ਫਿਰੋਜਪੁਰ 24 ਜਨਵਰੀ:-
ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਲਈ ਜਿੱਥੇ ਜੀ ਤੋੜ ਕੋਸ਼ਿਸ਼ਾਂ ਜਾਰੀ ਹਨ ਉਥੇ ਪੰਜਾਬ ਸਰਕਾਰ ਵਲੋਂ ਸਰਹੱਦੀ ਜ਼ਿਲਾ ਫਿਰੋਜ਼ਪੁਰ ਵਿੱਚ ਸਥਾਪਿਤ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਲੋਂ ਸਰਕਾਰੀ ਸਕੂਲਾਂ ਦੇ ਮੈਡੀਕਲ ਤੇ ਨਾਨ ਮੈਡੀਕਲ ਦੇ ਵਿਦਿਆਰਥੀਆਂ ਲਈ ਕੌਮੀ ਲੈਵਲ ਦੇ ਜੇਈਈ ਮੇਨਸ ਤੇ ਨੀਟ ਵਰਗੇ ਵਕਾਰੀ ਟੈਸਟਾਂ ਲਈ ਇਕ ਮੋਕ ਟੈਸਟ ਕਰਵਾਇਆ ਗਿਆ ਸੀ। ਜਿਸ ਵਿੱਚ ਜ਼ਿਲੇ ਦੇ ਲਗਪਗ 20 ਸਕੂਲਾਂ ਦੇ 600 ਦੇ ਕਰੀਬ ਵਿਦਿਆਰਥੀ ਸ਼ਾਮਿਲ ਹੋਏ।
ਇਸ ਮੌਕ ਟੈਸਟ ਦਾ ਮਕਸਦ ਇੰਨਾ ਵਿਦਿਆਰਥੀਆਂ ਨੂੰ ਇਸ ਕੌਮੀ ਲੈਵਲ ਦੇ ਟੈਸਟਾਂ ਵਿੱਚ ਪੁੱਛੇ ਜਾਂਦੇ ਸਵਾਲਾਂ ਦੇ ਤਰੀਕਿਆਂ ਵਾਰੇ ਜਾਣੂ ਕਰਵਾਉਣਾ ਸੀ। ਇਸ ਮੌਕ ਟੈਸਟ ਕਰਵਾਉਣ ਲਈ ਜਿਲਾ ਸਿੱਖਿਆ ਅਫ਼ਸਰ ਸ੍ਰ ਚਮਕੌਰ ਸਿੰਘ ਸਰਾ ਤੇ ਪ੍ਰਿੰਸੀਪਲ ਕਰੀਆਂ ਪਹਿਲਵਾਨ ਤੇ ਕੋਆਰਡੀਨੇਟਰ ਮੈਡਮ ਸੁਨੀਤਾ ਵਲੋਂ ਜਿੱਥੇ ਪੂਰਨ ਸਹਿਯੋਗ ਤੇ ਵਿਸ਼ੇਸ਼ ਉਪਰਾਲੇ ਕਰਦਿਆਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਤਿਆਰੀ ਕਰਵਾਈ ਗਈ ਸੀ ਓਥੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਗਜ਼ਲਪ੍ਰੀਤ ਅਰਨੇਜਾ , ਮੋਕ ਟੈਸਟ ਦੇ ਕੋਆਰਡੀਨੇਟਰ ਡਾ ਏ ਕੇ ਅਸਾਟੀ, ਡੀਨ ਅਕਾਦਮਿਕ ਡਾ ਤੇਜੀਤ ਸਿੰਘ, ਵਿਭਾਗੀ ਮੁਖੀਆਂ,ਤੇ ਫੈਕਲਟੀ ਤੇ ਸਟਾਫ਼ ਵਲੋਂ ਇਹ ਟੈਸਟ ਕਰਵਾਉਣ ਲਈ ਪੇਪਰ ਦੀ ਤਿਆਰੀ ਅਤੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ। ਜੇਈਈ ਮੇਨਸ ਟੈਸਟ ਵਿੱਚ ਪਹਿਲਾ ਸਥਾਨ ਸੁਖਵੀਰ ਕੌਰ , ਦੂਜਾ ਸਥਾਨ ਹਰਸ਼ਦੀਪ ਕੌਰ ਤੇ ਤੀਜਾ ਸਥਾਨ ਪੂਨਮ ਨੇ ਹਾਸਿਲ ਕੀਤਾ। ਜ਼ਿਕਰਯੋਗ ਹੈ ਕਿ ਇਹ ਸਾਰੇ ਵਿਦਿਆਰਥੀ ਸਾਰਾਗੜ੍ਹੀ ਮੈਰੀਟੋਰੀਅਸ ਸਕੂਲ ਫ਼ਿਰੋਜ਼ਪੁਰ ਦੇ ਵਿਦਿਆਰਥੀ ਹਨ ।
ਨੀਟ ਟੈਸਟ ਵਿੱਚ ਪਹਿਲਾ ਸਥਾਨ ਦੀਪਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਅਮਿਨੇਂਸ ਗੁਰੂ ਹਰਸਹਾਏ,ਦੂਜਾ ਸਥਾਨ ਸ਼ਰਨਦੀਪ ਕੌਰ ਸੀਨੀਅਰ ਸੈਕੰਡਰੀ ਸਕੂਲ ਆਫ ਅਮੀਨੇਂਸ ਮੱਲਾਂਵਾਲਾ ਖਾਸ,ਤੇ ਤੀਜਾ ਸਥਾਨ ਕੇਵਿਨ ਸੀਨੀਅਰ ਸੈਕੰਡਰੀ ਸਕੂਲ ਆਫ ਅਮਿਨੇਂਸ ਗੁਰੂ ਹਰਸਹਾਏ ਨੇ ਹਾਸਿਲ ਕੀਤਾ। ਇਹਨਾ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਲੋਂ ਸਰਟੀਫਿਕੇਟ ਤੇ ਸਨਮਾਨ ਨਿਸ਼ਾਨੀਆਂ ਦੇ ਕੇ ਓਹਨਾ ਦੀ ਹੌਸਲਾ ਅਫਜ਼ਾਈ ਕੀਤੀ ਗਈ।