ਬਿਲਾਵਲੁ ਮਹਲਾ ੫ ॥
ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ ॥ ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥੧॥ ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ ॥ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪੁ ਜਪਨਾ ॥੧॥ ਰਹਾਉ ॥ ਹਰਿ ਰਸੁ ਚਾਖਤ ਧ੍ਰਾਪਿਆ ਮਨਿ ਰਸੁ ਲੈ ਹਸਨਾ ॥ ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲੁ ਬਿਗਸਨਾ ॥੨॥ ਸੀਤਲ ਸਾਂਤਿ ਸੰਤੋਖੁ ਹੋਇ ਸਭ ਬੂਝੀ ਤ੍ਰਿਸਨਾ ॥ ਦਹ ਦਿਸ ਧਾਵਤ ਮਿਟਿ ਗਏ ਨਿਰਮਲ ਥਾਨਿ ਬਸਨਾ ॥੩॥ ਰਾਖਨਹਾਰੈ ਰਾਖਿਆ ਭਏ ਭ੍ਰਮ ਭਸਨਾ ॥ ਨਾਮੁ ਨਿਧਾਨ ਨਾਨਕ ਸੁਖੀ ਪੇਖਿ ਸਾਧ ਦਰਸਨਾ ॥੪॥੧੩॥੪੩॥
ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਜਪਿਆਂ (ਮਨੁੱਖ ਦੀ) ਜੀਭ ਪਵਿੱਤਰ ਹੋ ਜਾਂਦੀ ਹੈ। ਗੁਰੂ ਦਾ (ਦੱਸਿਆ ਹੋਇਆ ਹਰਿ-ਨਾਮ ਦਾ) ਜਾਪ ਜਪਿਆਂ ਮਨ ਪਵਿੱਤਰ ਹੋ ਜਾਂਦਾ ਹੈ, ਸਰੀਰ ਪਵਿੱਤਰ ਹੋ ਜਾਂਦਾ ਹੈ।੧।ਰਹਾਉ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ। (ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਨਾਲ (ਸਾਂਝ ਬਣਿਆਂ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਦਾ ਹੈ, ਜਿਸ ਕਰਕੇ ਜਨਮ ਮਰਨ ਦੇ ਗੇੜ ਵਿਚ ਨਹੀਂ ਫਸੀਦਾ।੧। (ਹੇ ਭਾਈ! ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਦਾ ਰਸ ਚੱਖਿਆਂ (ਮਾਇਆ ਦੇ ਲਾਲਚ ਵਲੋਂ) ਰੱਜ ਜਾਈਦਾ ਹੈ, ਪਰਮਾਤਮਾ ਦਾ ਨਾਮ-ਰਸ ਮਨ ਵਿਚ ਵਸਾ ਕੇ ਸਦਾ ਖਿੜੇ ਰਹੀਦਾ ਹੈ। ਬੁੱਧੀ ਵਿਚ (ਸਹੀ ਜੀਵਨ ਦਾ) ਚਾਨਣ ਹੋ ਜਾਂਦਾ ਹੈ, ਬੁੱਧੀ ਉੱਜਲ ਹੋ ਜਾਂਦੀ ਹੈ। ਹਿਰਦਾ-ਕੌਲ (ਮਾਇਆ ਦੇ ਮੋਹ ਵਲੋਂ) ਪਰਤ ਕੇ ਸਦਾ ਖਿੜਿਆ ਰਹਿੰਦਾ ਹੈ।੨। (ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਜਾਪ ਕੀਤਿਆਂ ਮਨੁੱਖ ਦਾ ਮਨ) ਠੰਢਾ-ਠਾਰ ਹੋ ਜਾਂਦਾ ਹੈ, (ਮਨ ਵਿਚ) ਸ਼ਾਂਤੀ ਤੇ ਸੰਤੋਖ ਪੈਦਾ ਹੋ ਜਾਂਦਾ ਹੈ, ਮਾਇਆ ਵਾਲੀ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ। (ਮਾਇਆ ਦੀ ਖ਼ਾਤਰ) ਦਸੀਂ ਪਾਸੀਂ (ਸਾਰੇ ਜਗਤ ਵਿਚ) ਦੌੜ-ਭੱਜ ਮਿਟ ਜਾਂਦੀ ਹੈ, (ਪ੍ਰਭੂ ਦੇ ਚਰਨਾਂ ਦੇ) ਪਵਿੱਤਰ ਥਾਂ ਵਿਚ ਨਿਵਾਸ ਹੋ ਜਾਂਦਾ ਹੈ।੩। ਹੇ ਨਾਨਕ! ਰੱਖਿਆ ਕਰਨ ਦੇ ਸਮਰੱਥ ਪ੍ਰਭੂ ਨੇ ਜਿਸ ਮਨੁੱਖ ਦੀ (ਵਿਕਾਰਾਂ ਵਲੋਂ) ਰਾਖੀ ਕੀਤੀ, ਉਸ ਦੀਆਂ ਸਾਰੀਆਂ ਹੀ ਭਟਕਣਾਂ (ਸੜ ਕੇ) ਸੁਆਹ ਹੋ ਗਈਆਂ। ਗੁਰੂ ਦਾ ਦਰਸਨ ਕਰ ਕੇ ਉਸ ਮਨੁੱਖ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ (ਜੋ, ਮਾਨੋ, ਦੁਨੀਆ ਦੇ ਸਾਰੇ ਹੀ) ਖ਼ਜ਼ਾਨੇ (ਹੈ) , (ਤੇ ਨਾਮ ਦੀ ਬਰਕਤਿ ਨਾਲ ਉਹ ਸਦਾ ਲਈ) ਸੁਖੀ ਹੋ ਗਿਆ।੪।੧੩।੪੩।