ਚੰਡੀਗੜ੍ਹ, 25 ਦਸੰਬਰ:
ਸੂਬੇ ਵਿੱਚ ਪਾਲਤੂ ਜਾਨਵਰਾਂ ਅਤੇ ਪਸ਼ੂਆਂ ਦੀ ਸਿਹਤ ਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਲਦੀ ਸੂਬੇ ਦੇ ਛੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਇਨਡੋਰ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ।
ਇਸ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਅੱਜ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਵੈਟਰਨਰੀ ਸੰਸਥਾਵਾਂ ਵਿੱਚ ਸਹੂਲਤਾਂ ਦੇ ਵਿਸਥਾਰ ਲਈ 1.85 ਕਰੋੜ ਰੁਪਏ ਤੋਂ ਵੱਧ ਦੇ ਫੰਡ ਮੁਹੱਈਆ ਕਰਵਾਏ ਗਏ ਹਨ ਅਤੇ ਪਟਿਆਲਾ, ਅੰਮ੍ਰਿਤਸਰ, ਬਠਿੰਡਾ, ਸੰਗਰੂਰ, ਗੁਰਦਾਸਪੁਰ ਅਤੇ ਲੁਧਿਆਣਾ ਦੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਜਲਦੀ ਇਨਡੋਰ ਸੇਵਾਵਾਂ ਸ਼ੁਰੂ ਕਰਨ ਲਈ ਉਪਕਰਨ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਇਹਨਾਂ ਪੌਲੀਕਲੀਨਿਕਾਂ ਵਿੱਚ ਪਾਲਤੂ ਜਾਨਵਰਾਂ ਅਤੇ ਪਸ਼ੂਆਂ ਲਈ ਬਹੁਤ ਸਾਰੀਆਂ ਇਨਡੋਰ ਸੇਵਾਵਾਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਗੰਭੀਰ ਬਿਮਾਰੀ ਦਾ ਇਲਾਜ, ਸਰਜਰੀਆਂ, ਸਰਜਰੀ ਉਪਰੰਤ ਦੇਖਭਾਲ, ਲੈਬ ਟੈਸਟ, ਐਕਸ-ਰੇਅ ਅਤੇ ਅਲਟਰਾਸਾਊਂਡ ਸਹੂਲਤਾਂ ਸ਼ਾਮਲ ਹਨ।
ਪਸ਼ੂ ਪਾਲਣ ਵਿਭਾਗ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਲੰਪੀ ਸਕਿੱਨ ਬਿਮਾਰੀ ਦੀ ਰੋਕਥਾਮ ਲਈ ਸਾਰੇ ਪਸ਼ੂਧਨ ਨੂੰ ਦੋ ਵਾਰ ਗੋਟ ਪੌਕਸ ਦੀਆਂ ਖੁਰਾਕਾਂ ਮੁਫ਼ਤ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਾਰੇ ਯੋਗ ਪਸ਼ੂਆਂ ਦਾ ਸਾਲ ਵਿੱਚ ਦੋ ਵਾਰ ਮੂੰਹ-ਖੁਰ ਦੀ ਬਿਮਾਰੀ ਖਿਲਾਫ਼ ਟੀਕਾਕਰਨ ਵੀ ਕੀਤਾ ਗਿਆ ਹੈ। ਇਸ ਸਾਲ ਦੌਰਾਨ ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਵੈਕਸੀਨ ਦੀਆਂ 126.22 ਲੱਖ ਖੁਰਾਕਾਂ ਦੋ ਪੜਾਵਾਂ ਵਿੱਚ ਮੁਫ਼ਤ ਦਿੱਤੀਆਂ ਗਈਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਦੇ ਪਸ਼ੂ ਪਾਲਕਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ 11.81 ਕਰੋੜ ਰੁਪਏ ਦੀ ਲਾਗਤ ਨਾਲ ਫ੍ਰੋਜ਼ਨ ਸੈਕਸਡ ਸੀਮਨ (ਸਿਰਫ਼ ਵੱਛੀਆਂ/ਕੱਟੀਆਂ ਪੈਦਾ ਕਰਨ ਲਈ) ਦੀਆਂ 1,75,000 ਖੁਰਾਕਾਂ ਖਰੀਦੀਆਂ ਗਈਆਂ। ਉਨ੍ਹਾਂ ਕਿਹਾ ਕਿ ਬਿਹਤਰ ਪਸ਼ੂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 326 ਨਵੇਂ ਵੈਟਰਨਰੀ ਅਫ਼ਸਰ, 538 ਵੈਟਰਨਰੀ ਇੰਸਪੈਕਟਰ ਅਤੇ 59 ਗਰੁੱਪ ਸੀ ਦੀਆਂ ਅਸਾਮੀਆਂ ਭਰੀਆਂ ਗਈਆਂ ਹਨ ਅਤੇ 405 ਹੋਰ ਵੈਟਰਨਰੀ ਅਫ਼ਸਰਾਂ ਦੀ ਭਰਤੀ ਪ੍ਰਕਿਰਿਆ ਅਧੀਨ ਹੈ।
ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਦੱਸਿਆ ਕਿ 6.37 ਕਰੋੜ ਰੁਪਏ ਦੇ ਡੀਵਾਰਮਰ ਸੂਬੇ ਭਰ ਦੇ ਸਾਰੇ ਪਸ਼ੂ ਪਾਲਕਾਂ ਨੂੰ ਵੰਡੇ ਗਏ ਹਨ। ਇਸ ਤੋਂ ਇਲਾਵਾ ਪਸ਼ੂਆਂ ਦੇ ਇਲਾਜ ਲਈ ਹਸਪਤਾਲਾਂ/ਡਿਸਪੈਂਸਰੀਆਂ ਨੂੰ 3 ਕਰੋੜ ਰੁਪਏ ਦੀਆਂ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ 1 ਕਰੋੜ ਰੁਪਏ ਦੀਆਂ ਹੋਰ ਦਵਾਈਆਂ ਵੀ ਖਰੀਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਸੂਬੇ ਵਿੱਚ 199 ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਵੀ ਲਗਾਏ ਗਏ ਹਨ ਅਤੇ ਸੂਬੇ ਵਿੱਚ 21ਵੀਂ ਪਸ਼ੂ ਗਣਨਾ ਕਰਵਾਈ ਜਾ ਰਹੀ ਹੈ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਜੀ. ਐਸ. ਬੇਦੀ ਨੇ ਦੱਸਿਆ ਕਿ ਟ੍ਰਾਈਸਿਟੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਪਸ਼ੂ ਪਾਲਣ ਵਿਭਾਗ ਨੇ 21 ਅਤੇ 22 ਦਸੰਬਰ, 2024 ਨੂੰ ਚੰਡੀਗੜ੍ਹ ਦੇ ਪਰੇਡ ਗਰਾਊਂਡ ਵਿਖੇ ਕਰਵਾਏ ਗਏ ਪੈੱਟ ਐਕਸਪੋ ਦੀ ਹੋਰ ਅਦਾਰਿਆਂ ਨਾਲ ਮਿਲ ਕੇ ਮੇਜ਼ਬਾਨੀ ਵੀ ਕੀਤੀ।