Wednesday, January 22, 2025

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (27 ਜਨਵਰੀ 2024)

Date:

ਵਡਹੰਸੁ ਮਹਲਾ ੧ ਘਰੁ ੨ ॥ 

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥ ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥ ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥ ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥ ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥ ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥ ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥ ਜੋ ਸਹ ਕੰਠਿ ਨ ਲਗੀਆ ਜਲਨੁ ਸੇ ਬਾਹੜੀਆਹਾ ॥ ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥ ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥ ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ ॥ ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥ ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ ॥ ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥ ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥ ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ ॥ ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ ॥ ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥ ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥ ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥੧॥੩॥

ਸ਼ਨਿਚਰਵਾਰ, ੧੪ ਮਾਘ (ਸੰਮਤ ੫੫੫ ਨਾਨਕਸ਼ਾਹੀ) ੨੭ ਜਨਵਰੀ, ੨੦੨੪   (ਅੰਗ: ੫੫੭)

ਵਡਹੰਸੁ ਮਹਲਾ ੧ ਘਰੁ ੨ ॥

ਹੇ ਭੈਣ! ਸਾਵਣ ਦਾ ਮਹੀਨਾ ਆ ਗਿਆ ਹੈ, ਸਾਵਣ ਦੀਆਂ ਕਾਲੀਆਂ ਘਟਾਂ ਵੇਖ ਕੇ ਸੋਹਣੇ ਮੋਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ ਤੇ ਪੈਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹੇ ਪ੍ਰਭੂ! ਤੇਰੀ ਇਹ ਸੋਹਣੀ ਕੁਦਰਤਿ ਮੈਂ ਜੀਵ ਇਸਤਰੀ ਵਾਸਤੇ, ਮਾਨੋ, ਕਟਾਰ ਹੈ, ਜੋ ਮੇਰੇ ਅੰਦਰ ਬਿਰਹੋਂ ਦੀ ਚੋਟ ਲਾ ਰਹੀ ਹੈ, ਇਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ ਤੇ ਮੈਨੂੰ ਤੇਰੇ ਚਰਨਾਂ ਵਿਚ ਖਿੱਚੀ ਜਾ ਰਹੀ ਹੈ। ਹੇ ਪ੍ਰਭੂ! ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿਸ ਰਿਹਾ ਹੈ ਮੈਂ ਸਦਕੇ ਹਾਂ ਸਦਕੇ ਹਾਂ ਤੇਰਾ ਇਹ ਸਰੂਪ ਮੈਨੂੰ ਤੇਰਾ ਨਾਮ ਚੇਤੇ ਕਰਾ ਰਿਹਾ ਹੈ, ਤੇ ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ।ਹੇ ਪ੍ਰਭੂ! ਚੂੰਕਿ ਤੂੰ ਇਸ ਕੁਦਰਤਿ ਵਿਚ ਮੈਨੂੰ ਦਿਸ ਰਿਹਾ ਹੈਂ, ਮੈਂ ਆਖਣ ਦਾ ਹੌਸਲਾ ਕੀਤਾ ਹੈ ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ। ਜੇ ਕੁਦਰਤਿ ਵਿਚ ਤੂੰ ਨਾਂ ਦਿੱਸੇ ਤਾਂ ਇਹ ਆਖਣ ਵਿਚ ਕੀ ਸਵਾਦ ਰਹਿ ਜਾਏ ਕਿ ਇਹ ਕੁਦਰਤਿ ਸੋਹਣੀ ਹੈ? ਹੇ ਭੋਲੀ ਇਸਤ੍ਰੀਏ! ਤੂੰ ਪਤੀ ਨੂੰ ਮਿਲਣ ਲਈ ਆਪਣੀਆਂ ਬਾਹਾਂ ਵਿਚ ਚੂੜਾ ਪਾਇਆ ਤੇ ਹੋਰ ਭੀ ਕਈ ਸ਼ਿੰਗਾਰ ਕੀਤੇ, ਪਰ ਹੇ ਇਤਨੇ ਸ਼ਿੰਗਾਰ ਕਰਦੀਏ ਨਾਰੇ! ਜੇ ਤੇਰਾ ਪਤੀ ਫੇਰ ਭੀ ਹੋਰਨਾਂ ਨਾਲ ਹੀ ਪਿਆਰ ਕਰਦਾ ਰਿਹਾ ਤਾਂ ਇਹਨਾਂ ਸ਼ਿੰਗਾਰਾਂ ਦਾ ਕੀ ਲਾਭ?, ਫੇਰ ਪਲੰਘ ਨਾਲ ਮਾਰ ਕੇ ਆਪਣਾ ਚੂੜਾ ਭੰਨ ਦੇਹ, ਪਲੰਗ ਦੀਆਂ ਹੀਆਂ ਭੀ ਭੰਨ ਦੇਹ, ਤੇ ਆਪਣੀਆਂ ਸਜਾਈਆਂ ਬਾਹਾਂ ਭੀ ਭੰਨ ਦੇਹ ਕਿਉਂ ਕਿ ਨਾਂਹ ਇਹਨਾਂ ਬਾਹਾਂ ਨੂੰ ਸਜਾਉਣ ਵਾਲਾ ਮੁਨਿਆਰ ਹੀ ਤੇਰਾ ਕੁਝ ਸੁਆਰ ਸਕਿਆ, ਨਾਂਹ ਹੀ ਉਸਦੀਆ ਦਿੱਤੀਆਂ ਚੂੜੀਆਂ ਤੇ ਵੰਗਾਂ ਕਿਸੇ ਕੰਮ ਆਈਆਂ।ਸੜ ਜਾਣ ਉਹ ਸਜਾਈਆਂ ਬਾਹਾਂ ਜੋ ਖਸਮ ਦੇ ਗਲ ਨਾਂ ਲੱਗ ਸਕੀਆਂ। ਭਾਵ, ਜੇ ਜੀਵ-ਇਸਤ੍ਰੀ ਸਾਰੀ ਉਮਰ ਧਾਰਮਿਕ ਭੇਖ ਕਰਨ ਵਿਚ ਹੀ ਗੁਜ਼ਾਰ ਦੇਵੇ, ਇਸ ਨੂੰ ਧਰਮ-ਉਪਦੇਸ ਦੇਣ ਵਾਲਾ ਭੀ ਜੇ ਬਾਹਰਲੇ ਭੇਖ ਵਲ ਹੀ ਪ੍ਰੇਰਦਾ ਰਹੇ, ਤਾਂ ਇਹ ਸਾਰੇ ਉੱਦਮ ਵਿਅਰਥ ਚਲੇ ਗਏ, ਕਿਉਂਕਿ ਧਾਰਮਿਕ ਭੇਖਾਂ ਨਾਲ ਪਰਮਾਤਮਾ ਨੂੰ ਪ੍ਰਸੰਨ ਨਹੀਂ ਕਰ ਸਕੀਦਾ। ਉਸ ਦੇ ਨਾਲ ਤਾਂ ਸਿਰਫ਼ ਆਤਮਕ ਮਿਲਾਪ ਹੀ ਹੋ ਸਕਦਾ ਹੈ। ਪ੍ਰਭੂ-ਚਰਨਾਂ ਵਿਚ ਜੁੜਨ ਵਾਲੀਆਂ ਸਾਰੀਆਂ ਸਹੇਲੀਆਂ ਤਾਂ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦੇ ਜਤਨ ਕਰ ਰਹੀਆਂ ਹਨ ਪਰ ਮੈਂ ਜੇਹੜੀ ਨਿਰੇ ਵਿਖਾਵੇ ਦੇ ਹੀ ਧਰਮ-ਭੇਖ ਕਰਦੀ ਰਹੀ ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ? ਹੇ ਸਖੀ! ਮੈ ਇਹਨਾਂ ਧਰਮ-ਭੇਖਾਂ ਤੇ ਹੀ ਟੇਕ ਰੱਖ ਕੇ ਆਪਣੇ ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ। ਪਰ, ਪ੍ਰਭੂ ਪਤੀ! ਕਿਸੇ ਇੱਕ ਭੀ ਗੁਣ ਕਰ ਕੇ ਮੈਂ ਤੈਨੂੰ ਪਸੰਦ ਨਹੀਂ ਆ ਰਹੀ। ਮੈ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ, ਮੇਰੀਆਂ ਪੱਟੀਆਂ ਦੇ ਚੀਰ ਵਿਚ ਸੰਧੂਰ ਭੀ ਭਰਿਆ ਜਾਂਦਾ ਹੈ, ਪਰ ਤੇਰੀ ਹਜ਼ੂਰੀ ਵਿਚ ਮੈਂ ਫਿਰ ਭੀ ਪ੍ਰਵਾਨ ਨਹੀਂ ਹੋ ਰਹੀ, ਇਸ ਵਾਸਤੇ ਝੂਰ ਝੂਰ ਕੇ ਮਰ ਰਹੀ ਹਾਂ। ਪ੍ਰਭੂ ਪਤੀ ਤੋਂ ਵਿਛੁੜ ਕੇ ਮੈਂ ਇਤਨੀ ਦੁਖੀ ਹੋ ਰਹੀ ਹਾਂ ਕਿ ਸਾਰਾ ਜਗਤ ਮੇਰੇ ੳੱਤੇ ਤਰਸ ਕਰ ਰਿਹਾ ਹੈ, ਜੰਗਲ ਦੇ ਪੰਛੀ ਭੀ ਮੇਰੀ ਦੁਖੀ ਹਾਲਤ ਤੇ ਤਰਸ ਕਰ ਰਹੇ ਹਨ। ਸਿਰਫ਼ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ, ਜੋ ਮੇਰੀ ਖ਼ਲਾਸੀ ਨਹੀਂ ਕਰਦਾ, ਇਸੇ ਨੇ ਮੈਨੂੰ ਪ੍ਰਭੂ-ਪਤੀ ਤੋਂ ਵਿਛੋੜਿਆ ਹੋਇਆ ਹੈ। ਹੇ ਪਤੀ! ਮੈਨੂੰ ਤੂੰ ਸੁਪਨੇ ਵਿਚ ਮਿਲiਆ, ਸੁਪਨਾ ਮੁੱਕਿਆ, ਤੇ ਤੂੰ ਫਿਰ ਚਲਾ ਗਿਆ, ਵਿਛੋੜੇ ਦੇ ਦੁੱਖ ਵਿਚ ਮੈਂ ਹੰਝੂ ਭਰ ਕੇ ਰੋਈ। ਹੇ ਪਿਆਰੇ! ਮੈਂ ਨਿਮਾਣੀਂ ਤੇਰੇ ਪਾਸ ਅੱਪੜ ਨਹੀਂ ਸਕਦੀ, ਮੈਂ ਗ਼ਰੀਬ ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ ਜੋ ਮੇਰੀ ਹਾਲਤ ਤੈਨੂੰ ਦੱਸੇ। ਨੀਂਦ ਅੱਗੇ ਹੀ ਤਰਲੇ ਕਰਦੀ ਹਾਂ-ਹੇ ਭਾਗਾਂ ਵਾਲੀ ਸੋਹਣੀਂ ਨੀਂਦ! ਤੂੰ ਮੇਰੇ ਕੋਲ ਆ ਸ਼ਾਇਦ ਤੇਰੇ ਰਾਹੀਂ ਹੀ ਮੈਂ ਆਪਣੇ ਖਸਮ ਪ੍ਰਭੂ ਦਾ ਦੀਦਾਰ ਕਰ ਸਕਾਂ। ਹੇ ਨਾਨਕ! ਪ੍ਰਭੂ–ਦਰ ਤੇ ਆਖ-ਹੇ ਮੇਰੇ ਮਾਲਕ! ਜੇ ਕੋਈ ਗੁਰਮੁਖਿ ਮੈਨੁੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕਿਹੜੀ ਭੇਟ ਧਰਾਂ। ਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ, ਭਾਵ, ਆਪਾ ਭਾਵ ਦੂਰ ਕਰ ਕੇ ਮੈਂ ਉਸ ਦੀ ਸੇਵਾ ਕਰਾਂ। ਜਦੋਂ ਸਾਡਾ ਪ੍ਰਭੂ-ਪਤੀ ਸਾਡੀ ਮੂਰਖਤਾ ਦੇ ਕਾਰਣ ਸਾਥੋਂ ਓਪਰਾ ਹੋ ਜਾਏ ਤਾਂ ਉਸ ਨੂੰ ਮੁੜ ਆਪਣਾ ਬਣਾਉਣ ਲਈ ਇਹੀ ਇੱਕ ਤਰੀਕਾ ਹੈ ਕਿ ਅਸੀਂ ਆਪਾ ਭਾਵ ਮਾਰ ਦੇਈਏ, ਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦੇਈਏ।੧।੩। 

