ਸ੍ਰੀ ਮੁਕਤਸਰ ਸਾਹਿਬ 14 ਅਗਸਤ
ਨਰਮੇਂ ਦੀ ਸਫ਼ਲ ਕਾਸ਼ਤ ਲਈ ਸ. ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤੇ ਗੁਰਨਾਮ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿ਼ਲ੍ਹੇ ਅੰਦਰ ਵਿਭਾਗ ਦੇ ਅਧਿਕਾਰੀ/ਕਰਮਚਾਰੀਆਂ ਵੱਲੋਂ ਨਰਮੇਂ ਦੀ ਫ਼ਸਲ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਉਨ੍ਹਾਂ ਪਿੰਡ ਲੰਬੀ ਢਾਬ ਅਤੇ ਕੋਟਲੀ ਦੇਵਨ ਵਿਖੇ ਨਰਮੇਂ ਦੀ ਫ਼ਸਲ ਦਾ ਸਰਵੇਖਣ ਕੀਤਾ ਅਤੇ ਕਿਹਾ ਕਿ ਇਸ ਸਮੇਂ ਨਰਮੇਂ ਦੀ ਫ਼ਸਲ ਲਈ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਵੇ।
ਇਸ ਸਮੇਂ ਨਰਮੇਂ ਦੀ ਫ਼ਸਲ ਫੁੱਲ ਡੋਡੀ ਤੇ ਹੈ ਅਤੇ ਟੀਂਡੇ ਬਣ ਰਹੇ ਹਨ, ਇਸ ਲਈ ਨਰਮੇਂ ਦੀ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿੱਤੀ ਜਾਵੇ ਅਤੇ ਨਰਮੇਂ ਦੀ ਫ਼ਸਲ ਨੂੰ ਖਾਦ ਦੇ ਲੋੜੀਂਦੇ ਤੱਤਾਂ ਦੀ ਜ਼ਰੂਰਤ ਹੈ। ਇਸ ਲਈ ਖਾਦ ਛਿੱਟੇ ਰਾਹੀਂ ਨਾ ਪਾਈ ਜਾਵੇ ਸਗੋਂ ਪੱਤਿਆਂ ਰਾਹੀਂ ਦਿੱਤੀ ਜਾਵੇ।
ਇਨ੍ਹਾਂ ਤੱਤਾਂ ਦੀ ਪੂਰਤੀ ਲਈ ਨਰਮੇਂ ਦੀ ਫ਼ਸਲ ਉਪਰ ਪੋਟਾਸ਼ੀਅਮ ਨਾਈਟ੍ਰੇਟ (13:0:45) ਦੋ ਕਿ:ਗ੍ਰਾ: ਪ੍ਰਤੀ ਏਕੜ ਦੀਆਂ 4 ਸਪਰੇਆਂ 7 ਦਿਨਾਂ ਦੇ ਵਕਫ਼ੇ ਤੇ ਕੀਤੀਆਂ ਜਾਣ। ਇਸ ਨਾਲ ਨਰਮੇਂ ਦੀ ਫ਼ਸਲ ਨੂੰ ਤਾਕਤ ਦੇ ਨਾਲ-ਨਾਲ ਖਾਦਾਂ ਦੀ ਪੂਰਤੀ ਹੋਵੇਗੀ ਅਤੇ ਫੁੱਲ ਡੋਡੀ ਨਹੀਂ ਡਿੱਗੇਗੀ ਅਤੇ ਪੂਰੇ ਟੀਂਡੇ ਬਣਨਗੇ।
ਇਸ ਉਪਰੰਤ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ ਇੱਕ ਕਿ:ਗ੍ਰਾ: ਮੈਗਨੀਸ਼ੀਅਮ ਸਲਫ਼ੇਟ 100 ਲੀਟਰ ਪਾਣੀ ਵਿੱਚ ਘੋਲ ਕੇ 2 ਸਪਰੇਆਂ 7 ਦਿਨਾਂ ਦੇ ਵਕਫ਼ੇ ਤੇ ਕੀਤੀਆਂ ਜਾਣ। ਇਸ ਨਾਲ ਝਾੜ ਵੀ ਵਧਦਾ ਹੈ।
