ਅਬੋਹਰ, ਫਾਜ਼ਿਲਕਾ, 15 ਮਾਰਚ
ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਗਾਵਾਂ ਨੂੰ ਲੰਪੀ ਸਕਿਨ ਬੀਮਾਰੀ ਤੋਂ ਬਚਾਉਣ ਲਈ ਰਾਜ ਪੱਧਰੀ ਟੀਕਾਕਰਨ ਮੁਹਿੰਮ ਜਿਸ ਦਾ ਉਦਘਾਟਨ ਸ ਗੁਰਮੀਤ ਸਿੰਘ ਖੁੱਡੀਆਂ ਮਾਨਯੋਗ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਪੰਜਾਬ ਨੇ ਕੀਤਾ ਹੈ।
ਇਸ ਤਹਿਤ ਡਾ ਗੁਰਸ਼ਰਨਜੀਤ ਸਿੰਘ ਬੇਦੀ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ ਰਾਜੀਵ ਛਾਬੜਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਾਜਿਲਕਾ ਦੀ ਅਗਵਾਈ ਹੇਠ ਗਊਸ਼ਾਲਾ ਮੈਨੇਜਿੰਗ ਕਮੇਟੀ ਅਬੋਹਰ ਵਿਖੇ ਟੀਕਾਕਰਨ ਦੀ ਸ਼ੁਰੂਆਤ ਡਾ ਮਨਦੀਪ ਸਿੰਘ ਸੀਨੀਅਰ ਵੈਟਨਰੀ ਅਫਸਰ ਅਬੋਹਰ ਦੁਆਰਾ ਕਰਵਾਈ ਗਈ।
ਉਹਨਾਂ ਨੇ ਕਿਹਾ ਕਿ ਇਸ ਟੀਕਾਕਰਨ ਮੁਹਿੰਮ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਤਹਿਸੀਲ ਅਬੋਹਰ ਵਿਖੇ ਗੋਟ ਪੋਕਸ ਵੈਕਸੀਨ ਦੀਆਂ 61700 ਖੁਰਾਕਾਂ ਭੇਜੀਆ ਗਈਆਂ ਹਨ।ਉਹਨਾਂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿਚ ਘਰ—ਘਰ ਜਾ ਕੇ ਗਾਵਾਂ ਦਾ ਟੀਕਾਕਰਨ ਬਿਲਕੱੁਲ ਮੁਫਤ ਕੀਤਾ ਜਾਵੇਗਾ।ਉਹਨਾਂ ਨੇ ਪਸ਼ੂ ਪਾਲਕਾਂ ਨੂੰ ਇਸ ਮੁਹਿੰਮ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।
ਡਾ ਅਮਿਤ ਨੈਨ ਵੈਟਨਰੀ ਅਫਸਰ ਅਬੋਹਰ ਨੇ ਕਿਹਾ ਕਿ ਲੰਪੀ ਸਕਿਨ ਬੀਮਾਰੀ ਵਿਸ਼ਾਣੂ ਨਾਲ ਫੈਲਣ ਵਾਲੀ ਬੀਮਾਰੀ ਹੈ ਜੋ ਗੋਕਿਆਂ ਨੂੰ ਜਿਆਦਾ ਪ੍ਰਭਾਵਿਤ ਕਰਦੀ ਹੈ।ਉਹਨਾਂ ਨੇ ਕਿਹਾ ਕਿ ਗਾਵਾਂ ਨੂੰ ਬੀਮਾਰੀ ਹੋਣ ਤੋਂ ਬਾਅਦ ਉਸਦੀ ਦੁੱਧ ਦੀ ਪੈਦਾਵਾਰ ਵਿਚ ਕਾਫੀ ਗਿਰਾਵਟ ਆ ਜਾਂਦੀ ਹੈ ਅਤੇ ਕਈ ਵਾਰ ਪਸ਼ੂਆਂ ਵਿਚ ਲੰਮੇ ਸਮੇਂ ਲਈ ਬਾਂਝਪਨ ਵੀ ਆ ਸਕਦਾ ਹੈ। ਉਹਨਾਂ ਨੇ ਕਿਹਾ ਗੋਕਿਆਂ ਨੂੰ ਅਗਾਊ ਟੀਕਾਕਰਨ ਕਰਵਾਉਣ ਨਾਲ ਇਸ ਬੀਮਾਰੀ ਨਾਲ ਹੋਣ ਵਾਲੇ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਸ਼੍ਰੀ ਫਕੀਰ ਚੰਦ ਗੋਇਲ ਪ੍ਰਧਾਨ ਗਊਸ਼ਾਲਾ ਮੈਨੇਜਿੰਗ ਕਮੇਟੀ ਅਬੋਹਰ ਨੇ ਪਸ਼ੂ ਪਾਲਣ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਸ਼੍ਰੀ ਵੀਨਮ ਕੁਮਾਰ, ਸ਼੍ਰੀ ਕਮਲ ਮਿੱਤਲ, ਪ੍ਰਿਥੀ ਚੰਦ ਗਰਗ, ਰਾਜਿੰਦਰ ਬਾਘਲਾ ਵਿਸ਼ੇਸ਼ ਤੌਰ ਤੇ ਹਾਜਰ ਸਨ।
ਗਾਵਾਂ ਨੂੰ ਲੰਪੀ ਸਕਿਨ ਬੀਮਾਰੀ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਤਹਿਸੀਲ ਅਬੋਹਰ ਵਿਖੇ ਟੀਕਾਕਰਨ ਦੀ ਸ਼ੁਰੂਆਤ
Date: