ਫਰੀਦਕੋਟ: 7 ਜਨਵਰੀ 2025 ( ) ਕਣਕ ਦੀ ਫਸਲ ਵਿਚੋਂ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕਾਂ ਦਾ ਛਿੜਕਾਅ ਕਰਨ ਲਈ ਹਮੇਸ਼ਾਂ ਫਲੈਟ ਫੈਨ ਜਾਂ ਫਲੱਡ ਜੈਟ (ਕੱਟ ਵਾਲੀ) ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਛਿੜਕਾਅ ਕਰਦੇ ਸਮੇਂ ਕਾਹਲੀ ਨਹੀਂ ਕਰਨੀ ਚਾਹੀਦੀ। ਇਹ ਵਿਚਾਰ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵੱਲੋਂ ਪਿੰਡ ਲਾਲੇਆਣਾ ਵਿੱਚ ਕਿਸਾਨਾਂ ਨੂੰ ਨਦੀਨ ਨਾਸ਼ਕਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਕਹੇ।
ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੇ ਤੌਰ ਤੇ ਜਾਂ ਆਂਢੀ ਗੁਆਂਢੀ ਕਿਸਾਨਾਂ ਜਾਂ ਦੁਕਾਨਦਾਰਾਂ ਦੇ ਕਹੇ ਤੇ ਨਦੀਨਾਂ ਦੀ ਰੋਕਥਾਮ ਲਈ ਦੋ ਜਾਂ ਦੋਂ ਤੋਂ ਵੱਧ ਨਦੀਨਨਾਸ਼ਕਾਂ ਦਾ ਮਿਸ਼ਰਣ ਬਣਾ ਕੇ ਛਿੜਕਾਅ ਕੀਤਾ ਜਾਂਦਾ ਹੈ ਜਿਸ ਨਾਲ ਕਣਕ ਦੀ ਫਸਲ ਵੀ ਪ੍ਰਭਾਵਤ ਹੁੰਦੀ ਹੈ।ਉਨਾਂ ਦੱਸਿਆ ਕਿ ਕਣਕ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ਾਂ ਦੇ ਉਲਟ ਨਦੀਨਨਾਸ਼ਕਾਂ ਦਾ ਛਿੜਕਾਅ ਕਰਨ ਨਾਲ ਆਉਣ ਵਾਲੇ ਸਮੇਂ ਵਿੱਚ ਨਦੀਨਾਂ ਵਿੱਚ ਰੋਧਕ ਸ਼ਕਤੀ ਵਧਣ ਦੀਆਂ ਸੰਭਾਵਨਾਂ ਹਨ।
ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਘਾਹ ਵਾਲੇ ਨਦੀਨਾਂ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਲਈ ਵਰਤੀਆਂ ਜਾ ਰਹੀਆ ਨਦੀਨਨਾਸ਼ਕਾਂ ਤੋਂ ਇਲਾਵਾ ਕਲੋਡੀਨਿੋਫਾਪ ਜਾਂ ਹੋਰ ਕਿਸੇ ਨਦੀਨ ਨਾਸ਼ਕ ਵਿੱਚ ਮੈਟਰੀਬਿਊਜ਼ਨ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾ ਰਹੀ ਹੈ,ਜੋ ਗੈਰਸਿਫਾਰਸ਼ਸ਼ੁਦਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੈਟਰੀਬਿਉਜ਼ਨ ਨਦੀਨਨਾਸ਼ਕ ਨੂੰ ਘਾਹ ਵਾਲੇ ਨਦੀਨਾਂ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਵਰਤੀਆਂ ਜਾਂਦੀਆਂ ਨਦੀਨਨਾਸ਼ਕਾਂ ਨਾਲ ਘੋਲ ਕੇ ਛਿੜਕਾਅ ਨਾਂ ਕਰਨ।
