ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦਾ ਐਮ.ਐਲ.ਏ ਨੇ ਦਿੱਤਾ ਹੋਕਾ

ਫ਼ਰੀਦਕੋਟ 11 ਮਾਰਚ,2024

ਐਮ.ਐਲ.ਏ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਨੇ ਅੱਜ ਕੂੜੇ ਦੇ ਸੁਚੱਜੇ ਪ੍ਰਬੰਧਨ ਲਈ 9 ਸਾਈਕਲ ਰੇਹੜੀਆਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਸਪੁਰਦ ਕੀਤੀਆਂ। ਇਸ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਅਜਿਹੀਆਂ ਕੁੱਲ 87 ਰੇਹੜੀਆਂ 56 ਗ੍ਰਾਮ ਪੰਚਾਇਤਾਂ ਨੂੰ ਦਿੱਤੀਆਂ ਜਾਣਗੀਆਂ।

 ਉਹਨਾਂ ਕਿਹਾ ਕਿ ਇਹ ਰੇਹੜੀਆਂ ਪਿੰਡਾਂ ਵਿੱਚ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਬਕਸਿਆਂ ਵਿੱਚ ਇਕੱਤਰ ਕਰਕੇ ਕਿਸੇ ਇੱਕ ਡੰਪਿੰਗ ਗਰਾਊਂਡ ਵਿਖੇ ਸੁੱਟਣਗੀਆਂ। ਜਿਸ ਉਪਰੰਤ ਇਸ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਦੇ ਪ੍ਰਬੰਧ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਹ ਰੇਹੜੀਆਂ ਪਿੰਡਾਂ ਵਿੱਚ ਆਲਾ ਦੁਆਲਾ ਸਾਫ ਸੁਥਰਾ ਰੱਖਣ ਵਿੱਚ ਸਹਾਈ ਸਿੱਧ ਹੋਣਗੀਆਂ।

 ਉਹਨਾਂ ਇਹ ਵੀ ਦੱਸਿਆ ਕਿ ਜਿੱਥੇ ਪਹਿਲਾਂ ਕੂੜੇ ਦਾ ਪ੍ਰਬੰਧ ਨਹੀਂ ਹੋ ਰਿਹਾ ਸੀ, ਉਹਨਾਂ ਥਾਵਾਂ ਤੇ ਹੁਣ ਇਹਨਾਂ ਰੇਹੜੀਆਂ ਦੇ ਸਦਕਾ ਸਫਾਈ ਮੁਹਿੰਮ ਵਿੱਚ ਤੇਜ਼ੀ ਆਵੇਗੀ। ਉਹਨਾਂ ਕਿਹਾ ਕਿ ਸਾਫ ਸਫਾਈ ਦੀ ਅਣਹੋਂਦ ਕਾਰਨ ਜਿੱਥੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਬਿਮਾਰੀਆਂ ਦੇ ਫੈਲਣ ਦਾ ਖਤਰਾ ਹੁੰਦਾ ਹੈ ਉੱਥੇ ਮੱਖੀ, ਮੱਛਰ ਅਤੇ ਕੂੜੇ ਦੀ ਹੋਂਦ ਕਾਰਨ ਮਹਾਂਮਾਰੀ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ।

 ਉਹਨਾਂ ਆਖਿਆ ਕਿ ਸ.ਭਗਵੰਤ ਸਿੰਘ ਮਾਨ ਵਾਲੀ ਸੂਬਾ ਸਰਕਾਰ ਵੱਲੋਂ ਹਰ ਉਹ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕਾਂ ਦੇ ਹਰ ਵਰਗ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਲਾਭ ਪੁੱਜ ਰਿਹਾ ਹੈ। ਉਹਨਾਂ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਘਰ ਘਰ ਆਉਣ ਵਾਲੇ  ਇਹਨਾਂ ਰੇਹੜੀ ਵਾਲਿਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।

 ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਗਿੱਲਾ ਕੂੜਾ ਤੇ ਸੁੱਕਾ ਕੂੜਾ ਅਲੱਗ ਅਲੱਗ ਰੱਖਿਆ ਜਾਵੇ ਤਾਂ ਜੋ ਇਸ ਦੇ ਪ੍ਰਬੰਧਨ ਨੂੰ ਸੁਚੱਜੇ  ਢੰਗ ਨਾਲ ਨੇਪਰੇ ਚੜਾਇਆ ਜਾ ਸਕੇ। 

[wpadcenter_ad id='4448' align='none']