ਮਾਨਸਾ, 22 ਨਵੰਬਰ :
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਮਾਨਸਾ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਡੇਂਗੂ ਦੇ ਬਚਾਅ ਸੰਬੰਧੀ ਵੱਖ-ਵੱਖ ਇਲਾਕਿਆਂ ਵਿੱਚ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਿਹਤ ਵਿਭਾਗ ਵੱਲੋਂ ਘੋਸ਼ਿਤ ਕੀਤੇ ਡਰਾਈ ਡੇ ਮੌਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਵੱਲੋਂ ਟੀਮ ਸਮੇਤ ਲੋਕਾਂ ਦੇ ਘਰਾਂ ਵਿਚ ਡੇਂਗੂ ਅਤੇ ਮਲੇਰੀਏ ਬਾਰੇ ਜਾਗਰੂਕ ਕੀਤਾ।
ਉਨਾਂ ਦੱਸਿਆ ਕਿ ਮੁੱਖ ਤੌਰ ’ਤੇ ਡੇਂਗੂ ਦਾ ਕਾਰਨ ਮੱਛਰ ਹੈ, ਜੋ ਕਿ ਪਾਣੀ ਦੇ ਸੋਮਿਆਂ ’ਤੇ ਪਨਪਦਾ ਹੈ। ਜੇਕਰ ਹਰੇਕ ਮਨੁੱਖ ਇਹ ਨਿਸ਼ਚਾ ਕਰ ਲਵੇ ਕਿ ਆਪਣੇ ਘਰ ਵਿਚਲੇ ਪਾਣੀ ਖੜਨ ਦੇ ਸੋਮਿਆ ਜਿਵੇਂ ਫਰਿਜ ਦੀ ਪਿਛਲੀ ਟਰੇਅ, ਕੂਲ਼ਰ, ਗਮਲੇ, ਛੱਤਾਂ ਤੇ ਪਿਆ ਕਬਾੜ, ਟਾਇਰ , ਟੁੱਟੇ –ਫੁੱਟੇ ਬਰਤਨ ਆਦਿ ਨੂੰ ਹਫ਼ਤੇ ਵਿਚ ਚੈਕ ਕਰਕੇ ਸਾਫ਼ ਕਰਨਾ ਹੈ, ਤਾਂ ਡੇਂਗੂ ਤੋਂ ਅਸਾਨੀ ਨਾਲ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਘਬਰਾਉਣ ਦੀ ਨਹੀਂ, ਚੁਕੰਨੇ ਅਤੇ ਜਾਗਰੂਕ ਹੋਣ ਦੀ ਲੋੜ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਸਰਦੀ ਅਤੇ ਗਰਮੀ ਦੇ ਦੂਮੇਲ ਦੀ ਰੁੱਤ ਵਿੱਚ ਜੇਕਰ ਧਿਆਨ ਨਾ ਰੱਖਿਆ ਜਾਵੇ ਤਾਂ ਡੇਂਗੂ ਦੇ ਕੇਸਾਂ ਵਿੱਚ ਵਾਧਾ ਹੋਣਾ ਸੁਭਾਵਿਕ ਹੈ। ਡੇਂਗੂ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇਸ ਤੋਂ ਬਚਣ ਲਈ ਸਾਨੂੰ ਆਪਣੇ ਆਲੇ-ਦੁਆਲੇ ਗਲੀਆਂ ਘਰਾਂ ਵਿੱਚ ਪਏ ਗਮਲੇ, ਟੁੱਟੇ ਬਰਤਨ, ਟਾਇਰ ਆਦਿ ਵਿੱਚ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਮੱਛਰ ਖੜ੍ਹੇ ਪਾਣੀ ਵਿਚ ਅੰਡੇ ਦਿੰਦਾ ਹੈ।
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਦਫਤਰਾਂ ਅਤੇ ਘਰਾਂ ਵਿੱਚ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਸਾਨੂੰ ਸਾਰਿਆਂ ਨੂੰ ਆਪਣੇ ਕੂਲਰਾਂ ਦਾ ਪਾਣੀ ਕੱਢ ਕੇ ਚੰਗੀ ਤਰ੍ਹਾਂ ਸੁਕਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਫਰਿੱਜਾਂ ਦੇ ਪਿੱਛੇ ਲੱਗੀ ਟਰੇਅ ਵਿੱਚ ਪਾਣੀ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ, ਸਾਨੂੰ ਕੱਪੜੇ ਅਜਿਹੇ ਪਹਿਨਣੇ ਚਾਹੀਦੇ ਹਨ ਜਿਸ ਨਾਲ ਮੱਛਰ ਨਾ ਲੜ ਸਕੇ, ਮੱਛਰਦਾਨੀਆਂ, ਮੱਛਰ ਭਜਾਊ ਕਰੀਮਾਂ ਆਦਿ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਡੇਂਗੂ ਤੇ ਮਲੇਰੀਏ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਇਸ ਮੌਕੇ ਸੰਤੋਸ਼ ਭਾਰਤੀ ਐਪੀਡਮੈਲੋਜਿਸਟ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਡੇਂਗੂ ਦੇ ਕੇਸਾਂ ਵਿੱਚ ਵਾਧਾ ਹੋਣ ਤੋਂ ਰੋਕਣ ਲਈ ਬਰੀਡਿੰਗ ਕੈਪਚਰ ਅਤੇ ਸਪਰੇ ਟੀਮਾਂ ਇੱਕ ਸਿਹਤ ਕਰਮਚਾਰੀ ਦੀ ਨਿਗਰਾਨੀ ਹੇਠ ਮਾਨਸਾ ਸ਼ਹਿਰੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ ਅਤੇ ਪੇਂਡੂ ਖੇਤਰਾਂ ਵਿੱਚ ਸਿਹਤ ਵਿਭਾਗ ਵੱਲੋਂ ਸਮੂਹ ਸਿਹਤ ਸੁਪਰਵਾਈਜ਼ਰ ਮੇਲ ਅਤੇ ਸਿਹਤ ਕਰਮਚਾਰੀ ਮੇਲ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਬੁਖਾਰ ਹੋਣ ਦੀ ਸੂਰਤ ਵਿੱਚ ਸਲਾਈਡ ਬਣਾ ਕੇ ਉਹਨਾਂ ਨੂੰ ਦਵਾਈ ਮੁਹੱਈਆ ਕਰਵਾਈ ਜਾਂਦੀ ਹੈ ਜਾਂ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰ ਦੇ ਦੱਸੇ ਅਨੁਸਾਰ ਦਵਾਈ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਮੌਕੇ ਸੰਜੀਵ ਕੁਮਾਰ ਸਿਹਤ ਸੁਪਰਵਾਈਜ਼ਰ, ਕ੍ਰਿਸ਼ਨ ਕੁਮਾਰ ਇੰਸੈਕਟ ਕਲੈਕਟਰ, ਗਗਨਦੀਪ ਸਿੰਘ ,ਕੁਲਵੰਤ ਸਿੰਘ, ਨਿਰਮਲ ਸਿੰਘ ਬਰੀਡਿੰਗ ਕੈਚਰ ਤੋਂ ਇਲਾਵਾ ਲੋਕ ਵੀ ਮੌਜੂਦ ਸਨ।
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕੀਤਾ ਜਾ ਰਿਹੈ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਸਬੰਧੀ ਜਾਗਰੂਕ-ਸਿਵਲ ਸਰਜਨ
Date: