ਬਠਿੰਡਾ, 20 ਜੂਨ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਚਲਾਈ ਜਾ ਰਹੀ ਨਰਮੇ ਦੀ ਕਾਸ਼ਤ ਦੀ ਸਫ਼ਲ ਮੁਹਿੰਮ ਤਹਿਤ ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਅੱਜ ਪਿੰਡ ਚੱਕ ਰਾਮ ਸਿੰਘ ਵਾਲਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਖੇਤੀਬਾੜੀ ਤੇ ਕਿਸਾਨ ਕਲਿਆਣ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿੱਚ 80 ਕਿਸਾਨਾਂ ਨੇ ਭਾਗ ਲਿਆ।
ਇਹ ਸਿਖਲਾਈ ਕੈਂਪ ਦਾ ਮੁੱਖ ਮਕਸਦ ਕਿਸਾਨਾਂ ਨੂੰ ਕੀੜੇ-ਮਕੌੜੇ ਤੇ ਬੀਮਾਰੀਆਂ ਦੀ ਅਗਾਊਂ ਰੋਕਥਾਮ ਜਾਗਰੂਕ ਕਰਨਾ ਸੀ। ਇਸ ਕੈਂਪ ਦੌਰਾਨ ਨਰਮੇ ਦੀ ਫ਼ਸਲ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪਸਾਰ ਮਾਹਿਰ ਡਾ. ਪ੍ਰਿਤਪਾਲ ਸਿੰਘ ਨੇ ਨਰਮੇ ਦੀ ਫਸਲ ਵਿੱਚ ਸਿੰਚਾਈ ਅਤੇ ਖਾਦਾਂ ਦੀ ਸਹੀ ਵਰਤੋਂ ਢੁੱਕਵੇ ਸਮੇਂ ਤੇ ਕਰਨ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਖਾਦਾਂ ਹੀ ਵਰਤਣ ਕਿਉਂਕਿ ਜ਼ਿਆਦਾ ਖਾਦਾਂ ਦੀ ਵਰਤੋਂ ਨਾਲ ਕੀੜੇ-ਮਕੌੜਿਆਂ ਦਾ ਹਮਲਾ ਵਧੇਰੇ ਹੁੰਦਾ ਹੈ।
ਜ਼ਿਲ੍ਹਾ ਪਸਾਰ ਡਾ. ਨਵਨੀਤ ਕੌਰ ਨੇ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਵਿੱਚ ਸੁਚੁੱਜੇ ਸਿੰਚਾਈ ਪ੍ਰਬੰਧ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਸ ਦੌਰਾਨ ਡਾ. ਵਿਨੈ ਸਿੰਘ ਨੇ ਕਿਸਾਨਾਂ ਨੂੰ ਅਗਾਊਂ ਸਚੇਤ ਕਰਦਿਆ ਕਿਹਾ ਕਿ ਕਿਸਾਨ ਕਿਸੇ ਵੀ ਕੀੜੇ-ਮਕੌੜੇ ਦੀ ਰੋਕਥਾਮ ਤੋਂ ਪਹਿਲਾ ਇਸ ਦਾ ਆਰਥਿਕ ਨੁਕਸਾਨ ਪੱਧਰ ਜ਼ਰੂਰ ਦੇਖਣ ਤੇ ਫ਼ਸਲ ਤੇ ਜ਼ਿਆਦਾ ਹਮਲੇ ਦੀ ਸੂਰਤ ਵਿੱਚ ਸੰਯੁਕਤ ਕੀਟ ਪ੍ਰਬੰਧਨ ਨੂੰ ਧਿਆਨ ਵਿੱਚ ਰੱਖਦਿਆ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਟਨਾਸ਼ਕਾਂ ਦੀ ਹੀ ਵਰਤੋਂ ਕਰਨ।
ਇਸ ਮੌਕੇ ਡਾ. ਗੁਰਮੀਤ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹਰ ਰੋਜ ਆਪਣੇ ਖੇਤਾਂ ਦਾ ਸਰਵੇਖਣ ਕਰਨ ਅਤੇ ਕਿਸੇ ਵੀ ਸਮੱਸਿਆ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਖੇਤੀਬਾੜੀ ਵਿਭਾਗ ਨਾਲ ਸਪੰਰਕ ਕਰਨ ਤੇ ਮਹਿਰਾਂ ਦੀ ਸਲਾਹ ਮੁਤਾਬਿਕ ਹੀ ਸਿਫਾਰਸ਼ ਜਹਿਰਾਂ ਦੀ ਵਰਤੋਂ ਕਰਨ।
ਇਸ ਮੌਕੇ ਖੇਤੀਬਾੜੀ ਅਫਸਰ ਨਾਥਾਣਾ ਡਾ. ਜਸਕਰਨ ਸਿੰਘ ਕੁਲਾਰ ਨੇ ਕਿਸਾਨਾਂ ਦੀ ਭਲਾਈ ਸਬੰਧੀ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ।