Friday, January 10, 2025

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (4 ਜਨਵਰੀ 2024)

Date:

ਰਾਮਕਲੀ ਮਹਲਾ ੫ ॥

ਦੀਨੋ ਨਾਮੁ ਕੀਓ ਪਵਿਤੁ ॥ ਹਰਿ ਧਨੁ ਰਾਸਿ ਨਿਰਾਸ ਇਹ ਬਿਤੁ ॥ ਕਾਟੀ ਬੰਧਿ ਹਰਿ ਸੇਵਾ ਲਾਏ ॥ ਹਰਿ ਹਰਿ ਭਗਤਿ ਰਾਮ ਗੁਣ ਗਾਏ ॥੧॥ ਬਾਜੇ ਅਨਹਦ ਬਾਜਾ ॥ ਰਸਕਿ ਰਸਕਿ ਗੁਣ ਗਾਵਹਿ ਹਰਿ ਜਨ ਅਪਨੈ ਗੁਰਦੇਵਿ ਨਿਵਾਜਾ ॥੧॥ ਰਹਾਉ ॥ ਆਇ ਬਨਿਓ ਪੂਰਬਲਾ ਭਾਗੁ ॥ ਜਨਮ ਜਨਮ ਕਾ ਸੋਇਆ ਜਾਗੁ ॥ ਗਈ ਗਿਲਾਨਿ ਸਾਧ ਕੈ ਸੰਗਿ ॥ ਮਨੁ ਤਨੁ ਰਾਤੋ ਹਰਿ ਕੈ ਰੰਗਿ ॥੨॥ ਰਾਖੇ ਰਾਖਨਹਾਰ ਦਇਆਲ ॥ ਨਾ ਕਿਛੁ ਸੇਵਾ ਨਾ ਕਿਛੁ ਘਾਲ ॥ ਕਰਿ ਕਿਰਪਾ ਪ੍ਰਭਿ ਕੀਨੀ ਦਇਆ ॥ ਬੂਡਤ ਦੁਖ ਮਹਿ ਕਾਢਿ ਲਇਆ ॥੩॥ ਸੁਣਿ ਸੁਣਿ ਉਪਜਿਓ ਮਨ ਮਹਿ ਚਾਉ ॥ ਆਠ ਪਹਰ ਹਰਿ ਕੇ ਗੁਣ ਗਾਉ ॥ ਗਾਵਤ ਗਾਵਤ ਪਰਮ ਗਤਿ ਪਾਈ ॥ ਗੁਰ ਪ੍ਰਸਾਦਿ ਨਾਨਕ ਲਿਵ ਲਾਈ ॥੪॥੨੦॥੩੧॥

ਵੀਰਵਾਰ, ੨੦ ਪੋਹ (ਸੰਮਤ ੫੫੫ ਨਾਨਕਸ਼ਾਹੀ) ੪ ਜਨਵਰੀ, ੨੦੨੪   (ਅੰਗ: ੮੯੨)