ਉਨਾਂ ਕਿਹਾ ਕਿ ਆਪਣੇ ਤੌਰ ਤੇ ਮਿਸ਼ਰਣ ਬਨਾਉਣ ਦੀ ਬਿਜਾਏ ਬਾਜ਼ਾਰ ਵਿੱਚ ਉਪਲਬਧ ਮਿਸ਼ਰਤ ਨਦੀਨਨਾਸ਼ਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨਾਂ ਨੇ ਕਿਹਾ ਕਿ ਨਦੀਨਨਾਸ਼ਕਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਛਿੜਕਾਅ ਦਾ ਤਰੀਕਾ,ਸਮਾਂ ਅਤੇ ਮਾਤਰਾ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ।ਉਨਾਂ ਦੱਸਿਆ ਨਦੀਨਾਂ ਵਿੱਚ ਕਿਸੇ ਨਦੀਨਨਾਸ਼ਕ ਪ੍ਰਤੀ ਰੋਧਣ ਸ਼ਕਤੀ ਪੈਦਾ ਹੋਣ ਤੋਂ ਰੋਕਣ ਲਈ ਨਦੀਨਾਸ਼ਕਾਂ ਦੀ ਹਰੇਕ ਸਾਲ ਅਦਲ ਬਦਲ ਕੇ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਛਿੜਕਾਅ ਸਾਫ ਮੌਸਮ ਵਿੱਚ ਅਤੇ ਇਕਸਾਰ ਕਰਨਾ ਚਾਹੀਦਾ। ਉਨਾਂ ਨੇ ਕਿਹਾ ਕਿ ਛਿੜਕਾਅ ਕਰਨ ਸਮੇਂ ਨੋਜ਼ਲ ਦੀ ਉਚਾਈ ਫਸਲ ਤੋਂ ਤਕਰੀਬਨ 1.5 (ਡੇਢ ਫੁੱਟ) ਦੀ ਉਚਾਈ ਤੇ ਰੱਖੋ ਅਤੇ ਨੋਜ਼ਲ ਦਾ ਕੱਟ ਜ਼ਮੀਨ ਵੱਲ ਨੂੰ ਕਰਕੇ ਛਿੜਕਾਅ ਸਿੱਧੀਆਂ ਪੱਟੀਆਂ ਵਿੱਚ ਆਰਾਮ ਨਾਲ ਇਕਸਾਰ ਕਰਨਾ ਚਾਹੀਦਾ ਹੈ।
ਬਲਾਕ ਖੇਤੀਬਾੜੀ ਅਫ਼ਸਰ ਡਾਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਛਿੜਕਾਅ ਕਰਦੇ ਸਮੇਂ ਨੋਜ਼ਲ ਨੂੰ ਇਧਰ ਉਧਰ ਨਾਂ ਘੁਮਾਉ । ਉਨਾਂ ਕਿਹਾ ਕਿ ਜੇਕਰ ਖੇਤ ਵਿੱਚ ਸਲਫੋਸਲਫੂਰਾਨ ਨਾਮਕ ਨਦੀਨ ਨਾਸ਼ਕ ਦੀ ਵਰਤੋਂ ਕੀਤੀ ਹੋਵੇ ਤਾਂ ਸਾਉਣੀ ਸਮੇਂ ਉਨਾਂ ਖੇਤਾਂ ਵਿੱਚ ਚਰ੍ਹੀ ਜਾਂ ਮੱਕੀ ਦੀ ਕਾਸ਼ਤ ਨਾਂ ਕਰੋ। ਉਨਾਂ ਕਿਹਾ ਕਿ ਨਦੀਨਨਾਸ਼ਕਾਂ ਦੇ ਛਿੜਕਾਅ ਤੋਂ ਬਾਅਦ ਸਪਰੇਅ ਪੰਪ ਨੂੰ ਪਾਣੀ ਨਾਲ ਧੋ ਕੇ ਅਤੇ ਫਿਰ ਕੱਪੜੇ ਧੋਣ ਵਾਲੇ ਸੋਢੇ ਦੇ 0.5 ਫੀਸਦੀ ਘੋਲ ਨਾਲ ਚੰਗੀ ਤਰਾਂ ਧੋ ਲੈਣਾ ਚਾਹੀਦਾ। ਉਨਾਂ ਕਿਹਾ ਕਿ ਔਕਾਰਡਪਲੱਸ ਨਦੀਨਨਾਸ਼ਕ ਨੂੰ ਕਣਕ ਦੀ ਕਿਸਮ ਪੀ ਬੀ ਡਬਲਿਯੂ ਆਰ ਐਸ 1 ਅਤੇ ਉੱਨਤ ਪੀ ਬੀ ਡਬਲਿਯੂ 550 ਉੱਪਰ ਨਹੀਂ ਵਰਤਣੀ ਚਾਹੀਦੀ।ਉਨਾਂ ਦੱਸਿਆ ਕਿ ਜਿੰਨਾਂ ਖੇਤਾਂ ਵਿੱਚ ਗੁੱਲੀ ਡੰਡਾ ਨਾਮਕ ਨਦੀਨ ਪ੍ਰਚਲਿਤ ਨਦੀਨਨਾਸ਼ਕਾਂ ਨਾਲ ਨਾਂ ਮਰਦਾ ਹੋਵੇ ਉਥੇ ਸ਼ਗਨ 21-11 ਜਾਂ ਏ ਸੀ ਐਮ 9 ਨਦੀਨਨਾਸ਼ਕ ਦੀ ਵਰਤੋਂ ਕਰਨੀ ਚਾਹੀਦੀ ਹੈ ਪ੍ਰੰਤੂ ਇਨਾਂ ਨਦੀਨਨਾਸ਼ਕਾਂ ਦੀ ਵਰਤੋਂ ਹਲਕੀਆਂ ਜ਼ਮੀਨਾਂ ਵਿੱਚ ਨਹੀਂ ਕਰਨੀ ਚਾਹੀਦੀ।