Share post:

Subscribe

spot_imgspot_img

Popular

More like this
Related

ਮੇਲਾ ਮਾਘੀ ਦੌਰਾਨ ਮਿਲਿਆ ਲਾਪਤਾ ਬੱਚਾ

ਸ਼੍ਰੀ ਮੁਕਤਸਰ ਸਾਹਿਬ 22 ਜਨਵਰੀ                                                        ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ...

30 ਜਨਵਰੀ ਨੂੰ ਲੱਗੇਗਾ ਔਰਤਾਂ ਦੀ ਸਿਹਤ, ਸਫਾਈ, ਰੁਜਗਾਰ ਸਬੰਧੀ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ

ਮਾਲੇਰਕੋਟਲਾ 22 ਜਨਵਰੀ :                    ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਨਾਲ ਪੰਜਾਬ ਰਾਜ ਦੀਆਂ ਔਰਤਾਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣ ਲਈ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ਤੇ ਔਰਤਾਂ ਲਈ ਸਿਹਤ ਸਫਾਈ ਅਤੇ ਜਾਗਰੂਕਤਾ ਦਾ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕੈਂਪ ਦੀਆ ਤਿਆਰੀਆਂ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਔਰਤਾਂ/ਲੜਕੀਆਂ ਲਈ ਇਹ ਕੈਂਪ 30 ਜਨਵਰੀ ਨੂੰ ਪੰਜਾਬ ਉਰਦੂ ਅਕਾਦਮੀ ਵਿਖੇ ਆਯੋਜਤ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਅਨੂ ਰਤਨ, ਸਹਾਇਕ ਸਿਵਲ ਸਰਜਨ ਡਾ ਸਜੀਲਾ ਖ਼ਾਨ, ਰੋਜ਼ਗਾਰ ਅਫ਼ਸਰ ਜਤਿੰਦਰ ਨਾਥ ਸ਼ਰਮਾਂ, ਇੰਨਚਾਰਜ ਵਨ ਸਟਾਪ ਸੈਂਟਰ ਨਜ਼ੀਰ ਮੁਹੰਮਦ,ਤਰਿੰਦਰ ਕੁਮਾਰ,ਦਲਜੀਤ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਮੌਜੂਦ ਸਨ ।                        ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਕੈੰਪ ਮੌਕੇ ਸਿਹਤ ਵਿਭਾਗ ਵੱਲੋਂ ਇਸਤਰੀਆਂ ਦੇ ਮਾਹਿਰ...