ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (23 ਅਪ੍ਰੈਲ, 2024)

ਸੋਰਠਿ ਮਹਲਾ ੫ ॥
ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥ ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥ ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥ ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ  ਕਿਰਪਾਲਾ ॥ ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋੁਪਾਲਾ ॥੪॥੧੦॥
ਮੰਗਲਵਾਰ, ੧੧ ਵੈਸਾਖ (ਸੰਮਤ ੫੫੬ ਨਾਨਕਸ਼ਾਹੀ) ੨੩ ਅਪ੍ਰੈਲ, ੨੦੨੪   (ਅੰਗ: ੬੧੧)
ਸੋਰਠਿ ਮਹਲਾ ੫ ॥

ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ । ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ।੧। ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ । (ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ।ਰਹਾਉ। ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ), ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ । ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ ।੨। ਹੇ ਭਾਈ! ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਪ੍ਰਭੂ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ, ਉਸ (ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ ।੩। ਹੇ ਗੋਪਾਲ! ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ, (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ ।੪।੧੦।

[wpadcenter_ad id='4448' align='none']