ਚੰਡੀਗੜ੍ਹ, 8 ਦਸੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਦੇ ਲੋਕਾਂ ਨੂੰ 100 ਫ਼ੀਸਦ ਜਲ ਸਪਲਾਈ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸੂਬਾ ਪੱਧਰੀ ਤਕਨੀਕੀ ਕਮੇਟੀ ਨੇ ਅਮੁਰਤ 2.0 ਤਹਿਤ 92 ਕਰੋੜ ਰੁਪਏ ਦੇ ਨੈੱਟਵਰਕ ਵਾਲੇ ਤਿੰਨ ਵਾਟਰ ਟਰੀਟਮੈਂਟ ਪਲਾਂਟਾਂ ਅਤੇ ਛੇ ਜਲ ਸਪਲਾਈ ਪਲਾਂਟਾਂ ਦੀ ਵਿਸਥਾਰਤ ਪ੍ਰੋਜੈਕਟ ਰਿਪੋਰਟਾਂ (ਡੀ.ਪੀ.ਆਰ.) ਦਾ ਮੁਲਾਂਕਣ ਕੀਤਾ।
ਸੂਬਾ ਪੱਧਰੀ ਤਕਨੀਕੀ ਕਮੇਟੀ ਦੀ ਮੀਟਿੰਗ ਅੱਜ ਇੱਥੇ ਮਿਉਂਸਪਲ ਭਵਨ ਵਿਖੇ ਸਕੱਤਰ ਸਥਾਨਕ ਸਰਕਾਰਾਂ ਅਜੋਏ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਅਜੋਏ ਸ਼ਰਮਾ ਨੇ ਦੱਸਿਆ ਕਿ ਕਮੇਟੀ ਨੇ ਜੰਡਿਆਲਾ ਗੁਰੂ, ਭਾਈ ਰੂਪਾ ਅਤੇ ਰਈਆ ਸਮੇਤ ਤਿੰਨ ਕਸਬਿਆਂ ਲਈ ਲਗਭਗ 60 ਕਰੋੜ ਰੁਪਏ ਦੇ ਤਿੰਨ ਵਾਟਰ ਟਰੀਟਮੈਂਟ ਪਲਾਂਟਾਂ ਦਾ ਮੁਲਾਂਕਣ ਕੀਤਾ ਹੈ। ਜ਼ਿਕਰਯੋਗ ਹੈ ਕਿ ਜੰਡਿਆਲਾ ਗੁਰੂ ਵਿੱਚ 16.52 ਕਰੋੜ ਰੁਪਏ ਦੀ ਲਾਗਤ ਨਾਲ 7.0 ਐਮਐਲਡੀ ਵਾਟਰ ਟ੍ਰੀਟਮੈਂਟ ਪਲਾਂਟ ਲਗਵਾਉਣਾ ਹੈ ਜਿਸ ਨਾਲ 34080 ਦੀ ਆਬਾਦੀ ਨੂੰ ਫਾਇਦਾ ਹੋਵੇਗਾ, ਜਦੋਂ ਕਿ ਰਈਆ ਵਿੱਚ 14.81 ਕਰੋੜ ਰੁਪਏ ਦਾ 4 ਐਮਐਲਡੀ ਪਲਾਂਟ ਲਗਾਇਆ ਜਾਵੇਗਾ ਜਿਸ ਨਾਲ 17986 ਲੋਕਾਂ ਨੂੰ ਲਾਭ ਹੋਵੇਗਾ। ਇਸੇ ਤਰ੍ਹਾਂ ਭਾਈ ਰੂਪਾ ਵਿਖੇ 16.88 ਕਰੋੜ ਰੁਪਏ ਦੀ ਲਾਗਤ ਨਾਲ 4 ਐਮ.ਐਲ.ਡੀ ਪਲਾਂਟ ਲਗਵਾਉਣਾ ਹੈ ਜਿਸ ਨਾਲ 22008 ਲੋਕਾਂ ਨੂੰ ਲਾਭ ਹੋਵੇਗਾ। ਕਮੇਟੀ ਨੇ ਜਲ ਸਪਲਾਈ ਨੈੱਟਵਰਕ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਸਕੱਤਰ ਨੇ ਦੱਸਿਆ ਕਿ ਕਮੇਟੀ ਨੇ ਛੇ ਕਸਬਿਆਂ ਜਿਨ੍ਹਾਂ ਵਿੱਚ ਪੱਟੀ, ਭਿੱਖੀਵਿੰਡ, ਰਈਆ, ਭਾਈ ਰੂਪਾ ਅਤੇ ਅਹਿਮਦਗੜ੍ਹ ਸ਼ਾਮਲ ਹਨ, ਲਈ ਲਗਭਗ 32 ਕਰੋੜ ਰੁਪਏ ਦੇ ਜਲ ਸਪਲਾਈ ਵੰਡ ਨੈੱਟਵਰਕ ਨੂੰ ਵੀ ਪ੍ਰਵਾਨਗੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸੂਬਾ ਪੱਧਰੀ ਤਕਨੀਕੀ ਕਮੇਟੀ ਵੱਲੋਂ ਇਨ੍ਹਾਂ ਪ੍ਰਾਜੈਕਟਾਂ ਦੀ ਡੀ.ਪੀ.ਆਰ. ਮਨਜ਼ੂਰੀ ਮਿਲਣ ਨਾਲ ਇਨ੍ਹਾਂ ਦੇ ਸ਼ੁਰੂ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ ਅਤੇ ਉਸਾਰੀ ਪ੍ਰਕਿਰਿਆ ਸ਼ੁਰੂ ਕਰਨ ਲਈ ਜਲਦ ਹੀ ਟੈਂਡਰ ਜਾਰੀ ਕੀਤੇ ਜਾਣਗੇ।