ਬਠਿੰਡਾ, 27 ਸਤੰਬਰ : ਟੂਰਿਜ਼ਮ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਰਲਡ ਟੂਰਿਜ਼ਮ ਡੇਅ ਦੇ ਮੱਦੇਨਜ਼ਰ ਹੈਰੀਟੇਜ ਵਾਕ ਕਰਵਾਈ ਗਈ। ਇਹ ਹੈਰੀਟੇਜ ਵਾਕ ਸਥਾਨਕ ਫਾਇਰ ਬ੍ਰਿਗੇਡ ਤੋਂ ਸ਼ੁਰੂ ਹੋ ਕੇ ਕਿਲ੍ਹਾ ਮੁਬਾਰਕ ਵਿਖੇ ਨਤਮਸਤਕ ਹੋ ਕੇ ਸਮਾਪਤ ਕੀਤੀ ਗਈ। ਇਸ ਮੌਕੇ ਚੇਅਰਮੈਨ, ਆਬਕਾਰੀ ਤੇ ਕਰ ਵਿਭਾਗ ਸ਼੍ਰੀ ਅਨਿਲ ਠਾਕੁਰ, ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਸ੍ਰੀ ਨੀਲ ਗਰਗ, ਵਧੀਕ ਡਿਪਟੀ ਕਮਿਸ਼ਨਰ (ਜਰਨਲ) ਪੂਨਮ ਸਿੰਘ, ਐਸਡੀਐਮ ਬਠਿੰਡਾ ਸ. ਬਲਕਰਨ ਸਿੰਘ ਮਾਹਲ, ਆਈਐਚਐਮ ਦੇ ਪ੍ਰਿੰਸੀਪਲ ਮੈਡਮ ਰਾਜਨੀਤ ਕੋਹਲੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਇਸ ਮੌਕੇ ਚੇਅਰਮੈਨ, ਆਬਕਾਰੀ ਅਤੇ ਕਰ ਵਿਭਾਗ ਸ਼੍ਰੀ ਅਨਿਲ ਠਾਕੁਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਟੂਰਿਜ਼ਮ ਨੂੰ ਹੋਰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਦੌਰਾਨ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਸ੍ਰੀ ਨੀਲ ਗਰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟੂਰਿਜ਼ਮ ਸਾਡੇ ਸੱਭਿਆਚਾਰ ਤੇ ਸਮਾਜ ਦੀ ਰੂਹ ਹੈ। ਉਨ੍ਹਾਂ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਬਠਿੰਡਾ ਦੀਆਂ ਪੁਰਾਤਨ ਇਮਾਰਤਾਂ ਦੀ ਸਾਂਭ-ਸੰਭਾਲ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਪੂਨਮ ਸਿੰਘ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਠਿੰਡਾ ਸ਼ਹਿਰ ਆਪਣੇ-ਆਪ ਵਿੱਚ ਮਾਣਮੱਤਾ ਤੇ ਪੁਰਾਤਨ ਸ਼ਹਿਰ ਹੈ। ਉਨ੍ਹਾਂ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਜ਼ਿਲ੍ਹੇ ਦੀਆਂ ਪੁਰਾਤਨ ਇਮਾਰਤਾਂ ਨੂੰ ਸੰਭਾਲਣ ਦੀਆਂ ਯੋਜਨਾਵਾਂ ਉਲੀਕ ਰਿਹਾ ਹੈ, ਜਿਨ੍ਹਾਂ ਦੀਆਂ ਜਲਦ ਪ੍ਰਪੋਜ਼ਲਾਂ ਬਣਾ ਕੇ ਸਰਕਾਰ ਨੂੰ ਭੇਜੀਆਂ ਜਾਣਗੀਆਂ।
ਵਧੀਕ ਡਿਪਟੀ ਕਮਿਸ਼ਨਰ ਨੇ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਜੋ ਵੀ ਪੁਰਾਤਨ ਇਮਾਰਤਾਂ ਹਨ, ਉਨ੍ਹਾਂ ਦਾ ਨਵੀਨੀਕਰਨ ਕਰਵਾਇਆ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਸਕੇ। ਉਨਾਂ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਠਿੰਡੇ ਦੀਆਂ ਝੀਲਾਂ ਨੂੰ ਹੋਰ ਵਿਕਸਿਤ ਕਰਨ ਲਈ ਪ੍ਰਪੋਜਲਾਂ ਬਣਾ ਰਿਹਾ ਹੈ।
ਇਸ ਮੌਕੇ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸਤੀਸ਼ ਅਰੋੜਾ, ਕੋਆਰਡੀਨੇਟਰ ਰੀਤੂ ਬਾਲਾ ਗਰਗ, ਸਕੱਤਰ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਅਤੇ ਆਈ.ਐਚ.ਐਮ ਦੇ ਵਿਦਿਆਰਥੀ ਤੇ ਹੋਰ ਪਤਵੰਤੇ ਆਦਿ ਹਾਜ਼ਰ ਸਨ।