Sunday, January 19, 2025

ਪੰਜਾਬ ਸਰਕਾਰ ਵੱਲੋਂ ‘ਪਰਿਵਰਤਨ’ ਸਕੀਮ ਅਧੀਨ ਮੁਫ਼ਤ ਦਿੱਤੀ ਜਾਵੇਗੀ ਹੁਨਰ ਸਿਖਲਾਈ

Date:

• ਰੋਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਮੰਤਰੀ ਅਮਨ ਅਰੋੜਾ ਵੱਲੋਂ ‘ਪਰਿਵਰਤਨ’ ਸਕੀਮ ਦਾ ਆਗ਼ਾਜ਼

• 2100 ਵਿਦਿਆਰਥੀਆਂ ਨੂੰ ਚੋਣਵੇਂ ਸੱਤ ਕੋਰਸਾਂ ਲਈ ਦਿੱਤੀ ਜਾਵੇਗੀ ਸਿਖਲਾਈ

ਚੰਡੀਗੜ੍ਹ, 14 ਅਪ੍ਰੈਲ

ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸੋਚ ਤਹਿਤ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਨੌਕਰੀਆਂ ਦੇ ਯੋਗ ਬਣਾਉਣ ਲਈ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ‘ਪਰਿਵਰਤਨ’ ਸਕੀਮ ਦੀ ਸ਼ੁਰੂਆਤ ਕੀਤੀ। ਇਸ ਸਕੀਮ ਤਹਿਤ ਵਿਦਿਆਰਥੀਆਂ ਨੂੰ ਜ਼ਿਆਦਾ ਮੰਗ ਵਾਲੇ ਚੋਣਵੇਂ ਸੱਤ ਕੋਰਸਾਂ (ਜੌਬ ਰੋਲਜ਼) ਲਈ ਸਿਖਲਾਈ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਪਲਾਟ ਨੰਬਰ 1-15, ਸੈਕਟਰ-101, ਅਲਫ਼ਾ ਆਈ.ਟੀ. ਸਿਟੀ, ਐਸ.ਏ.ਐਸ. ਨਗਰ ਵਿਖੇ ਸਿਖਲਾਈ ਦੇਣ ਲਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਕੇਂਦਰ ਸਥਾਪਤ ਕੀਤਾ ਗਿਆ ਹੈ।
ਸਕੀਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਸ੍ਰੀ ਅਮਨ ਅਰੋੜਾ ਨੇ ਇਸ ਸੈਂਟਰ ਦਾ ਨਿਰੀਖਣ ਕੀਤਾ ਅਤੇ ਉਥੇ ਸਿਖਲਾਈ ਪ੍ਰਾਪਤ ਕਰ ਰਹੇ ਨੌਜਵਾਨਾਂ ਨਾਲ ਗੱਲਬਾਤ ਕੀਤੀ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਇਸ ਤਰ੍ਹਾਂ ਦੀਆਂ ਸਕੀਮਾਂ ਸਮੇਂ ਦੀ ਲੋੜ ਹਨ। ਉਨ੍ਹਾਂ ਕਿਹਾ ਕਿ ਇਹ ਉਦਯੋਗਾਂ ਨੂੰ ਹੁਨਰਮੰਦ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਵਿੱਚ ਵੀ ਸਹਾਈ ਸਿੱਧ ਹੋਵੇਗਾ।

ਡਾਇਰੈਕਟਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਨੌਜਵਾਨਾਂ ਨੂੰ ਸੱਤ ਸਿਖਲਾਈ ਕੋਰਸਾਂ ਵਿੱਚ ਸਿਖਲਾਈ ਦਿੱਤੀ ਜਾਵੇਗੀ, ਜਿਸ ਵਿੱਚ ਜਨਰਲ ਡਿਊਟੀ ਅਸਿਸਟੈਂਟ, ਮੈਡੀਕਲ ਲੈਬ ਟੈਕਨੀਸ਼ੀਅਨ, ਹਸਪਤਾਲ ਫਰੰਟ ਡੈਸਕ ਐਗਜ਼ੀਕਿਊਟਿਵ, ਰਿਟੇਲ ਸੇਲਜ਼ ਐਸੋਸੀਏਟ-ਕਮ-ਕੈਸ਼ੀਅਰ, ਅਕਾਊਂਟ ਐਗਜ਼ੀਕਿਊਟਿਵ, ਜੂਨੀਅਰ ਸਾਫਟਵੇਅਰ ਡਿਵੈੱਲਪਰ, ਸਰਚ ਇੰਜਣ ਮਾਰਕੀਟਿੰਗ ਐਗਜ਼ੀਕਿਊਟਿਵ ਸ਼ਾਮਲ ਹਨ।

ਇਸ ਸਕੀਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ 10ਵੀਂ ਅਤੇ 12ਵੀਂ ਪਾਸ (ਕੋਰਸ ਅਨੁਸਾਰ) ਵਿਦਿਆਰਥੀ ਇਸ ਸਕੀਮ ਅਧੀਨ ਆਪਣੇ ਆਪ ਨੂੰ ਰਜਿਸਟਰ ਅਤੇ ਸਰਟੀਫਾਈਡ ਕਰਵਾ ਸਕਦੇ ਹਨ। ਪੀ.ਐਸ.ਡੀ.ਐਮ. ਦੀ ਸੀ.ਐਸ.ਆਰ. ਸਕੀਮ ਤਹਿਤ ਸੂਬੇ ਭਰ ਦੇ 2100 ਵਿਦਿਆਰਥੀਆਂ ਨੂੰ ਇਹ ਸਿਖਲਾਈ ਮੁਫ਼ਤ ਦਿੱਤੀ ਜਾਵੇਗੀ। ਸਿਖਲਾਈ ਤੋਂ ਬਾਅਦ ਉਮੀਦਵਾਰਾਂ ਨੂੰ ਉਨ੍ਹਾਂ ਦੇ ਕੋਰਸ ਲਈ ਕੌਮੀ ਹੁਨਰ ਵਿਕਾਸ ਨਿਗਮ (ਐਨ.ਐਸ.ਡੀ.ਸੀ.) ਤਹਿਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਕੋਰਸ ਦਾ ਪਾਠਕ੍ਰਮ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ (ਐਨ.ਐਸ.ਕਿਊ.ਐਫ.) ਅਨੁਸਾਰ ਹੋਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਹੁਨਰ ਵਿਕਾਸ ਸਕੀਮਾਂ ਬਣਾਉਣ ਅਤੇ ਚਲਾਉਣ ਲਈ ਇਸ ਮਿਸ਼ਨ ਨੂੰ ਸਰਕਾਰ ਲਈ ਸੰਪਰਕ ਦਾ ਸਿੰਗਲ ਪੁਆਇੰਟ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ।

ਜ਼ਿਕਰਯੋਗ ਹੈ ਕਿ ਪਰਿਵਰਤਨ ਸਕੀਮ, ਜੋ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਐਚ.ਡੀ.ਐਫ.ਸੀ. ਬੈਂਕ ਲਿਮਟਿਡ ਦੀ ਇੱਕ ਪਹਿਲਕਦਮੀ ਹੈ, ਨੂੰ ਟਰੇਨਿੰਗ ਪਾਰਟਨਰ ਮੈਸਰਜ਼ ਓਰੀਅਨ ਐਜੂਕੇਸ਼ਨਲ ਸੁਸਾਇਟੀ ਰਾਹੀਂ ਲਾਗੂ ਕੀਤਾ ਜਾਵੇਗਾ।

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...