ਸਰਵੇਖਣ ਦੌਰਾਨ ਜੇਕਰ ਕਿਸੇ ਕਿਸਾਨ ਦੀ ਨਰਮੇਂ ਦੀ ਫ਼ਸਲ ਉਪਰ ਗੁਲਾਬੀ ਸੁੰਡੀ ਦਾ ਹਮਲਾ ਪਾਇਆ ਜਾਂਦਾ ਹੈ ਤਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਸਲਾਹ ਨਾਲ ਪੀ.ਏ.ਯੂ.,ਲੁਧਿਆਣਾ ਵੱਲੋਂ ਸਿ਼ਫਾਰਸ਼ ਕੀਤੀਆਂ ਸਪਰੇਆਂ ਕੀਤੀਆਂ ਜਾਣ।
ਇਸ ਸਮੇਂ ਹਵਾ ਵਿੱਚ ਨਮੀਂ ਦੀ ਮਾਤਰਾ ਜਿ਼ਆਦਾ ਹੋਣ ਕਾਰਨ ਕੁਝ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਪਾਇਆ ਗਿਆ ਸੀ ਕਿਉਂਕਿ ਇਹ ਮੌਸਮ ਚਿੱਟੀ ਮੱਖੀ ਲਈ ਅਨੁਕੂਲ ਹੈ। ਇਸ ਲਈ ਨਰਮੇਂ ਵਾਲੇ ਖੇਤਾਂ ਦਾ ਲਗਾਤਾਰ ਸਰਵੇਖਣ ਕੀਤਾ ਜਾਵੇ ਅਤੇ ਜੇਕਰ ਕਿਤੇ ਵੀ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ ਤਾਂ ਸਪਰੇਅ ਕਰਨ ਦੀ ਜ਼ਰੂਰਤ ਹੈ। ਲੋੜ ਪੈਣ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਕੀਟਨਾਸ਼ਕ ਦਵਾਈਆਂ ਅਦਲ ਬਦਲ ਕੇ ਸਪਰੇਅ ਕੀਤੀ ਜਾ ਸਕਦੀ ਹੈ।
ਸਪਰੇਅ ਕਰਨ ਸਮੇਂ ਸਾਫ਼ ਪਾਣੀ ਦੀ ਵਰਤੋਂ ਕੀਤੀ ਜਾਵੇ। ਨਰਮੇਂ ਦੀ ਫ਼ਸਲ ਭਾਰੀ ਹੋਣ ਕਾਰਨ ਸਪਰੇਅ ਇਸ ਢੰਗ ਨਾਲ ਕੀਤੀ ਜਾਵੇ ਕਿ ਖੇਤ ਦੇ ਸਾਰੇ ਬੂਟੇ ਕਵਰ ਹੋ ਜਾਣ।
ਕਿਸੇ ਵੀ ਕਿਸਮ ਦੀ ਮੁਸ਼ਕਿਲ ਜਾਂ ਹੋਰ ਜਾਣਕਾਰੀ ਲੈਣ ਲਈ ਆਪਣੇ ਪਿੰਡ ਨਾਲ ਸਬੰਧਤ ਖੇਤੀਬਾੜੀ ਵਿਕਾਸ ਅਤੇ ਵਿਸਥਾਰ ਅਫ਼ਸਰ ਜਾਂ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਨਰਮੇਂ ਦੀ ਫ਼ਸਲ ਦਾ ਪੂਰਾ ਝਾੜ ਲੈਣ ਲਈ ਆਉਣ ਵਾਲੇ 20 ਦਿਨ ਬਹੁਤ ਅਹਿਮ – ਮੁੱਖ ਖੇਤੀਬਾੜੀ ਅਫ਼ਸਰ
Date: