਂ ਤੱਕ ਆਰਾਮ ਨਾਲ ਨਹੀਂ ਬੈਠਣਗੇ, ਜਦੋਂ ਤੱਕ ਪੰਜਾਬ ਦੇ ਵਿਦਿਆਰਥੀ ਆਪਣੇ ਮਿੱਥੇ ਟੀਚੇ ਪ੍ਰਾਪਤ ਨਹੀਂ ਕਰ ਲੈਂਦੇ।

ਇਸ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਦੇ ਸੁਪਨੇ ਨਾਲ ਐਨ.ਈ.ਪੀ. ਕਾਨਫਰੰਸ ਦੀ ਸਮਾਪਤੀ ਕੀਤੀ। ਆਪਣੇ ਸੰਬੋਧਨ ਵਿੱਚ ਰਾਜਪਾਲ ਨੇ ਕਾਨਫਰੰਸ ਦੀ ਸਫ਼ਲਤਾ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦੀ ਸਰਗਰਮ ਸ਼ਮੂਲੀਅਤ ਅਤੇ ਵਿਹਾਰਕ ਸੂਝ ਲਈ ਪ੍ਰਸ਼ੰਸਾ ਕੀਤੀ ਅਤੇ ਸਿੱਖਿਆ ਮੰਤਰੀ ਦੀ ਉਨ੍ਹਾਂ ਦੇ ਤਜ਼ਰਬੇ ਰਾਹੀਂ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਸ਼ਲਾਘਾ ਕੀਤੀ। ਪੰਜਾਬ ਦੇ ਮਜ਼ਬੂਤ ਵਿਦਿਅਕ ਢਾਂਚੇ ‘ਤੇ ਚਾਨਣਾ ਪਾਉਂਦਿਆਂ ਰਾਜਪਾਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੂਬੇ ਕੋਲ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰਨ ਦੀ ਅਥਾਹ ਸਮਰੱਥਾ ਹੈ।

ਰਾਜਪਾਲ ਨੇ ਸੂਬਾ ਸਰਕਾਰ ਨੂੰ ਵਿਦਿਅਕ ਸੰਸਥਾਵਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਤਾਂ ਜੋ ਇਹ ਸੰਸਥਾਵਾਂ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਹੋਰ ਅੱਗੇ ਵੱਧ ਸਕਣ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾਂ ਨਾਲ ਅਸੀਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਹੋਰ ਉੱਚਾ ਚੁੱਕ ਸਕਦੇ ਹਾਂ ਅਤੇ ਇਸ ਨੂੰ ਕੌਮੀ ਮਾਡਲ ਵਜੋਂ ਪੇਸ਼ ਕਰ ਸਕਦੇ ਹਾਂ। ਰਾਜਪਾਲ ਨੇ ਪੰਜਾਬ ਨੂੰ ਉਚੇਰੀ ਸਿੱਖਿਆ ਲਈ ਆਕਰਸ਼ਕ ਸਥਾਨ ਬਣਾਉਣ ਵਾਸਤੇ ਸੂਬੇ ਵੱਲੋਂ ਕੀਤੇ ਜਾ ਰਹੇ ਉਤਸ਼ਾਹਜਨਕ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਮੂਹ ਵਿਦਿਅਕ ਅਦਾਰਿਆਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਅਤੇ ਫੰਡਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸਰੋਤਾਂ ਦਾ ਵੱਧ ਤੋਂ ਵੱਧ ਲਾਭ ਲੈ ਕੇ ਇਹ ਸੰਸਥਾਵਾਂ ਆਪਣੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰ ਸਕਦੀਆਂ ਹਨ, ਅਧਿਆਪਨ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦੀਆਂ ਹਨ, ਅਤੇ ਵਿਦਿਆਰਥੀਆਂ ਨੂੰ ਲਾਭ ਪਹੁੰਚਾ ਸਕਦੀਆਂ ਹਨ।

ਆਪਣੇ ਸੰਬੋਧਨ ਵਿੱਚ ਰਾਜਪਾਲ ਨੇ ਸਿੱਖਿਆ ਦੇ ਖੇਤਰ ਵਿੱਚ ਹੋਰ ਨਿਵੇਸ਼ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਇਸ ਖੇਤਰ ਲਈ ਜੀ.ਡੀ.ਪੀ. ਦਾ ਘੱਟੋ-ਘੱਟ 6 ਫ਼ੀਸਦੀ ਰਾਖ਼ਵਾਂ ਰੱਖਣ ਦੀ ਵਕਾਲਤ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਚੀਨ ਵਰਗੇ ਦੇਸ਼ ਸਿੱਖਿਆ ਕ੍ਰਾਂਤੀ ਰਾਹੀਂ ਵਿਸ਼ਵ ਸ਼ਕਤੀਆਂ ਵਜੋਂ ਉੱਭਰੇ ਹਨ। ਸਾਡੇ ਦੇਸ਼ ਕੋਲ ਅਥਾਹ ਸਮਰੱਥਾਵਾਂ ਮੌਜੂਦ ਹਨ ਅਤੇ ਸਾਨੂੰ ਆਪਣੇ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ‘ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।

ਉਨ੍ਹਾਂ ਐਨ.ਏ.ਏ.ਸੀ. ਗਰੇਡਿੰਗ ਪ੍ਰਣਾਲੀ ਵਿੱਚ ਕੀਤੇ ਜਾਣ ਵਾਲੇ ਸੁਧਾਰਾਂ ਬਾਰੇ ਵੀ ਚਰਚਾ ਕੀਤੀ, ਜਿਸ ਤਹਿਤ ਵਿਦਿਆਰਥੀਆਂ ਆਪਣੀਆਂ ਸੰਸਥਾਵਾਂ ਦੇ ਮੁਲਾਂਕਣ ਵਿੱਚ ਅਹਿਮ ਭੂਮਿਕਾ ਨਿਭਾ ਸਕਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਬਦਲਾਅ ਨਾਲ ਵਿਦਿਆਰਥੀਆਂ ਨੂੰ ਸਸ਼ਕਤ ਬਣਨਗੇ ਅਤੇ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਜਵਾਬਦੇਹੀ ਯਕੀਨੀ ਬਣਾਈ ਜਾ ਸਕੇਗੀ।

ਸਿੱਖਿਆ ਵਿੱਚ ਆਪਸੀ ਸਹਿਯੋਗ ਦੀ ਵਕਾਲਤ ਕਰਦਿਆਂ ਰਾਜਪਾਲ ਨੇ ਅੰਤਰ-ਸੰਸਥਾ ਆਦਾਨ-ਪ੍ਰਦਾਨ ਪ੍ਰੋਗਰਾਮਾਂ ਦਾ ਪ੍ਰਸਤਾਵ ਦਿੱਤਾ ਅਤੇ ਯੂਨੀਵਰਸਿਟੀਆਂ ਨੂੰ ਸਿੱਖਿਆ ਪ੍ਰਣਾਲੀ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਵਦੇਸ਼ੀ ਪਹਿਲਕਦਮੀ ਤਹਿਤ ਰੋਜ਼ਗਾਰ ਯੋਗਤਾ, ਹੁਨਰ ਵਿਕਾਸ ਅਤੇ ਸਵਦੇਸ਼ੀ ਸਰੋਤਾਂ ਦੀ ਵਰਤੋਂ ਸਮੇਤ ਸਮੁੱਚੇ ਵਿਕਾਸ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।

ਆਪਣੇ ਸਮਾਪਤੀ ਸੰਬੋਧਨ ਵਿੱਚ, ਰਾਜਪਾਲ ਨੇ ਇਹ ਕਾਨਫਰੰਸ ਸਾਲ ਵਿੱਚ ਦੋ ਵਾਰ ਕਰਵਾਉਣ ਦਾ ਸੁਝਾਅ ਦਿੱਤਾ ਤਾਂ ਜੋ ਸਿੱਖਿਆ ਦੇ ਖੇਤਰ ਦੇ ਵਿਕਾਸ ਲਈ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਜਾ ਸਕੇ, ਪ੍ਰਗਤੀ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਬਿਹਤਰ ਰਣਨੀਤੀਆਂ ਨੂੰ ਅਪਣਾਇਇਆ ਜਾ ਸਕੇ। ਇਸ ਕਾਨਫ਼ਰੰਸ ਦੀ ਸਮਾਪਤੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਦੇ ਦ੍ਰਿੜ ਸੰਕਲਪ ਨਾਲ ਹੋਈ ਜੋ ਸਿੱਖਿਆ ਦੇ ਮਿਆਰ ਅਤੇ ਸਮਾਵੇਸ਼ ਵਿੱਚ ਰਾਸ਼ਟਰੀ ਮਾਪਦੰਡ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।

ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

—————–

[wpadcenter_ad id='4448' align='none']