ਰਾਮਕਲੀ ਮਹਲਾ ੫ ॥

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ) ਨਾਮ ਦੇ ਦਿੱਤਾ, (ਉਸ ਦਾ ਜੀਵਨ) ਪਵਿੱਤਰ ਬਣਾ ਦਿੱਤਾ । (ਜਿਸ ਨੂੰ ਗੁਰੂ ਨੇ) ਹਰਿ-ਨਾਮ ਧਨ ਸਰਮਾਇਆ (ਬਖ਼ਸ਼ਿਆ, ਦੁਨੀਆ ਵਾਲਾ) ਇਹ ਧਨ (ਵੇਖ ਕੇ), ਉਹ (ਇਸ ਵਲੋਂ) ਉਪਰਾਮ-ਚਿੱਤ ਹੀ ਰਹਿੰਦਾ ਹੈ । (ਗੁਰੂ ਨੇ ਜਿਸ ਮਨੁੱਖ ਦੇ ਜੀਵਨ-ਰਾਹ ਵਿਚੋਂ ਮਾਇਆ ਦੇ ਮੋਹ ਦੀ) ਰੁਕਾਵਟ ਕੱਟ ਦਿੱਤੀ, ਉਸ ਨੂੰ ਉਸ ਨੇ ਪਰਮਾਤਮਾ ਦੀ ਭਗਤੀ ਵਿਚ ਜੋੜ ਦਿੱਤਾ, ਉਹ ਮਨੁੱਖ (ਸਦਾ) ਪਰਮਾਤਮਾ ਦੀ ਭਗਤੀ ਕਰਦਾ ਹੈ, (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ । (ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ) ਆਪਣੇ (ਪਿਆਰੇ) ਗੁਰਦੇਵ ਨੇ ਮਿਹਰ ਕੀਤੀ, ਹਰੀ ਦੇ ਉਹ ਸੇਵਕ ਬੜੇ ਆਨੰਦ ਨਾਲ ਹਰੀ ਦੇ ਗੁਣ ਗਾਂਦੇ ਰਹਿੰਦੇ ਹਨ । ਉਹਨਾਂ ਦੇ ਅੰਦਰ (ਇਉਂ ਖਿੜਾਉ ਬਣਿਆ ਰਹਿੰਦਾ ਹੈ, ਮਾਨੋ, ਉਹਨਾਂ ਦੇ ਅੰਦਰ) ਇੱਕ-ਰਸ ਵਾਜੇ ਵੱਜ ਰਹੇ ਹਨ ।੧।ਰਹਾਉ।(ਹੇ ਭਾਈ!) ਗੁਰੂ ਦੀ ਸੰਗਤਿ ਵਿਚ (ਰਿਹਾਂ ਮਨੁੱਖ ਦੇ ਅੰਦਰੋਂ ਦੂਜਿਆਂ ਵਾਸਤੇ) ਨਫ਼ਰਤ ਦੂਰ ਹੋ ਜਾਂਦੀ ਹੈ, ਮਨੁੱਖ ਦਾ ਮਨ ਤੇ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ । (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਕਈ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ, (ਸੰਗਤਿ ਦਾ ਸਦਕਾ) ਉਸ ਦਾ ਪਹਿਲੇ ਜਨਮਾਂ ਦਾ ਚੰਗਾ ਭਾਗ ਮਿਲਣ ਦਾ ਸਬੱਬ ਆ ਬਣਦਾ ਹੈ ।੨।(ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਿਹਾਂ ਜਿਸ ਮਨੁੱਖ ਉੱਤੇ) ਪ੍ਰਭੂ ਨੇ ਕਿਰਪਾ ਕੀਤੀ, ਦਇਆ ਕੀਤੀ, ਉਸ ਨੂੰ ਦੁੱਖਾਂ ਵਿਚ ਡੁੱਬਦੇ ਨੂੰ (ਪ੍ਰਭੂ ਨੇ ਬਾਹੋਂ ਫੜ ਕੇ) ਬਚਾ ਲਿਆ, ਪ੍ਰਭੂ ਨੇ ਉਸ ਦੀ ਕੀਤੀ ਕੋਈ ਸੇਵਾ ਨਹੀਂ ਵੇਖੀ ਕੋਈ ਮਿਹਨਤ ਨਹੀਂ ਵੇਖੀ, (ਦੁੱਖਾਂ ਤੋਂ) ਬਚਾਣ ਦੀ ਸਮਰੱਥਾ ਵਾਲੇ ਨੇ ਦਇਆ ਦੇ ਸੋਮੇ ਨੇ ਉਸ ਦੀ ਰੱਖਿਆ ਕਰ ਦਿੱਤੀ ।੩।ਹੇ ਨਾਨਕ! (ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ) ਮੁੜ ਮੁੜ ਸੁਣ ਕੇ (ਜਿਸ ਮਨੁੱਖ ਦੇ) ਮਨ ਵਿਚ (ਸਿਫ਼ਤਿ-ਸਾਲਾਹ ਕਰਨ ਦਾ) ਚਾਉ ਪੈਦਾ ਹੋ ਗਿਆ, ਉਹ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਣ ਲੱਗ ਪਿਆ । (ਗੁਣ) ਗਾਂਦਿਆਂ ਗਾਂਦਿਆਂ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ । ਗੁਰੂ ਦੀ ਕਿਰਪਾ ਨਾਲ ਉਸ ਨੇ (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਲਈ ।੪।੨੦।੩੧।

Share post:

Subscribe

spot_imgspot_img

Popular

More like this
Related

ਮੋਦੀ ਨੂੰ ਕਹੋ ਮੰਗਾਂ ਮੰਨਣ, ਮੈਂ ਮਰਨ ਵਰਤ ਛੱਡ ਦੇਵਾਂਗਾ – ਡੱਲੇਵਾਲ

Farmer Protest Supreme Court ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ...

ਸੜ ਕੇ ਸੁਆਹ ਹੋ ਰਿਹਾ ਹਾਲੀਵੁੱਡ ! ਅਮਰੀਕਾ ਦੇ ਜੰਗਲਾਂ ‘ਚ ਤਬਾਹੀ ਦਾ ਮੰਜ਼ਰ ਜਾਰੀ

Los Angeles Fire Tragedy ਦੁਨੀਆ ਵਿੱਚ ਸੁਪਰਪਾਵਰ ਆਖਿਆ ਜਾਣ ਵਾਲਾ...

CM ਭਗਵੰਤ ਮਾਨ ਦਾ PM ਮੋਦੀ ਨੂੰ ਵੱਡਾ ਝਟਕਾ! ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀ ਨੀਤੀ ਖਰੜਾ ਰੱਦ

Agriculture Marketing Policy Draft ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਮੁੱਖ...